ਕੱਪੜੇ ਧੋਅ ਕੇ ਉੱਥੇ ਹੀ ਵਾੜ 'ਤੇ ਸੁੱਕਣੇ ਪਾ ਆਉਂਦੇ। ਫਿਰ ਉਨ੍ਹਾਂ ਨੂੰ ਵੇਖਣ ਜਾਂ ਲਿਆਉਣ ਦੇ ਬਹਾਨੇ ਖੂਹ 'ਤੇ ਲੈਣ ਜਾਂਦੇ। ਉੱਥੇ ਵੀ ਪਿੰਡ ਦੀਆਂ ਔਰਤਾਂ-ਕੁੜੀਆਂ ਆਈਆਂ ਹੁੰਦੀਆਂ। ਰਕਸ਼ਾ ਨੇ ਇਸ ਪਾਸੇ ਵੀ ਇਸ਼ਾਰਾ ਕੀਤਾ ਸੀ ਤੇ ਮੁੰਡਿਆਂ ਨੂੰ ਸਪੈਸ਼ਟ ਹਦਾਇਤ ਕਰ ਦਿੱਤੀ ਗਈ ਸੀ ਕਿ ਉਹ ਕੱਪੜੇ, ਸਕੂਲ ਅੰਦਰਲੀ ਵਾੜ ਤੇ ਹੀ ਸੁੱਕਣੇ ਪਾਇਆ ਕਰਨ। ਕੋਈ ਵੀ ਬਿਨਾਂ ਇਜਾਜ਼ਤ ਖੂਹ ਤੇ ਨਹੀਂ ਜਾਇਆ ਕਰੇਗਾ।
ਸ਼ਰਮਾ ਜੀ ਦਾ ਨਿੱਤ ਦਾ ਪ੍ਰੋਗਰਾਮ ਬਹੁਤ ਹੀ ਰੁਝੇਵਿਆਂ ਭਰਿਆ ਹੁੰਦਾ। ਜਿੱਥੋਂ ਤੱਕ ਹੁੰਦਾ ਮੈਂ ਉਨ੍ਹਾਂ ਦਾ ਸਾਥ ਦਿੰਦਾ। ਮੈਨੂੰ ਵੀ ਉਸ ਕੈਂਪ ਨਾਲ ਜੁੜ ਕੇ ਬਹੁਤ ਕੁਝ ਸਿੱਖਣ ਤੇ ਸਮਝਣ ਨੂੰ ਮਿਲ ਰਿਹਾ ਸੀ। ਸ਼ਰਮਾ ਜੀ ਵਿਭਾਗੀ ਹਦਾਇਤਾਂ ਦੀ ਇੰਨ-ਬਿਨ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ। ਇਸ ਲਈ ਕਾਫ਼ੀ ਨੱਠ-ਭੱਜ ਤੇ ਟੈਨਸ਼ਨ ਵੀ ਹੁੰਦੀ। ਸਭ ਤੋਂ ਵੱਡਾ ਤੇ ਔਖਾ ਕੰਮ ਸੀ ਪੰਜਾਹ ਜਵਾਨ ਮੁੰਡਿਆਂ ਨੂੰ ਸਾਂਭਣਾ, ਉਨ੍ਹਾਂ ਤੇ ਕੰਟਰੋਲ ਰੱਖਣਾ, ਬਗਾਨੇ ਪਿੰਡ ਆ ਕੇ। ਪੈਰ-ਪੈਰ ਤੇ ਖ਼ਤਰਾ ਹੁੰਦਾ।
ਸ਼ਰਮਾ ਜੀ ਸਵੇਰੇ ਠੀਕ ਸਾਢੇ ਚਾਰ ਵਜੇ ਉਠ ਖੜਦੇ। ਪੰਜ ਤੋਂ ਛੇ ਵਜੇ ਤੱਕ ਸਾਰੇ ਵਲੰਟੀਅਰਜ਼ ਨੂੰ ਨਾਲ ਲੈ ਕੇ ਪ੍ਰਭਾਤ ਫੇਰੀ ਤੇ ਚਲੇ ਜਾਂਦੇ। ਨਾਸ਼ਤੇ ਦੀ ਤਿਆਰੀ ਸ਼ੁਰੂ ਕਰਾਉਣੀ। ਪਾਣੀ ਭਰਵਾਉਣਾ। ਠੀਕ ਅੱਠ ਵਜੇ ਤੱਕ ਨਾਸ਼ਤੇ ਮਗਰੋਂ, ਸਾਢੇ ਅੱਠ ਵਜੇ ਪ੍ਰਾਰਥਨਾ। ਨੌਂ ਵਜੇ ਤੱਕ ਵਲੰਟੀਅਰਜ਼ ਨੂੰ ਪ੍ਰੋਜੈਕਟ ਸਾਈਟ ਤੇ ਲੈ ਕੇ ਜਾਣਾ। ਗਾਰ ਕਢਾਉਣੀ। ਸਫ਼ਾਈ ਕਰਾਉਣੀ ਤੇ ਪੌਦੇ ਲੁਆਉਣੇ। ਇਕ ਵਜੇ ਤੱਕ ਵਲੰਟੀਅਰਜ਼ ਨਾਲ ਖੂਨ-ਪਸੀਨਾ ਇਕ ਕਰਨਾ। ਵਿਚਕਾਰ ਕੈਂਪ ਸਾਈਟ ਤੇ ਵੀ ਚੱਕਰ ਲਾਉਣੇ। ਲੰਚ ਦੀ ਤਿਆਗੇ ਕਰਾਉਣੀ। ਇਕ ਵਜੇ ਦੁਪਹਿਰ ਦਾ ਭੋਜਣ। ਠੀਕ ਤਿੰਨ ਵਜੇ ਕਿਸੇ ਨਾ ਕਿਸੇ ਮਾਹਿਰ ਨੂੰ ਬੁਲਾ ਕੇ ਵਲੰਟੀਅਰਜ਼ ਨਾਲ ਮੁਲਾਕਾਤ ਕਰਾਉਣੀ। ਸ਼ਾਮੀਂ ਚਾਰ ਵਜੇ ਚਾਹ ਮਗਰੋਂ ਰਾਤ ਦੇ ਭੋਜਣ ਦੀ ਤਿਆਰੀ। ਰਾਤੀ ਔਠ ਤੋਂ ਦਸ ਵਜੇ ਤੱਕ ਕੈਂਪ ਫਾਇਰ ਦਾ ਪ੍ਰੋਗਰਾਮ ਚਲਾਉਣਾ। ਜਿਸ ਵਿਚ ਸੱਭਿਆਚਾਰ ਪ੍ਰੋਗਰਾਮ ਵਿਚ ਹਰੇਕ ਹਾਊਸ ਦੇ ਵਲੰਟੀਅਰਜ਼ ਨੂੰ ਭਾਗ ਲੈਣਾ ਜ਼ਰੂਰੀ ਹੁੰਦਾ। ਵਲੰਟੀਅਰਜ਼ ਨੂੰ ਸੌਣ ਲਈ ਕਮਰਿਆਂ ਵਿਚ ਭੇਜ ਦੇਣਾ ਤੇ ਆਪ ਗਿਆਰਾਂ ਵਜੇ ਤੱਕ ਰੋਜ਼ਾਨਾ ਡਾਇਰੀ ਲਿਖਣੀ। ਦੂਸਰੇ ਦਿਨ ਸਵੇਰ ਦੇ ਨਾਸ਼ਤੇ-ਖਾਣੇ ਦੀ ਤਿਆਰੀ। ਇਸ ਤੋਂ ਇਲਾਵਾ ਕੈਂਪ ਚੈੱਕ ਕਰਨ ਆਉਣ ਵਾਲੇ ਅਫ਼ਸਰਾਂ ਤੇ ਵਲੰਟੀਅਰਜ਼ ਦੇ ਮਾਪਿਆਂ ਦੀ ਮਹਿਮਾਨ-ਨਿਵਾਜ਼ੀ ਵੱਖਰੀ। ਵਲੰਟੀਅਰਜ਼ ਦੀ ਨਿਗਾਹਬਾਨੀ ਅਲੱਗ।
ਰਾਤ ਗਿਆਰਾਂ ਵਜੇ ਮਸਾਂ ਬਿਸਤਰੇ ਤੇ ਪਿੱਠ ਲਾਉਣ ਦਾ ਸਮਾਂ ਮਿਲਦਾ ਤਾਂ ਨਾਲ ਵਾਲੇ ਕਮਰਿਆਂ ਤੋਂ ਵਲੰਟੀਅਰਜ਼ ਦੀਆਂ ਭਾਂਤ-ਭਾਂਤ ਦੀਆਂ ਆਵਾਜ਼ਾਂ ਆਉਣ ਲਗਦੀਆਂ। ਰਾਤ ਦੇ ਸੰਨਾਟੇ ਤੇ ਘਾਟੀ ਹੋਣ ਕਰਕੇ ਥੋੜ੍ਹਾ ਜਿਹਾ ਖੜਾਕ ਵੀ ਗੂੰਜਣ ਲਗਦਾ। ਦਿਨ ਭਰ ਦੇ ਥੱਕੇ ਹਾਰੇ ਸ਼ਰਮਾ ਜੀ ਉਨ੍ਹਾਂ ਨੂੰ ਚੁੱਪ ਕਰਾਉਣ ਜਾਂਦੇ ਤਾਂ ਉਨ੍ਹਾਂ ਦੇ ਪੈਰਾਂ ਦੀ ਬਿੜਕ ਸੁਣਦਿਆਂ ਸਾਰ ਹੀ