

ਮਾਰਨ ਦੀ ਕੋਸ਼ਿਸ਼ ਕਰਨੀ। ਇਸ 'ਤੇ ਜਿਹੜਾ ਕੇਸ ਬਣਦਾ ਐ, ਉਸ ਤੋਂ ਇਸ ਦਾ ਬਚਾਅ ਕੋਈ ਨੀ। ਸਾਰੀ ਉਮਰ ਲੰਘੀ ਜਾਣੀ ਜੇਲ੍ਹ ਵਿਚ, ਨਾਲ ਹੀ ਫੌਜਣ ਦੀ ਵੀ।"
"ਨਹੀਂ ਸਾਬ੍ਹ ਬਹਾਦਰ ਜੀ ਤੁਹਾਡੇ ਕੋਲ ਸਾਰੇ ਉਪਾਅ ਹੋਗੇ। ਏਸ ਮਸਲੇ ਨੂੰ ਇਥੇ ਈ ਮੁਕਾਈ ਦੇਗੀ। ਜੀਆਂ ਤੁਸੀਂ ਗਲਾਂਗੇ, ਊਆਂ ਹੀ ਹੋਗ। ਨਾਲੇ ਉਣ ਤਰਕਾਲਾਂ ਪਈ ਗਈਆਂ। ਤੁਸਾਂ ਜੋ ਪੈਦਲ ਕੀਆਂ ਜਾਂਗੇ ