ਕਿ ਉਨ੍ਹਾਂ ਦਾ ਅੱਜ ਦਾ ਦਿਨ ਨਿਰਵਿਘਨ ਲੰਘੇ। ਹਰ ਸਮੇਂ ਇਹ ਫਿਕਰ ਕਿ ਜਵਾਨ ਮੁੰਡੇ, ਪਿੰਡ ਵਿਚ ਕੋਈ ਪੁਆੜਾ ਨਾ ਖੜ੍ਹਾ ਕਰ ਦੇਣ। ਕਿਸੇ ਦਾ ਉਲਾਂਭਾ ਨਾ ਆਵੇ। ਕਿਸੇ ਨੂੰ ਸੱਟ ਨਾ ਲੱਗੇ। ਕੋਈ ਬਿਮਾਰ ਨਾ ਹੋਵੇ। ਆਪਸ ਵਿਚ ਲੜਨ ਨਾ। ਇੰਜ ਸ਼ੁਕਰ-ਸ਼ੁਕਰ ਕਰਦਿਆਂ ਕੈਂਪ ਦਾ ਆਖ਼ਰੀ ਦਿਨ ਵੀ ਆ ਗਿਆ ਸੀ। ਕੈਂਪ ਦੌਰਾਨ ਉਨ੍ਹਾਂ ਨੇ ਆਪਣੇ ਮਿਥੇ ਟੀਚੇ ਸਫ਼ਲਤਾਪੂਰਵਕ ਸਿਰੇ ਚੜ੍ਹਾ ਲਏ ਸਨ।
ਦਸ ਦਿਨ ਇਕੱਠੇ ਰਹਿ ਕੇ ਵਿਛੜਣ ਦਾ ਵੇਲਾ ਸੀ। ਸਾਰਿਆਂ ਦੇ ਮਨਾਂ ਵਿਚ ਘੋਰ ਉਦਾਸੀ ਦਾ ਆਲਮ ਸੀ। ਵਲੰਟੀਅਰਜ਼ ਇਕ ਦੂਸਰੇ ਨਾਲ ਮਿਲ ਕੇ ਰੋ ਰਹੇ ਸਨ। ਰਕਸ਼ਾ ਵਿਹਵਲ ਹੋ ਕੇ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੱਥਰੂ ਵਹਾਉਂਦੀ ਪਈ ਸੀ। ਵਲੰਟੀਅਰਜ਼ ਕੈਂਪ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਗਰੁੱਪ ਫੋਟੋ ਖਿਚਵਾ ਰਹੇ ਸਨ।
ਇਕ-ਇਕ ਸਮਾਨ ਦੀ ਗਿਣਤੀ ਕਰਾ ਕੇ ਨਾਲ ਲਿਆਂਦਾ ਸਾਮਾਨ ਪੂਰਾ ਕਰ ਲਿਆ ਸੀ। ਸ਼ਰਮਾ ਜੀ ਨੇ ਰਕਸ਼ਾ ਦੀ ਤਲੀ ਤੇ ਉਸ ਦਾ ਮਿਹਨਤਾਨਾ ਰੱਖਿਆ ਤਾਂ ਉਹ ਇਨਕਾਰ ਕਰਦਿਆਂ ਕਹਿਣ ਲੱਗੀ, "ਰੈਣ ਦੇਗੇ ਸਾਬ੍ਹ ਜੀ, ਮੈਂ ਬੀ ਤੁਹਾਡੇ ਲੇਖਾਂ ਬੱਚਿਆਂ ਦੀ ਸੇਵਾ ਕੀਤੀ ਐ, ਸੇਵਾ ਦੀ ਕੀਮਤ ਨੀ ਲਈ ਜਾਂਦੀ।" ਬੜਾ ਜ਼ੋਰ ਪਾਉਣ ਤੇ ਹੀ ਰਕਸ਼ਾ ਨੇ ਰਕਮ ਕਬੂਲ ਕੀਤੀ ਸੀ।
