

26. ਇਮਤਿਹਾਨ
ਜਦੋਂ ਮੈਂ ਮਾਂਗੂ ਮੁਹੱਲੇ ਅੰਦਰ ਪ੍ਰਵੇਸ਼ ਕੀਤਾ ਤਾਂ ਮੁਹੱਲੇ ਵੱਲ ਜਾਂਦੀ ਪੱਕੀਆਂ ਇੱਟਾਂ ਦੀ ਗਲੀ ਕੰਢੇ, ਮੁਹੱਲੇ ਭਰ ਲਈ ਲਾਈ ਵਾਟਰ ਸਪਲਾਈ ਦੀ ਟੂਟੀ ਤੋਂ ਮੁਹੱਲੇ ਦੀਆਂ ਔਰਤਾਂ ਘੜਿਆਂ 'ਤੇ ਗਾਗਰਾਂ ਵਿਚ ਪਾਣੀ ਭਰਦੀਆਂ ਪਈਆਂ ਸਨ ਤੇ ਉਨ੍ਹਾਂ ਵਿਚਕਾਰ ਟੀ.ਵੀ. ’ਤੇ ਚਲਦੇ ਮਹਿਲਾ ਪ੍ਰਧਾਨ ਸੀਰੀਅਲਾਂ ਦੇ ਪਾਤਰਾਂ ਨੂੰ ਲੈ ਕੇ ਚਰਚਾ ਚਲਦੀ ਪਈ ਸੀ। ਉਸ ਦੀ ਕਹਾਣੀ ਵਿਚ ਕੀ ਮੋੜ ਆ ਸਕਦਾ ਹੈ ? ਫਲਾਂ ਕਰੈਕਟਰ ਨਾਲ ਕੀ ਹੋਵੇਗਾ? ਕੌਣ ਕਿਸ ਨੂੰ ਧੋਖਾ ਦੇਵੇਗਾ? ਕੌਣ ਕਿਸਦਾ ਸਾਥ? ਵਗੈਰਾ-ਵਗੈਰਾ। ਉਨ੍ਹਾਂ ਔਰਤਾਂ ਦੇ ਪਹਿਰਾਵੇ ਵਿਚ ਵੀ ਵਰਕ ਆ ਗਿਆ ਸੀ। ਕਈਆਂ ਨੇ ਨਵੇਂ ਫੈਸ਼ਨ ਵਾਲੇ ਰੈਡੀਮੇਡ ਸੂਟ ਵੀ ਪਾਏ ਹੋਏ ਸਨ। ਅਧਖੜ ਔਰਤਾਂ ਜੋ ਸ਼ਾਇਦ ਉਸ ਪਿੰਡ ਦੀਆਂ ਨੂੰਹਾਂ ਸਨ, ਉਨ੍ਹਾਂ ਨੇ ਦੁਪੱਟੇ ਨਾਲ ਸਿਰ ਢਕੇ ਹੋਏ ਸਨ। ਟੂਟੀ ਲਾਗਿਉਂ ਲੰਘਦਿਆਂ ਇਕ ਸਿਆਣੀ ਜਿਹੀ ਔਰਤ ਰੌਸ਼ਨੀ ਨੇ ਮੈਨੂੰ ਪਛਾਣ ਲਿਆ ਸੀ।
"ਮਾਸਟਰ ਜੀ, ਤੁਸਾਂ ਜੋ ਅੱਜ ਰਸਤਾ ਕੀਆਂ ਭੁੱਲੀਗੇ ਸਾਡੇ ਪਿੰਡੇ ਦਾ...।"
"ਬਸ ਜੀ, ਸਰਕਾਰ ਨੇ ਭੇਜਿਆ ਤੇ ਅਸੀਂ ਆ ਗਏ ਤੁਹਾਡੇ ਪਿੰਡ ਦੀ ਮਰਦਮਸ਼ੁਮਾਰੀ ਕਰਨ। ਹੋਰ ਸੁਣਾਉ ਬਾਂਕੇ ਦਾ ਕੀ ਹਾਲ ਹੈ।"
