ਰੋਟੀ। ਪਾਣੀ ਲਗਾਤਾਰ ਵਰਤਾਈ ਜਾਗੋ। ਕਈ ਵਾਰੀਆ ਗ੍ਰਾਹ ਲੱਗੀ ਜਾਂਦਾ ਖਾਣ ਆਲੇ ਨੂੰ। ਜੂਠ ਬਿਲਕੁਲ ਨੀ ਛੱਡਣੀ। ਐਨ ਦੀ ਬੇਕਦਰੀ ਹੁੰਦੀ। ਜਿੰਨੀ ਭੁੱਖ ਉਨੀ ਮੰਗੋ। ਖਾਦਿਆਂ ਗੱਲਾਂ ਨੀ ਕਰਨੀਆਂ।"
ਰੋਟੀ ਮਗਰੋਂ ਸਾਰਿਆਂ ਨੂੰ ਚਾਹ ਦਾ ਕੱਪ-ਕੱਪ ਵਰਤਾ ਕੇ, ਬਰਤਨ ਸਾਫ਼ ਕਰਾ ਕੇ ਰਕਸ਼ਾ ਜਾਣ ਲੱਗੀ ਤਾਂ ਉਸ ਨੇ ਸ਼ਰਮਾ ਜੀ ਤੋਂ ਅਗਲੇ ਦਿਨ ਦਾ ਮੀਨੂੰ ਪੁੱਛਿਆ ਸੀ। ਨਾਲੇ ਕਿਹਾ, "ਸਾਬ੍ਹ ਜੀ, ਮੁੰਡਿਆਂ ਨੂੰ ਗਲਾਈ ਦੇਗੇ, ਸਵੇਰੇ ਜਲਦੀ ਖੂਹ ਤੇ ਨਹਾ ਧੋ ਲੈਣ। ਫਿਰੀ ਭੀੜ ਬੀ ਹੋਈ ਜਾਂਦੀ ਤੇ ਪਿੰਡ ਦੀਆਂ ਧੀਆਂ-ਭੈਣਾਂ ਵੀ ਆਉਂਦੀਆਂ ਪਾਣੀ ਲੈਣ। ਇਹ ਛੋਕਰ ਪਾਧਾ ਕੋਈ ਸ਼ਰਾਰਤ ਬੀ ਕਰੀ ਸਕਦਾ। ਜ਼ਰਾ ਸਖ਼ਤੀ ਰੱਖਣੀ। ਆਖ਼ਰ ਜ਼ਿੰਮੇਦਾਰੀ ਆਲੀ ਗੱਲ ਐ। ਪਾਣੀ ਦੀ ਕਿੱਲਤ ਐ। ਮਤੇ ਜਨਿਆਂ ਦਾ ਖੂਹੇ ਤੇ ਕੱਠਿਆਂ ਹੋਣਾ ਬੀ ਠੀਕ ਨੀ।" ਸ਼ਰਮਾ ਜੀ ਨੂੰ ਰਕਸ਼ਾ ਦੀ ਗੱਲ ਜਚ ਗਈ ਸੀ।
"ਇਹ ਤਾਂ ਤੂੰ ਕਮਾਲ ਹੀ ਕਰ ਦਿੱਤੀ ਹੈ ਰਕਸ਼ਾ ਚਲ ਹੁਣ ਤੂੰ ਵੀ ਰੋਟੀ ਖਾ ਲੈ।" ਸ਼ਰਮਾ ਜੀ ਨੇ ਕਿਹਾ।
"ਨੀ ਸਾਬ੍ਹ ਜੀ, ਮੈਂ ਘਰ ਈ ਜਾਈ ਖਾਂਗੀ, ਕਲ੍ਹ ਦਾ ਮੀਨੂ ਦੱਸੀ ਦੇਗੋ। ਉਥੇ ਹਸਾਬ ਨਾਲ ਈ ਤਿਆਰੀ ਕਰੀਕੇ ਜਾਂਗੀ ਨਾ।" ਸ਼ਰਮਾ ਜੀ ਦੇ ਵਾਰ- ਵਾਰ ਕਹਿਣ 'ਤੇ ਵੀ ਰਕਸ਼ਾ ਨੇ ਕੈਂਪ ਦੀ ਰੋਟੀ ਨਹੀਂ ਖਾਧੀ। ਦੂਸਰੇ ਦਿਨ ਦਾ ਸਾਮਾਨ ਅਲੱਗ ਰਖਾ ਕੇ ਮੁੰਡਿਆਂ ਨੂੰ ਸਬਜ਼ੀ ਆਦਿ ਕੱਟ ਲੈਣ ਤੇ ਪਾਣੀ ਭਰ ਲੈਣ ਦੀਆਂ ਹਿਦਾਇਤਾ ਜਾਰੀ ਕਰਕੇ ਉਹ ਘਰ ਨੂੰ ਚੱਲ ਪਈ ਸੀ।