ਉਹ ਦਿਲਾਂ ਵਿਚ ਕੈਂਪ ਦੀਆਂ ਕਿੰਨੀਆਂ ਹੀ ਖੱਟੀਆਂ-ਮਿੱਠੀਆਂ ਯਾਦਾਂ ਸਮੇਟ ਕੇ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋ ਰਹੇ ਸਨ। ਜਾਂਦੇ ਵਕਤ ਰਕਸ਼ਾ ਨੂੰ ਉਨ੍ਹਾਂ ਤਿੰਨ ਲੜਕਿਆਂ ਨਾਲ ਬਹੁਤ ਪਿਆਰ ਨਾਲ ਗੱਲਾਂ ਕਰਦਿਆਂ ਵੇਖ ਸ਼ਰਮਾ ਜੀ ਦਾ ਮਨ ਇਕ ਵਾਰੀ ਫਿਰ ਉਸ ਪ੍ਰਤੀ ਨਫ਼ਰਤ ਨਾਲ ਭਰ ਗਿਆ ਸੀ। ਉਨ੍ਹਾਂ ਦੇ ਮਨ ਵਿਚ ਰਕਸ਼ਾ ਪ੍ਰਤੀ ਉਪਜੀ ਸਤਿਕਾਰ ਦੀ ਭਾਵਨਾ ਧੁੱਪ 'ਚ ਫੁੱਲਾਂ ਤੇ ਪਈ ਤ੍ਰੇਲ ਵਾਂਗ ਉੱਡ-ਪੁੱਡ ਗਈ ਸੀ । ਹਾਲਾਂਕਿ ਰਕਸ਼ਾ ਉਨ੍ਹਾਂ ਮੁੰਡਿਆਂ ਨੂੰ ਮੁੜ ਕੇ ਪਿੰਡ ਨਾ ਆਉਣ ਵਾਰੇ ਵਰਜਦੀ ਪਈ ਸੀ। ਸ਼ਾਇਦ ਉਹ ਰਕਸ਼ਾ ਨੂੰ ਪਿੰਡ ਆ ਕੇ ਮਿਲਣ ਦੀ ਜ਼ਿੱਦ ਕਰ ਰਹੇ ਸਨ।
ਦੂਸਰੇ ਦਿਨ ਮੈਂ ਸਕੂਲ ਗਿਆ ਤਾਂ ਇਕ ਸੂਚਨਾ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਇਹ ਖ਼ਬਰ ਸ਼ਾਇਦ ਸ਼ਰਮਾ ਜੀ ਤੱਕ ਵੀ ਪੁੱਜ ਗਈ ਸੀ। ਉਹ ਵੀ ਸਾਰਾ ਮਾਜ਼ਰਾ ਜਾਨਣ ਵਾਸਤੇ ਸਵੱਖਤੇ ਹੀ ਸਾਡੇ ਸਕੂਲ ਪੁੱਜ ਗਏ ਸਨ। ਉਨ੍ਹਾਂ ਨੂੰ ਸਿਰ ਤੇ ਪਾਣੀ ਦਾ ਘੜਾ ਲੈ ਕੇ ਜਾਂਦੀ ਰਕਸ਼ਾ ਮਿਲ ਗਈ ਸੀ। ਉਨ੍ਹਾਂ ਨੇ ਫ਼ਿਕਰਮੰਦ ਹੋ ਕੇ ਰਕਸ਼ਾ ਨੂੰ ਪੁੱਛਿਆ ਸੀ, “ਤੈਨੂੰ ਪਤਾ ਐ, ਕੱਲ੍ਹ ਸ਼ਾਮੀ ਕੈਂਪ ਖ਼ਤਮ ਹੋਣ ਮਗਰੋਂ ਕੀ ਹੋਇਆ ਸੀ ?"
"ਆਹੋ ਸਾਬ੍ਹ ਜੀ, ਮਿੰਨ੍ਹ ਤਾਂ ਪੈਲੇ ਈ ਪਤਾ ਹਾ, ਤਾਹੀਂ ਤਾਂ ਮੈਂ ਵਾਰ- ਵਾਰ ਉਨੂੰ ਮੁੰਡੂਆਂ ਨੂੰ ਮਨ੍ਹਾਂ ਕਰਾ ਦੀ ਹੀ, ਕਿ ਮੁੜੀ ਕੇ ਇਸ ਪਿੰਡੇ ਵੱਲ ਮੂੰਹ ਨਾ ਕਰਿਉ। ਪਰ ਉਨ੍ਹਾਂ ਨੇ ਮੇਰੀ ਨੀ ਮੰਨੀ ਤੇ ਫਿਰੀ ਖ਼ਤਾ ਖਾਧੀ।"
"ਪਰ ਹੋਇਆ ਕੀ?"
"ਹੋਣਾ ਕੇ ਸਾਬ੍ਹ ਜੀ, ਉਹੀ ਹੋਇਆ ਜੋ ਇਸ ਉਮਰਾ ਦੀ ਮੁਢੀਰ