"ਇਕਦਮ ਖ਼ਰਾ ਜੀ। ਮੌਜਾਂ ਵਿਚ ਐ, ਚਾਰ ਨਿਆਣੇ ਨੇ। ਦੋ ਮੁੰਡ ਤੇ ਦੋ ਕੁੜੀਆਂ। ਦੇ ਤਾਂ ਬਿਆਹੀ ਵੀ ਦਿੱਤੇ, ਦੋ ਅਜੇ ਬਿਆਹੁਣ ਵਾਲੇ।" ਚਲੋ, ਘਰ ਵਸ ਗਿਆ ਉਸਦਾ। ਇਹ ਸੋਚ ਕੇ ਮੈਨੂੰ ਤਸੱਲੀ ਹੋਈ ਸੀ।
"ਚਲੋ ਫਿਰੀ ਚਾਅ ਪਾਣੀ ਪੀਗੋ ਚਲੀ ਕੇ।" ਰੌਸ਼ਨੀ ਉੱਥੋਂ ਉਠ ਕੇ ਮੇਰੇ ਨਾਲ ਚਲਦੀ ਹੋਈ, ਆਪਣੇ ਘਰ ਆ ਗਈ ਸੀ।
ਘਰ ਦੀਆਂ ਕੰਧਾਂ ਹੁਣ ਪੱਕੀਆਂ ਸਨ। ਪਰ ਛੱਤਾਂ ਅਜੇ ਟੀਨਾਂ 'ਤੇ ਸਲੇਟਾਂ ਦੀਆਂ ਹੀ ਸਨ। ਮੇਰੀ ਇੱਛਾ ਤੇ ਉਸ ਨੇ ਵਿਹੜੇ ਵਿਚ ਮੇਜ ਕੁਰਸੀ ਰੱਖ ਦਿੱਤੀ ਸੀ ਤੇ ਫਾਰਮ ਭਰਾਉਣ ਵਾਲਿਆਂ ਲਈ ਮੰਜੀ ਵਿਛਾ ਦਿੱਤੀ ਸੀ। ਹਰੇਕ ਘਰ ਦਾ ਇੱਕ-ਇੱਕ ਮੈਂਬਰ ਬੁਲਾਕੇ ਫਾਰਮ ਭਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਉਹੀ ਵਿਹੜਾ ਸੀ, ਜਿੱਥੇ ਵੀਹ ਕੁ ਸਾਲ ਪਹਿਲਾਂ ਰੋਸ਼ਨੀ ਨੇ ਆਪਣੀ ਦਿਉਰਾਣੀ ਨਾਲ ਇਕੱਠਿਆਂ ਗਿੱਧਾ ਪਾ ਕੇ ਪਿੰਡ ਦੀਆਂ ਔਰਤਾਂ ਨੂੰ ਦੰਦਾਂ ਹੇਠ ਉਂਗਲੀਆਂ ਦਬਾਉਣ ਲਈ ਮਜ਼ਬੂਰ ਕਰ ਦਿੱਤਾ ਸੀ। ਉਨ੍ਹਾਂ ਨੂੰ ਇਸ ਚਮਤਕਾਰ ਤੇ ਵਿਸ਼ਵਾਸ ਹੀ ਨਹੀਂ ਸੀ ਹੁੰਦਾ ਪਿਆ। ਉਨ੍ਹਾਂ ਦੀਆਂ ਅੱਖਾਂ ਦੀ ਕਿਰਕਿਰੀ ਬਣੀ ਰੌਸ਼ਨੀ ਅਚਾਨਕ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਬਣ ਗਈ ਸੀ। ਕੱਲ੍ਹ ਤਾਈਂ ਜਿਸਨੂੰ ਪਿੰਡ ਦੀ ਸਭ ਤੋਂ ਬੁਰੀ ਔਰਤ ਮੰਨਿਆ ਜਾ ਰਿਹਾ ਸੀ, ਅੱਜ ਉਹੀ ਲੋਕ ਉਸ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਨਹੀਂ ਸਨ ਥਕਦੇ ।