ਵਰਤਦੇ। ਕਈ ਮੂੰਹ ਫਟ ਔਰਤਾਂ ਤਾਂ ਪਿੱਠ ਪਿੱਛੇ ਹੀ ਨਹੀਂ, ਰੌਸ਼ਨੀ ਦੇ ਮੂੰਹ ਤੇ ਵੀ ਕਟਾਖਸ਼ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿੰਦੀਆਂ।
"ਮਿੱਜੋ ਤਾਂ ਪੈਲੇ ਈ ਪਤਾ ਹਾ, ਇੰਨੀ ਲੋਕਾ ਲਾਜੇ ਨੂੰ ਦਿਉਰ ਬਿਔਣਾ, ਇੰਨੀ ਕੁੱਥੇ ਬਸਣ ਦੇਣਾ ਹਾ ਬਾਕੇ ਦਾ ਘਰ।"
"ਬਾਕੇ ਨੂੰ ਨਾ ਘਰੇ ਦਾ ਛੱਡਿਆ ਨਾ ਘਾਟੇ ਦਾ। ਸਾਰੀ ਜ਼ਮੀਨ ਜੋ ਆਪਣੇ ਨੇਂਅ ਲੁਆਣੀ ਹੀ ਦਿਉਰੇ ਨੂੰ ਛੜਾ ਰੱਖੀ ਕੇ।"
"ਬਈ ਦੋ-ਦੋ ਜਾ ਚਸਕਾ ਬੁਰਾ ਹੁੰਦਾ। ਕੁਝ ਬੀ ਕਰਾਈ ਸਕਦਾ ਬੰਦੇ
"ਦਿੱਖੀ ਲੈਗੋ ਕਲਜੁਗੇ ਦੇ ਸੀਤਾ ਲਛਮਣੇ ਦਾ ਹਾਲ।"
ਅਜਿਹੇ ਬੋਲ ਜਦੋਂ ਰੋਸ਼ਨੀ ਦੇ ਕੰਨਾਂ ਵਿਚ ਪੈਂਦੇ ਤਾਂ ਉਹ ਤੜਫ਼ ਉਠਦੀ। ਉਸ ਦਾ ਕਾਲਜਾ ਚੀਰਿਆ ਜਾਂਦਾ। ਉਸ ਦਾ ਦਿਲ ਕਰਦਾ ਕਿ ਉਹ ਇਨ੍ਹਾਂ ਔਰਤਾਂ ਦਾ ਮੂੰਹ ਭਰੂਈ ਸੁੱਟੇ ਤੇ ਕੋਠੇ ਤੇ ਖੜ੍ਹੀ ਹੋ ਕੇ ਚੀਕ-ਚੀਕ ਕੇ ਕਹੇ ਕਿ ਉਹ ਨਿਰਦੇਸ਼ ਹੈ, ਉਸ ਨੂੰ ਕਿਸੇ ਦੀ ਜ਼ਮੀਨ ਜਾਇਦਾਦ ਦਾ ਕੋਈ ਲਾਲਚ ਨਹੀਂ ਹੈ। ਉਹ ਤਾਂ ਆਪਣੇ ਪਤੀ ਤੇ ਬੱਚਿਆਂ ਨਾਲ ਖ਼ੁਸ਼ ਹੈ। ਬਾਂਕਾ ਵੀ ਉਸ ਦੇ ਬੱਚਿਆਂ ਵਰਗਾ ਹੈ ਪਰ ਉਹ ਕਿਸ-ਕਿਸ ਅੱਗੇ ਸਫ਼ਾਈ ਦਿੰਦੀ। ਕਿਸ-ਕਿਸ ਨੂੰ ਸਮਝਾਉਂਦੀ।
ਉਧਰ ਬਾਂਕਾ ਚੁਬਾਰੇ ਤੇ ਬਣੇ ਆਪਣੇ ਕਮਰੇ ਅੰਦਰ ਪਿਆ ਰਹਿੰਦਾ। ਸ਼ਰਮ ਦਾ ਮਾਰਾ ਘਰੋਂ ਬਾਹਰ ਨਾ ਨਿਕਲਦਾ। ਰੋਸ਼ਨੀ ਡਰਦੀ ਸੀ। ਮਯੂਸੀ ਤੇ ਸ਼ਰਮ ਦਾ ਮਾਰਾ ਬਾਂਕਾ ਕੁਝ ਪੁੱਠਾ-ਸਿੱਧਾ ਕਦਮ ਨਾ ਚੁੱਕੀ ਬੈਠੇ। ਰੌਸ਼ਨੀ ਦਾ ਤਾਂ ਪਲ-ਪਲ ਕੰਡਿਆਲੀ ਸੇਜ ਤੇ ਲੰਘ ਰਿਹਾ ਸੀ। ਬਸ ਇਕ ਡਾਕਟਰ ਦੀ ਦਵਾਈ ਤੇ ਟੇਕ ਸੀ। ਉਂਜ ਦਵਾਈ ਦੇ ਨਾਲ-ਨਾਲ ਰੌਸ਼ਨੀ, ਬਾਂਕੇ ਦੀ ਖ਼ੁਰਾਕ ਤੇ ਵੀ ਖ਼ਾਸ ਧਿਆਨ ਦਿੰਦੀ ਪਈ ਸੀ। ਉਹ ਲੋਕਾਂ ਤੋਂ ਸੁਣੀ ਤੇ ਪੜ੍ਹੀ ਉਹ ਸਾਰੀਆਂ ਚੀਜ਼ਾਂ, ਜਿਨ੍ਹਾਂ ਨਾਲ 'ਗੁਆਚੀ ਤਾਕਤ' ਵਾਪਿਸ ਆ ਜਾਂਦੀ ਹੈ ਬਾਂਕੇ ਨੂੰ ਦਿੰਦੀ ਪਈ ਸੀ। ਉਸ ਨੇ ਕਈ ਦੇਵੀ-ਦੇਵਤਿਆਂ ਅੱਗੇ ਸੁੱਖਣਾ ਸੁੱਖ ਲਈ ਸੀ। ਇਕ ਵਾਰ ਬਾਂਕਾ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ ਤੇ ਉਸ ਦੇ ਦਾਮਨ ਤੇ ਲੱਗਾ ਦਾਗ਼ ਮਿਟ ਜਾਵੇ। ਉਹ ਬਾਂਕੇ ਤੇ ਨਿੰਮੀ ਨੂੰ ਨਾਲ ਲੈ ਕੇ ਭਦਾੜੀ ਭਰਗੀ।
ਪੰਦਰਾਂ ਦਿਨਾਂ ਮਗਰ ਡਾਕਟਰ ਨੇ ਬਾਂਕੇ ਨੂੰ ਚੇਕ ਕੀਤਾ। ਉਹ ਦਵਾਈ ਦੇ ਅਸਰ ਤੋਂ ਸੰਤੁਸ਼ਟ ਸੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਇਸੇ ਰਫ਼ਤਾਰ ਨਾਲ ਦਵਾਈ ਅਸਰ ਕਰਦੀ ਗਈ ਤਾਂ ਹੋਰ ਹਫ਼ਤੇ ਵਿਚ ਹੀ ਬਾਂਕਾ ਸਚਮੁੱਚ ਦਾ ਬਾਂਕਾ ਜਵਾਨ ਬਣ ਜਾਵੇਗਾ। ਡਾਕਟਰ ਨੇ ਦਵਾਈ ਦੇ ਨਾਲ- ਨਾਲ ਬਾਂਕੇ ਦਾ ਮਨੋਬਲ ਵੀ ਵਧਾਇਆ ਸੀ। ਉਸ ਵਿਚ ਆਤਮ-ਵਿਸ਼ਵਾਸ ਭਰਿਆ ਸੀ। ਡਾਕਟਰ ਸਮਝਦਾ ਸੀ ਇਹ ਕਮੀ, ਸਰੀਰਕ ਘੱਟ ਤੇ ਮਾਨਸਿਕ ਰੂਪ ਤੇ ਵੱਧ ਹੁੰਦੀ ਹੈ। ਇਸ ਲਈ ਰੋਗੀ ਨੂੰ ਮਾਨਸਿਕ ਤੌਰ 'ਤੇ ਚੜ੍ਹਦੀ ਕਲਾ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ।