ਮੱਥੇ 'ਤੇ ਮਾਨ੍ਹ ਸਿੰਘ ਪ੍ਰਤੀ ਨਫ਼ਰਤ ਦੀਆਂ ਤਿਉੜੀਆਂ ਦਾ ਜੰਗਲ ਹੋਰ ਸੰਘਣਾ ਹੁੰਦਾ ਜਾਂਦਾ ਸੀ। ਮਾਨ੍ਹ ਸਿੰਘ ਕੈਰੀ ਅੱਖ ਨਾਲ ਕਦੇ ਕਮਲੋ ਵੱਲ ਵੇਖਦਾ ਤੇ ਕਦੇ ਉਸ ਦੇ ਬਾਪੂ ਕਰਮੂ ਵੱਲ।
"ਉੱਥੇ ਕਿੰਨਾ ਚਿਰ ਰਹੀ ਹੀ ਤੂੰ ?" ਸਰਪੰਚ ਨੇ ਗੱਲ ਅੱਗੇ ਵਧਾਈ।
"ਛੇ ਕੁ ਮੀਨੇ। ਉਨ੍ਹਾਂ ਲੋਕਾਂ ਨੇ ਮੇਰੀ ਰੱਜੀ ਕੇ ਦੁਰਗਤੀ ਕੀਤੀ। ਦਿਨੇ ਵੇਲੇ ਮਿੰਨੂ ਖੇਤਾਂ ਬਿਚ ਕੰਮੇ ਲਈ ਬੀ ਭੇਜੀ ਦਿੰਦੇ, ਥੱਕੀ ਹਾਰੀ ਉੱਥੋਂ ਮੁੜਦੀ ਤਾਂ ਰਾਹੀਂ ਨੂੰ ਨਿੱਤ ਨਵੇਂ ਸ਼ਰਾਬੀ ਹੋਏ ਬੰਦੇ ਤੋਂ ਮੇਰੇ ਹੱਡ ਭਨਾਂਦੇ। ਫਿਰੀ ਇਕ ਦਿਨ ਉਨ੍ਹਾਂ ਦੇ ਪੁਲਿਸ ਨੇ ਛਾਪਾ ਮਾਰਿਆ। ਕਿੰਨੀ ਸਾਰੀ ਡਰੱਮਾਂ ਦੇ ਡਰੱਮ ਸ਼ਰਾਬ ਫੜੀ ਗਈ ਹੀ। ਉਨ੍ਹਾਂ ਦੀ ਭੱਠੀ ਬੰਦ ਹੋਈ ਗਈ ਹੀ। ਮਿਨੂ ਉਨ੍ਹਾਂ ਨੇ ਖੇਤਾਂ ਬਿੱਚ ਮੋਟਰਾਂ ਆਲੇ ਕਮਰੇ ਬਿਚ ਲੁਕਾਈ ਦਿੱਤਾ ਹਾ, ਨੀ ਤਾਂ ਮੈਂ ਪੁਲਿਸ ਆਲਿਆਂ ਨੂੰ ਸਾਰਾ ਕੁੱਝ ਦੱਸੀ ਦੇਣਾ ਹਾ। ਮਗਰੋਂ ਉਨ੍ਹਾਂ ਨੇ ਬੀ ਮਿੰਨੂ ਦੂਏ ਪਿੰਡ ਬੇਚੀ ਤਾ ਹਾ, ਇਕ ਬੁੱਢੇ ਕੋਲ। ਉਹ ਕੱਲਾ ਹਾ, ਉੱਥੇ ਮਿੰਨੂ ਸਿਰਫ ਬੁੱਢੇ ਦੀ ਰੋਟੀ ਬਣਾਉਣੀ ਪੈਂਦੀ ਹੀ। ਕੱਪੜੇ ਧੋਣੇ ਪੈਂਦੇ ਹੋ ਤੇ ਘਰੇ ਦੀ ਸਾਫ਼- ਸਫ਼ਾਈ। ਉਹ ਬੋਤਾ ਰੋਕਦਾ ਟੋਕਦਾ ਬੀ ਨੀ ਹਾ। ਉਸ ਪਿੰਡੇ ਦੀਆਂ ਕਈ ਔਰਤਾਂ ਮੇਰੀਆਂ ਵਾਕਫ਼ ਹੋਈ ਗਈਆਂ ਹੀ। ਉਸ ਬੁੱਢੇ ਦੇ ਅੱਗੇ ਪਿੱਛੇ ਕੋਈ ਨੀ ਹਾ। ਉੱਥੇ ਮਿੰਨੂ ਦੁੱਖ ਤੇ ਕੋਈ ਨੀ ਹਾ, ਪਰ ਮੇਰੇ ਦਿਲ ਬਿਚ ਹਰ ਵੇਲੇ ਅੱਗ ਬਲਦੀ ਹੀ, ਮੈਂ ਆਪਣੇ ਪਿੰਡੇ ਜਾਈ ਕੇ ਮਾਨ੍ਹੇ ਨੂੰ ਦਿੱਖਾਂ, ਜਿਨੀ ਮੇਰੇ ਨਾਲ ਏਡਾ ਅਨਰਥ ਕਮਾਇਆ। ਪਿੰਡੇ ਆਲਿਆਂ ਨੂੰ ਦੱਸਾਂ ਜਾਈ ਕੇ। ਬਸ ਫਿਰੀ ਇਕ ਦਿਨ ਚੁੱਪ-ਚਾਪ ਉੱਥੋਂ ਚਲੀ ਆਈ ਪੁੱਛਦੀ-ਪਛਾਂਦੀ।"
