ਉਹ ਖਮੋਸ਼ ਹੋ ਕੇ, ਇੰਜ ਘੁਰਾੜੇ ਮਾਰਨ ਲਗਦੇ ਜਿਵੇਂ ਘੋੜੇ ਵੇਚ ਕੇ ਸੋ ਰਹੇ ਹੋਣ। ਇੰਨੀ ਦੇਰ ਨੂੰ ਦੂਸਰੇ ਕਮਰੇ ਵਿਚ ਰੌਲਾ ਸੁਣਾਈ ਦੇਣ ਲਗਦਾ। ਇੰਜ ਹੀ ਚੱਕਰ ਲਾਉਂਦਿਆਂ ਰਾਤ ਦੇ ਬਾਰਾਂ-ਇਕ ਵੱਜ ਜਾਂਦੇ। ਫਿਰ ਨੀਂਦ ਅੱਖਾਂ ਲਾਗੇ ਫਟਕਣ ਦਾ ਨਾਂ ਨੀ ਲੈਂਦੀ। ਬੜਾ ਗੁੱਸਾ ਆਉਂਦਾ ਵਲੰਟੀਅਰਜ਼ ਤੇ। ਨੀਂਦ ਪੂਰੀ ਨਾ ਹੁੰਦੀ। ਥਕਾਵਟ ਅਲੱਗ। ਹਰ ਸਮੇਂ ਤਨਾਅ। ਕੋਈ ਬਿਮਾਰ ਤਾਂ ਉਸ ਨੂੰ ਦਵਾ ਦੇਣੀ। ਜ਼ਿਆਦਾ ਬਿਮਾਰ ਹੋਣ ਤੇ ਕਮਾਹੀ ਤੋਂ ਡਾਕਟਰ ਸੌਦਣਾ। ਕੋਈ ਸਮਾਨ ਖ਼ਤਮ ਹੋਣ ਤੇ ਮੰਗਾਉਣਾ। ਸ਼ਰਮਾ ਜੀ ਨੂੰ ਲਗਾਤਾਰ ਬੱਚਿਆਂ ਨਾਲ ਖਪਦਿਆਂ ਅਤੇ ਖਾਣ-ਪੀਣ ਦੀ ਸ਼ੁੱਧ ਗੁਆਏ ਵੇਖ ਕੇ ਰਕਸ਼ਾ ਕਹਿ ਦਿੰਦੀ, "ਸਾਬ੍ਹ ਜੀ ਜਾਨ ਹੈ ਤਾਂ ਜਹਾਨ ਹੈ ਆਪਣਾ ਬੀ ਰਤਾ ਕੁ ਖ਼ਿਆਲ ਰਖਿਆ ਕਰੋ। ਤੁਸੀਂ ਇਨ੍ਹਾਂ ਸਾਰਿਆਂ ਜੋ ਸਾਂਭਿਆ ਹੋਇਆ ਜੇ ਤੁਸਾਂ ਜੋ ਕੁਝ ਹੋਈ ਗੇਆ ਫਿਰੀ ।"
"ਰਕਸ਼ਾ ਕੋਈ ਗੱਲ ਨੀ। ਦਸਾਂ ਦਿਨਾਂ ਦੀ ਹੀ ਤਾਂ ਗੱਲ ਐ। ਇਹ ਮੇਰਾ ਫਰਜ਼ ਐ। ਮੇਰੀ ਡਿਊਟੀ ਐ।" ਸ਼ਰਮਾ ਜੀ ਕਹਿੰਦੇ।
"ਬਾਕੀ ਬੀ ਤਾਂ ਆਪਣਾ ਵਰਜ਼ ਕੈਂਹ ਨੀ ਸਮਝਦੇ।" ਰਕਸ਼ਾ ਦਾ ਇਸ਼ਾਰਾ ਸ਼ਰਮਾ ਜੀ ਦੇ ਸਹਾਇਕ ਵੱਲ ਹੁੰਦਾ। ਜਿਹੜਾ ਸਵੇਰੇ ਅੱਠ-ਨੌਂ ਵਜੇ ਆਉਂਦਾ। ਨਾਸ਼ਤਾ ਕਰਦਾ। ਦੁਪਹਿਰ ਦੀ ਰੋਟੀ ਖਾਂਦਾ ਤੇ ਸ਼ਾਮ ਛੇ ਵਜਦਿਆਂ ਸਾਰ ਰੋਕਣ ਦੇ ਬਾਵਜੂਦ ਖਿਸਕ ਜਾਂਦਾ।
"ਕੋਈ ਨੀ ਇਹ ਹੈਗੇ ਨਾ ਮਾਸਟਰ ਜੀ, ਮੈਨੂੰ ਸਹਾਇਕ ਦੀ ਘਾਟ ਮਹਿਸੂਸ ਨੀ ਹੋਣ ਦਿੰਦੇ। ਹਰ ਵੇਲੇ ਮੇਰੇ ਅੰਗ-ਸੰਗ।" ਸ਼ਰਮਾ ਜੀ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ।
ਰਕਸ਼ਾ ਸ਼ਾਮ ਦਾ ਕੰਮ ਮੁਕਾ ਕੇ ਘਰ ਜਾਣ ਤੋਂ ਪਹਿਲਾਂ ਵਲੰਟੀਅਰਜ਼ ਦੀ ਅੱਖ ਬਚਾ ਕੇ, "ਇਕ ਗਲਾਸ ਦੁੱਧ ਦਾ ਭਰਕੇ ਸ਼ਰਮਾ ਦੇ ਕਮਰੇ 'ਚ ਰੱਖ ਜਾਂਦੀ। ਚਾਹ 'ਚ ਬਚਾਈ ਕੇ ਰੱਖਿਆ ਤੁਹਾਡੇ ਲਈ। ਸੌਣ ਤੋਂ ਪੈਲਾਂ ਪੀ ਲਿਆ ਜ਼ਰੂਰ ਪੀ ਲਿਆ ਕਰੋ। ਸਾਰਾ ਦਿਨ ਕਿੰਨਾ ਖਪਦੇ ਮਰਦੇ ਹੋ। ਟੈਨਸ਼ਨ ਲੈਂਦੇ ਓ।" ਇੰਜ ਕਰਦਿਆਂ ਰਕਸ਼ਾ ਬੜੀ ਭਲੀ, ਸੁਘੜ ਤੇ ਸਿਆਣੀ ਔਰਤ ਲਗਦੀ। ਸ਼ਰਮਾ ਜੀ ਸੋਚਦੇ, ਚਲੋ ਇਸ ਬਿਗਾਨੇ ਪਿੰਡ ਵਿਚ ਕੋਈ ਤਾਂ ਹੈ, ਜਿਹੜਾ ਉਨ੍ਹਾਂ ਦਾ ਇੰਨਾ ਖ਼ਿਆਲ ਰਖਦਾ। ਜਿਹੜਾ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਭਾਵਨਾ ਨੂੰ ਵੇਖ ਕੇ ਮਹਿਸੂਸ ਕਰ ਰਿਹਾ ਹੈ। ਰਕਸ਼ਾ ਦੇ ਇੰਨੇ ਕੁ ਅਪਣੱਤ ਨਾਲ ਸ਼ਰਮਾ ਜੀ ਨਵੀਂ ਊਰਜਾ ਨਾਲ ਭਰ ਜਾਂਦੇ। ਉਹ ਦੁਗਣੇ ਉਤਸ਼ਾਹ ਨਾਲ ਕੰਮ ਕਰਨ ਲਗਦੇ। ਇਹੋ ਜਿਹੀ ਭਲੀ ਔਰਤ ਨਾਲ ਪਤੀ ਦੀ ਅਨਬਣ ਕਿਉਂ ਹੋ ਸਕਦੀ ਹੈ। ਇਹ ਗੱਲ ਉਨ੍ਹਾਂ ਦੇ ਪੋਲੇ ਨਾ ਪੈਂਦੀ।
ਪਰ ਜਦੋਂ ਉਹ ਰਕਸ਼ਾ ਨੂੰ ਉਨ੍ਹਾਂ ਗਭਰੀਟਾਂ ਨਾਲ ਛੇੜ ਖਾਨੀ ਤੇ, ਹਾਸਾ ਮਖੌਲ ਕਰਦਿਆਂ ਵੇਖਦੇ ਤਾਂ ਉਨ੍ਹਾਂ ਦਾ ਖੂਨ ਉਬਾਲਾ ਖਾ ਜਾਂਦਾ। ਰਕਸ਼ਾ ਉਨ੍ਹਾਂ ਨੂੰ ਵਿਸ਼ ਕੰਨਿਆ ਦਿਖਾਈ ਦਿੰਦੀ। ਕੈਂਪ ਦੌਰਾਨ ਚਰਿੱਤਰ ਨਿਰਮਾਣ ਲਈ ਕੀਤੀਆਂ ਜਾਂਦੀਆਂ ਸਾਰੀਆਂ ਸਿੱਖਿਆਵਾਂ, ਲੈਕਚਰਾਂ ਤੇ ਉਨ੍ਹਾਂ ਨੂੰ ਪਾਣੀ