ਇੰਜ ਹੀ ਡਾਕਟਰ ਦੀ ਸਲਾਹ ਮੰਨਦਿਆਂ ਉਸ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਦਿਆਂ ਪੰਦਰਾਂ ਦਿਨ ਹੋਰ ਲੰਘ ਗਏ ਸਨ। ਅਗਲੇ ਪੰਦਰਾਂ ਦਿਨਾਂ ਮਗਰੋਂ ਡਾਕਟਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਿਦਾ ਕੀਤਾ ਸੀ।
"ਦੇਖੋ, ਲੰਬਰੇਟਰੀ ਦੇ ਸਾਰੇ ਟੈਸਟ ਮੈਂ ਕਰ ਲਏ ਨੇ। ਬਾਂਕਾ ਹੁਣ ਇਕਦਮ ਤੰਦਰੁਸਤ ਹੈ। ਫਿਟ ਹੈ। ਦਿਮਾਗ 'ਚੋਂ ਹਰ ਕਿਸਮ ਦਾ ਵਹਿਮ ਕੱਢ ਦਿਉ। ਹੁਣ ਇਸ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ। ਫਿਰ ਵੀ ਦਸ ਕੁ ਦਿਨ ਹੋਰ ਚਲਣ ਦਿਉ, ਇਸਦਾ ਫ਼ਾਇਦਾ ਹੀ ਹੋਵੇਗਾ। ਨੁਕਸਾਨ ਨਹੀਂ। ਫਿਰ ਡਾਕਟਰ ਨੇ ਵਿਸ਼ੇਸ਼ ਤੌਰ ਤੇ ਰੌਸ਼ਨੀ ਵੱਲ ਮੁਖਾਤਬ ਹੁੰਦਿਆਂ ਕਿਹਾ ਸੀ, "ਤੁਸੀਂ ਇਸ ਦਾ ਮਨੋਬਲ ਵਧਾਓ। ਇਕ ਔਰਤ ਹੋਣ ਦੇ ਨਾਤੇ ਤੁਸੀਂ ਬਾਬੇ ਲਈ ਬਹੁਤ ਕੁਝ ਕਰ ਸਕਦੇ ਹੋ। ਇਕ ਨਵਾਂ ਆਤਮ-ਵਿਸ਼ਵਾਸ ਪੈਦਾ ਕਰ ਸਕਦੇ ਹੋ। ਇਹ ਕੰਮ ਇਕ ਔਰਤ ਹੀ ਕਰ ਸਕਦੀ ਹੈ, ਕੋਈ ਮਰਦ ਨਹੀਂ।"
ਪਰ ਜਿਵੇਂ-ਜਿਵੇਂ ਨਿੰਮੀ ਦੇ ਆਉਣ ਦਾ ਦਿਨ ਨੇੜੇ ਆਉਂਦਾ ਪਿਆ ਸੀ, ਰੌਸ਼ਨੀ ਦੇ ਦਿਲ ਤੇ ਚਿੰਤਾ ਦੇ ਬੱਦਲ ਹੋਰ ਸੰਘਣੇ ਹੁੰਦੇ ਜਾਂਦੇ ਸਨ। ਮੁੱਠੀ 'ਚੋਂ ਕਿਰਦੀ ਰੇਤ ਵਾਂਗ ਗਿਣਤੀ ਦੇ ਦਿਨ ਝਟ ਲੰਘ ਗਏ ਸਨ। ਇਸ ਕਸ਼ਮਕਸ਼ ਵਿਚ ਚਾਲੀਵਾਂ ਦਿਨ ਆ ਗਿਆ ਸੀ। ਰੌਸ਼ਨੀ ਨੂੰ ਇੰਜ ਲਗਦਾ ਸੀ ਕਿ ਇਹ ਇਮਤਿਹਾਨ ਬਾਂਕੇ ਦਾ ਨਹੀਂ ਸਗੋਂ ਉਸ ਦਾ ਹੈ।
ਦੂਸਰੇ ਦਿਨ ਨਿੰਮੀ ਨੇ ਆਉਣਾ ਸੀ। ਅੱਧੀ ਰਾਤ ਲੰਘ ਗਈ ਸੀ। ਰੌਸ਼ਨੀ ਨੂੰ ਇਕੋ ਚਿੰਤਾ ਸਤਾਈ ਜਾਂਦੀ ਸੀ, ਜੇ ਕਿਧਰੇ ਡਾਕਟਰ ਦਾ ਦਾਵਾ ਗਲਤ ਸਾਬਿਤ ਹੋ ਗਿਆ ਤਾਂ ਉਹ ਕਿਸੇ ਨੂੰ ਵੀ ਮੂੰਹ ਵਿਖਾਉਣ ਜੋਗੀ ਨਹੀਂ ਰਹੇਗੀ। ਲੋਕਾਂ ਦੀਆਂ ਨਜ਼ਰਾਂ ਵਿਚ ਉਹ ਹਮੇਸ਼ਾ-ਹਮੇਸ਼ਾ ਲਈ ਡਿੱਗ ਜਾਵੇਗੀ।
ਜਦੋਂ ਸੂਬੇ ਦੇ ਕੰਨੀਂ ਇਹ ਭਿਣਕ ਪਏਗੀ ਤਾਂ ਉਹ ਲਾਈਲੱਗ ਉਸ ਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ। ਮਰਦ ਉਦਾਂ ਵੀ ਹੁੰਦੇ ਈ ਸ਼ੱਕੀ ਸੁਭਾਅ ਦੇ ਨੇ। ਬਿਨ ਕੀਤੇ ਗੁਨਾਹ ਦੇ ਅਪਰਾਧ ਬੋਧ ਨੇ ਉਸ ਨੂੰ ਜਕੜ ਲਿਆ ਸੀ। ਬੇਸ਼ੱਕ ਉਸ ਨੇ ਬਾਂਕੇ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ, ਪਰ ਉਹ ਕਿਸੇ ਵੀ ਕੀਮਤ ਤੇ ਆਪਣੇ ਮੱਥੇ ਤੋਂ ਇਹ ਕਲੰਕ ਮਿਟਾ ਦੇਣਾ ਚਾਹੁੰਦੀ ਸੀ।
ਬਾਂਕਾ ਉਸ ਦੀ ਬਹੁਤ ਇੱਜ਼ਤ ਕਰਦਾ ਸੀ। ਰਾਤ ਦੀ ਰੋਟੀ ਖਾ ਕੇ ਉਹ ਚੁਬਾਰੇ ਤੇ ਪਿਆ ਰਹਿੰਦਾ। ਦਿਉਰ ਭਾਬੀ ਦਾ ਮਜ਼ਾਕ ਵੀ ਚਲਦਾ ਸੀ ਪਰ ਇਕ ਸੀਮਾ ਦੇ ਅੰਦਰ-ਅੰਦਰ। ਪਾਕ ਰਿਸ਼ਤੇ ਦੀ ਕੰਧ ਨੂੰ ਟੱਪਣ ਦਾ ਖ਼ਿਆਲ ਉਨ੍ਹਾਂ ਦੇ ਕਦੇ ਚਿੱਤ ਚੇਤੇ ਵੀ ਨਹੀਂ ਸੀ ਆਇਆ। ਇੰਨਾ ਸਭ ਹੋਣ ਦੇ ਬਾਵਜੂਦ ਪਿੰਡ ਆਲਿਆਂ ਨੇ ਉਨ੍ਹਾਂ ਦੇ ਪਵਿੱਤਰ ਰਿਸ਼ਤੇ ਤੇ ਵੀ ਨਜਾਇਜ਼ ਦੀ ਮੋਹਰ ਲਾ ਦਿੱਤੀ ਸੀ। ਇਹੋ ਗੱਲ ਰੌਸ਼ਨੀ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਈ ਸੀ।
ਇਹ ਸੋਚ ਕੇ ਉਸ ਦਾ ਦਿਲ, ਭੂਚਾਲ ਵਿਚ ਧਰਤੀ ਵਾਂਗ ਥਰਥਰਾ ਜਾਂਦਾ ਸੀ। ਉਸ ਨੂੰ ਲਗਦਾ, ਨਿੰਮੀ ਇਕ ਵਾਰੀ ਫਿਰ ਉਸ ਦਾ ਮਜ਼ਾਕ ਉਡਾ