

29. ਮੰਜੂਰ ਨਹੀਂ
ਅਗਲੇ ਦਿਨ ਹੀ ਮਾਨ੍ਹ ਸਿੰਘ ਲੰਬੜ ਸ਼ੰਭੂ ਨੂੰ ਨਾਲ ਲੈ ਕੇ ਠਾਣੇ ਪੁੱਜ ਗਿਆ ਸੀ। ਠਾਣੇਦਾਰ ਤਾਂ ਗਸ਼ਤ 'ਤੇ ਸੀ। ਲੰਬੜ ਸ਼ੰਭੂ ਨੇ ਆਪਣੀ ਜਾਣ ਪਛਾਣ ਦੇ ਹੌਲਦਾਰ ਨਾਲ ਸਾਰੀ ਗੱਲ ਬਾਤ ਕੀਤੀ ਤੇ ਜਿਵੇਂ ਵੀ ਹੋਵੇ, ਠਾਣੇਦਾਰ ਨੂੰ ਕਹਿ ਕੇ ਸਾਰਾ ਮਾਮਲਾ ਰਫਾ-ਦਫਾ ਕਰਾਉਣ ਦੀ ਗੁਜਾਰਿਸ਼ ਕਰਦਿਆਂ ਕਿਹਾ ਸੀ, "ਗੱਲ ਤਾਂ ਕੁੱਝ ਬੀ ਹੈਨੀ ਜੀ, ਬਸ ਏਹ ਚਾਂਭਲੇ ਚਮਾਰ ਇਸ ਸ਼ਰੀਫ ਰਾਜਪੂਤ ਦੇ ਗਲ ਬਦੋਬਦੀ ਆਪਣੀ ਤੱਪੜ ਜੇਹੀ ਛਿੱਟ ਮੜ੍ਹੀ ਕੇ ਰਾਜਪੂਤਾਂ ਨੂੰ ਠਿੱਬੀ ਲੈਣੀ ਚਾਹਦੇ ਨੇ । ਜਾਤ ਬਰਾਦਰੀ ਦਾ ਮਸਲਾ ਬਣਾਇਆ ਐ ਝੂਠੀਆਂ ਕਹਾਣੀਆਂ ਘੜੀ ਕੋ ।" ਲੰਬੜਦਾਰ ਨੇ ਪੁਲਸੀਆ ਸ਼ੈਲੀ ਵਿਚ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
"ਦੇਖੀ ਭਾਈ ਲੰਬੜਦਾਰਾ, ਆਪਣਾ ਠਾਣੇਦਾਰ ਵੀ ਚੌਦਵੀਂ ਜਮਾਤ ਵਿਚੋਂ ਈ ਐ। ਮੈਂ ਕੋਸ਼ਿਸ਼ ਤੇ ਜ਼ਰੂਰ ਕਰਾਂਗਾ, ਪਰ ਜਿੱਥੇ ਜਾਤ ਬਰਾਤ ਦਾ ਮਸਲਾ ਆ ਜਾਂਦਾ ਨਾ ਇਹ ਫਿਰ ਅੜੀ ਜਾਂਦਾ-ਕੋਸ਼ਿਸ਼ ਐ ਪਰ ਵਾਅਦਾ ਨਹੀਂ।"
"ਆਹ ਫੜ ਸਾਈ-ਗੱਲ ਤਾਂ ਵਿਰੀ ਈਆਂ ਈ ਪੱਕੀ ਹੁੰਦੀ ਐ। ਬਾਕੀ ਦੀ ਰਕਮ ਕੰਮ ਹੋਣ 'ਤੇ। ਉਣ ਠਾਣੇਦਾਰ ਨੂੰ ਸਾਂਭਣਾ ਤੇਰਾ ਕੰਮ ਐ, ਮਿਨੂ ਨੀ ਕੁਝ ਬੀ ਪਤਾ। ਬਸ ਆਪਣੇ ਰਾਜਪੂਤ ਭਾਈ ਦੀ ਮੁੱਛ ਨੀ ਨੀਵੀਂ ਹੋਣੀ ਚਾਹੀਦੀ।" ਲੰਬੜਦਾਰ ਨੇ ਪੰਜ ਹਜ਼ਾਰ ਰੁਪਏ ਆਲੇ-ਦੁਆਲੇ ਤੋਂ ਨਜ਼ਰਾਂ ਬਚਾ ਕੇ ਹੌਲਦਾਰ ਦੇ ਸਪੁਰਦ ਕਰ ਦਿੱਤੇ ਸਨ ਤੇ ਉਸ ਨੂੰ ਪੈਗ ਲਵਾਉਣ ਲਈ, ਮੰਜੂਰਸ਼ੁਦਾ ਹਾਤੇ ਵੱਲ ਲੈ ਗਿਆ ਸੀ।
ਪਿੰਡ ਪਰਤਦਿਆਂ ਨਸ਼ੇ ਦੀ ਲੋਰ ਵਿਚ ਲੰਬੜਦਾਰ ਕਹਿ ਰਿਹਾ ਸੀ, "ਜ੍ਹਾ ਮਾਨਿਆ, ਉਣ ਤੂੰ ਘੋੜੇ ਬੇਚੀ ਕੇ ਸੋਈ ਜਾ। ਉਣ ਤੇਰਾ ਕੋਈ ਬਾਲ ਬੀ ਬੀਂਗਾ ਨੀ ਕਰੀ ਸਕਦਾ। ਲੰਬੜਦਾਰ ਤੇਰੇ ਨਾਲ ਐ। ਅਸਾਂ ਜੋ ਯਾਰਾਂ ਦੇ ਯਾਰ ਆਂ। ਐਵੇਂ ਤਾਂ ਨੀ ਇਨੇ ਚਿਰ ਖੇਹ ਖਾਧੀ ਥਾਣਿਆਂ ਵਿੱਚ ਸ਼ੰਭੂ ਲੰਬੜੇ ਨੇ।"
"ਲੰਬੜਾ ਗੱਲ ਤਾਂ ਕੱਖ ਬੀ ਹਈ ਨੀ, ਐਵੇਂ ਈ ਮੂਤੀ ਜਾਂਦਾ ਸਰਪੰਚ, ਡਰਪੋਕ ਸਾਲਾ। ਆਧਰਮੀਆਂ ਦੀਆਂ ਚਾਰ ਵੋਟਾਂ ਖ਼ਾਤਰ ਸਾਡੀ ਬਰਾਦਰੀ ਦਾ ਨੱਕ ਵਢਾਉਣ ਲੱਗਾ ਹੋਇਆ।" ਮਾਨ੍ਹੇ ਨੇ ਵੀ ਸਰੂਰ ਵਿਚ ਆ ਕੇ ਮਨ ਦੀ ਭੜਾਸ ਕੱਢੀ ਸੀ।
"ਮਾਨਿਆ ਜੇ ਏਹ ਗੱਲ ਐ ਨਾ, ਫਿਰੀ ਏਸ ਬਾਰੀਆ ਮੈਂ ਆਪਣੇ ਮੁਹੱਲੇ ਦੀ ਇਕ ਬੀ ਬੇਟ ਨੀ ਪੈਣ ਦੇਣੀ ਏਸ ਮਾਂ ਦੇ ਨੂੰ ਫਿਰੀ ਦਿੱਖੀ ਲੈਨਾ ਕੀਆਂ ਸਰਪੰਚ ਬਣੀ ਜਾਂਦਾ। ਕੱਲੀਆਂ ਆਧਰਮੀਆਂ ਦੀਆਂ ਚਾਰ ਵੋਟਾਂ ਦੇ ਸਿਰ।" "ਸੱਚੀ ਗਲਾਨਾ ਲੰਬੜਾ ?" ਮਾਨ ਸਿੰਘ ਨੇ ਲੜਖੜਾਉਂਦੀ ਜ਼ੁਬਾਨ ਵਿਚ ਪੁੱਛਿਆ ਸੀ।