"ਰਕਸ਼ਾ, ਹੁਣ ਇਨੇ ਹਨੇਰੇ 'ਚ ਤੂੰ ਇਕੱਲੀ ਨੇ ਕਿੱਦਾਂ ਜਾਣਾ, ਮੈਂ ਤੈਨੂੰ ਛੱਡ ਆਉਣਾ ਜਾਂ ਕਿਸੇ ਨੂੰ ਨਾਲ ਭੇਜ ਦਿੰਦਾ ਹਾਂ।" ਸ਼ਰਮਾ ਜੀ ਨੇ ਮੱਦਦ ਕਰਨੀ ਚਾਹੀ ਪਰ ਰਕਸ਼ਾ ਬੋਲ ਪਈ।
"ਨੀ ਸਾਬ੍ਹ ਜੀ, ਤੁਸਾਂ ਜੋ ਮੇਰੀ ਫ਼ਿਕਰ ਨਾ ਕਰੋ, ਤੁਸਾਂ ਜੋ ਊਣ ਰਾਮ ਕਰੀ ਲੱਗੇ। ਸਬੇਰ ਦੇ ਨਿਆਣਿਆਂ ਨਾਲ ਖਪਾ ਦੇ ਹੇ। ਮੈਂ ਸੱਦੀ ਲਿਆ ਆਪਣਾ ਮੁੰਡੂ। ਟਾਰਚ ਹੈਗੀ ਉਧੇ ਕੋਲ।" ਫਿਰ ਉਹ ਆਪਣੇ ਜਵਾਨ ਬੇਟੇ ਨਾਲ ਚਲੀ ਗਈ ਸੀ। ਬਾਹਰ ਘੁੱਪ ਹਨੇਰੇ 'ਚ ਹੱਥ ਨੂੰ ਹੱਥ ਨਹੀਂ ਸੀ ਸੁਝਦਾ। ਬਚਪਨ ਤੋਂ ਅਭਿਆਸੀ। ਪੈਰ ਲੱਗੇ ਰਸਤੇ। ਲਗਭਗ ਦੋ ਮੀਲ ਲੰਮਾ ਦੁਰਗਮ ਰਾਹ। ਰਕਸ਼ਾ ਜਿਵੇਂ ਉਡਦੀ ਚਲੀ ਗਈ ਸੀ। ਸਾਰਾ ਦਿਨ ਦੇ ਥੱਕੇ ਹਾਰੇ ਸ਼ਰਮਾ ਜੀ ਵੀ ਮੰਜੇ ਤੇ ਪੈਂਦਿਆਂ ਸਾਰ ਹੀ ਨੀਂਦ ਦੇ ਆਗੋਸ਼ ਵਿਚ ਚਲੇ ਗਏ ਸਨ।
ਦੂਸਰੇ ਦਿਨ ਤੜਕੇ ਪੰਜ ਵਜੇ ਸ਼ਰਮਾ ਜੀ ਵਲੰਟੀਅਰਜ਼ ਨੂੰ ਨਾਲ ਲੈ ਕੋ ਪ੍ਰਭਾਤ ਫੇਰੀ ਲਈ ਲੈ ਗਏ ਸਨ। ਭਜਨ ਗਾਉਂਦੇ, ਦੇਸ਼ ਭਗਤੀ ਦੇ ਨਾਅਰੇ ਲਾਉਂਦੇ। ਜਦੋਂ ਉਹ ਪਰਤੇ ਸਨ ਤਾਂ ਰਕਸ਼ਾ ਸਿਰ ਤੇ ਪਾਣੀ ਦਾ ਘੜਾ ਰੱਖ ਕੇ ਦੋਵੇਂ ਹੱਥ ਹਵਾ 'ਚ ਲਹਿਰਾਉਂਦੀ ਕਿਸੇ ਔਲੜ੍ਹ ਮੁਟਿਆਰ ਵਾਂਗ ਖੂਹ ਤੋਂ ਖੱਡ ਟੱਪ ਕੇ ਸਕੂਲੇ ਦੇ ਗੇਟ ਤੋਂ ਉਪਰਲੇ ਕਮਰੇ ਦੀ ਚੜ੍ਹਾਈ ਲਗਭਗ ਦੌੜਦਿਆਂ ਹੀ ਚੜ੍ਹਦੀ ਪਈ ਸੀ। ਪੰਜ-ਸੱਤ ਘੜੇ ਪਾਣੀ ਦੇ ਭਰਕੇ, ਦਫ਼ਤਰ ਤੇ ਕਮਰੇ ਦੀ ਸਫ਼ਾਈ ਕਰਕੇ, ਉਹ ਵਲੰਟੀਅਰਜ਼ ਲਈ ਨਾਸ਼ਤਾ ਤਿਆਰ ਕਰਨ