Back ArrowLogo
Info
Profile

ਨੂੰ ਫੁਰਤੀ ਨਾਲ ਬਾਹਰ ਕੱਢਦੇ, ਫਿਰ ਫੁੱਲੀ ਰੋਟੀ ਤੇ ਪੋਲਾ ਜਿਹਾ ਹੱਥ ਮਾਰ, ਉਸ ਦੀ ਗਰਮ ਭਾਫ਼ ਬਾਹਰ ਕੱਢ ਕੇ ਛੜੋਲੀ ਵਿਚ ਰੱਖਦਿਆਂ ਇਹ ਸਭ ਉਹ ਬੜੀ ਗੋਰ ਨਾਲ ਵੇਖਦਾ ਪਿਆ ਸੀ।

"ਪਾਣੀਏ ਦਾ ਹੋਰ ਫੇਰਾ ਨੀ ਲੈਣਾ?" ਰੌਸ਼ਨੀ ਨੇ ਬੋਲਿਆ ਹੋਇਆ ਫੁਲਕਾ ਤੱਤੇ ਤਵੇ ਤੇ ਰਖਦਿਆਂ ਪੁੱਛਿਆ ਸੀ। ਬਾਂਕਾ ਚੁੱਪ ਰਿਹਾ।

"ਕੋਹੜੀਆ ਸੋਚਾਂ 'ਚ ਪਈ ਗਿਆ ਬਾਂਕਿਆ, ਮੈਂ ਗਲਾਇਆ, ਹੋਰ ਫੇਰਾ ਨੀ ਲੈਣਾ ਖੂਹੇ ਦਾ।" ਰੌਸ਼ਨੀ ਨੇ ਆਪਣਾ ਸਵਾਲ ਦੁਹਰਾਇਆ ਸੀ।

"ਭਾਬੀਏ, ਸੋਚਾ ਨਾ ਤੂੰ ਕਧਾੜੀ ਤਾਈ ਮੇਰੇ ਲਈ ਆਪਣੇ ਹੱਥ ਸਾੜਦੀ ਰੇਹਗੀ। ਉਣ ਲਈ ਆ ਜੇਹੜੀ ਤੇਰੇ ਕੰਮੇ ਬਿਚ ਹੱਥ ਵੰਡਾਵੇ।"

ਅਚਾਨਕ ਬਾਂਕੇ ਮੂੰਹੋਂ ਇਹੋ ਜਿਹੀ ਗੱਲ ਸੁਣਕੇ ਰੋਸ਼ਨੀ ਫਿਕਰਮੰਦ ਹੋ ਗਈ ਸੀ। ਉਸ ਨੇ ਝੱਟ ਮਹਿਸੂਸ ਕਰ ਲਿਆ ਸੀ ਕਿ ਖੂਹੋ ਗਿਆ ਕਿਸੇ ਨੇ ਜ਼ਰੂਰ ਹੀ ਬਾਂਕੇ ਨੂੰ ਟਿੱਚਰ ਕੀਤੀ ਐ। ਉਸ ਨੇ ਤੁਰੰਤ ਉੱਤਰ ਦਿੱਤਾ, "ਬਾਂਕਿਆ, ਮੈਂ ਤਾਂ ਆਪ ਹੀ ਕਾਹਲੀ ਆਂ ਪਰ ਕੋਈ ਮਤਲਬੇ ਦਾ ਸਾਕ ਨੀ ਜੁੜਦਾ ਅੜਿਆ। ਮੇਰੂ ਨੂੰ ਬੀ ਠੋਕ ਵਜਾਈ ਕੇ ਖੂੰਡੇ ਬੰਨ੍ਹੀ ਦਾ, ਫਿਰੀ ਏਹ ਤਾਂ ਤੇਰਾ ਉਮਰੇ ਭਰ ਦਾ ਸੌਦਾ।"

"ਤੂੰ ਠੀਕ ਗਲਾਨੀ ਐ ਭਾਬੀਏ, ਪਰ ਮਿੱਜੇ ਲਗਦਾ, ਉਣ ਏਸ ਕੰਮੇ ਨੂੰ ਛੇੜ ਕਰੀ ਲੈਣੀ ਚਾਹੀਦੀ, ਤਿੱਜੇ ਪਤਾ ਨੀ ਸਾਡੇ ਬਾਰੇ ਲੋਕੀ ਉਣ ਕੀਆਂ- ਕੀਆਂ ਦੀਆਂ ਗੱਲਾਂ ਕਰਨ ਲੱਗੀ ਪੇ ਨੇ। ਮੈਤ ਨੀ ਸੁਣ ਹੁੰਦੀਆਂ ਤੇ ਨਾ ਬਰਦਾਸ਼ਤ ਹੁੰਦੀਆਂ। ਮੇਤੋਂ ਬੀ ਕੁਝ ਗਲਾਈ ਹੋਈ ਗਿਆ ਤਾਂ ਬਖੇੜਾ ਖੜਾ ਹੋਈ ਜਾਗ। ਹਾਂ ਦੱਸੀ ਤਾਂ ਮੈਂ ਬੀ ਫਿਰੀ ਨਾ ਗਲਾਈ।" ਬਾਂਕਾ ਸੱਚਮੁੱਚ ਹੀ ਖੂਹ ਤੇ ਹੋਏ ਮਜ਼ਾਕ ਦੇ ਪ੍ਰਭਾਵ ਸਦਕਾ ਕਹਿ ਗਿਆ ਸੀ।

"ਲੋਕਾਂ ਦਾ ਮੂੰਹ ਨੀ ਫੜ ਹੁੰਦਾ ਬਾਂਕਿਆ, ਤਲਵਾਰ ਨੂੰ ਇਕ ਪਾਸੇ ਧਾਰ ਹੁੰਦੀ ਐ ਤੇ ਦੁਨੀਆਂ ਦੀ ਜ਼ੁਬਾਨ ਨੂੰ ਦੋਹਾਂ ਪਾਸਿਉਂ। ਚੰਗੇ ਨੂੰ ਮਾੜਾ ਦੱਸੀ ਜਾਣਾ, ਜ਼ਮਾਨੇ ਦੀ ਰੀਤ ਐ ਭਲਿਆ।" ਬਾਂਕੇ ਨੂੰ ਸਮਝਾਉਂਦੀ ਰੋਸ਼ਨੀ ਆਪ ਵੀ ਅੰਦਰੋ-ਅੰਦਰੀ ਪਰੇਸ਼ਾਨ ਹੋ ਗਈ ਸੀ। ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਹੁਣ ਉਹ ਇਸ ਕੰਮ ਨੂੰ ਹੋਰ ਦੇਰ ਨਹੀਂ ਲਾਵੇਗੀ ਤੇ ਲੋਕਾਂ ਦੀ ਜ਼ੁਬਾਨ ਹਮੇਸ਼ਾ ਲਈ ਬੰਦ ਕਰ ਦੇਵੇਗੀ।

ਪਿੰਡ ਵਿਚ ਇਕ ਹੈਲਥ ਸੈਂਟਰ ਸੀ। ਉੱਥੇ ਰੁਜ਼ਾਨਾ ਸ਼ਹਿਰੋਂ ਡਿਊਟੀ ਤੇ ਆਉਣ ਵਾਲੀ ਸੁਮਿਤਰਾ ਨਾਲ ਰੋਸ਼ਨੀ ਦੀ ਕਾਫ਼ੀ ਸਾਂਝ ਬਣ ਗਈ ਸੀ। ਦੋਹਾਂ ਵਿਚ ਕਾਫ਼ੀ ਨੇੜਤਾ ਹੋ ਗਈ ਸੀ। ਸੁਮਿਤਰਾ ਦਸੂਹੇ ਤੋਂ ਲਗਭਗ ਡੇਢ ਘੰਟੇ ਦਾ ਸਫ਼ਰ ਬਸ ਰਾਹੀਂ ਕਰਕੇ ਰੋਜ਼ ਪੁਜਦੀ ਸੀ। ਇਸ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਪੈਂਦੇ ਪਹਾੜੀ ਪਿੰਡ ਵਿਚ ਰੋਸ਼ਨੀ ਦੇ ਕਹਿਣ ਤੇ ਉਸ ਨੇ ਬਾਂਕੇ ਦੇ ਰਿਸ਼ਤੇ ਦੇ ਗੱਲ ਚਲਾਈ। ਜਨਮ ਕੁੰਡਲੀਆਂ ਦਾ ਮਿਲਾਨ ਹੋਇਆ। ਵੇਖ- ਵਖਾਈ ਦੀ ਰਸਮ ਹੋਈ। ਦਸ ਜਮਾਤ ਪਾਸ ਨਿੰਮੀ ਦੇ ਰੂਪ ਤੇ ਲੋਟੂ ਹੋ ਗਿਆ ਸੀ ਬਾਂਕਾ।

194 / 239
Previous
Next