"ਫਿਰੀ ਇਥੇ ਕੇ ਹੋਇਆ ਤੇਰੇ ਨਾਲ ?" ਸਰਪੰਚ ਨੇ ਅਗਲੀ ਗੱਲ ਜਾਨਣੀ ਚਾਹੀ ਸੀ।
"ਪਰਸੋਂ ਜਧਾੜੀਆਂ ਵਰ੍ਹਦੇ ਮੀਂਹ ਬਿਚ ਮੈਂ ਇੱਥੇ ਪੁੱਜੀ ਤਾਂ ਮੈਂ ਸਿੱਧੀ ਮਾਨ੍ਹੇ ਘਰ ਚਲੀ ਗਈ ਹੀ। ਇਹ ਮਿੰਨੂ ਦਿੱਖੀ ਕੇ ਹੈਰਾਨ ਪ੍ਰੇਸ਼ਾਨ ਹੋਈ ਗੇਆ ਹਾ। ਇਨੀ ਮਿੰਨੂ ਤੂੜੀ ਆਲੇ ਅੰਦਰ ਹੂੜੀ ਤਾਂ ਹਾ। ਮਿੰਨੂ ਗਲਾਂਦਾ, ਜੇ ਭਲੀ ਚਾਹਨੀ ਐਂ ਤਾਂ ਚੁੱਪ-ਚਾਪ ਆਪਣੀਆਂ ਛੰਨੀਆ ਚਲੀ ਜਾ। ਮੈਂ ਗਲਾਇਆ ਤੂੰ ਮਿੰਨੂ ਧੋਖਾ ਕੈਂਹ ਦਿੱਤਾ। ਤੂੰ ਮਿੰਨੂ ਆਪਣੇ ਘਰ ਰੱਖੀ ਲੈ, ਨਈ ਤਾਂ ਮੇਰੀ ਤੇਰੀ ਕਰਤੂਤ ਲੋਕਾਂ ਨੂੰ ਦੱਸੀ ਦੇਣੀ। ਫਿਰੀ ਸ਼ਾਮੀ ਮੀਂਹ ਵਰ੍ਹਦੇ ਬਿਚ ਮਾਨਾ ਤੇ ਈਹਦੀ ਭਰਜਾਈ ਮਿੰਨੂ ਆਪਣੇ ਖੇਤਾਂ ਵੱਲ ਲੇਈਗੇ ਹੋ, ਡੰਗਰਾਂ ਆਲੀ ਹਵੇਲੀ ਕੰਨੀ। ਅਨੇਰ੍ਹਾ ਹੋਆ ਦਾ ਹਾ। ਝੜੀ ਲਗੀਉਹੀ। ਸਾਰੇ ਆਪੋ-ਆਪਣੇ ਘਰਾਂ ਬਿਚ ਬੜੇਉ ਹੇ। ਉੱਥੇ ਲਜਾਈ ਕੇ ਇਨ੍ਹਾ ਨੇ ਮੇਰੇ ਹੱਥ ਪੈਰ ਬੰਨ੍ਹੀ ਦਿੱਤੇ। ਮੇਰੇ ਮੂੰਹੇ ਬਿੱਚ ਕੱਪੜਾ ਤੁੰਨੀ ਦਿੱਤਾ। ਫਿਰੀ ਮਿੰਨੂ ਬੜਾ ਕੁੱਟਿਆ ਦੋਹਾਂ ਨੇ। ਗਲਾਂਦੇ ਇਥੋਂ ਚਲੀ ਜਾ ਜਿੱਥੋਂ ਆਈ ਐਂ। ਜੇ ਸਾਡੇ ਖਿਲਾਫ਼ ਭਾਸਰਿਆ ਤਾਂ ਤਿੰਨੂ ਵੱਢੀ ਕੇ ਹੈਥੇ ਖੇਤਾਂ ਬਿਚ ਈ ਦੱਬੀ ਦੇਣਾ। ਮੇਰੇ ਮੂੰਹ ਬਿਚੋਂ ਕੱਪੜਾ ਡਿਗੀ ਪਿਆ ਹਾ। ਮੈਂ ਬੜੀ ਰੜਾਈ। ਬੜੀਆਂ ਚੀਕਾਂ ਮਾਰੀਆਂ, ਕੁਨੀ ਨੀ ਸੁਨਣੀਆਂ ਹੀ ਮੇਰੀਆਂ ਚੀਕਾਂ। ਘਰਾਂ ਤੋਂ ਦੂਰ ਹੀ ਰਾਤ ਦਾ ਬੇਲਾ ਹਾ। ਝੜੀ ਲੱਗੀਉ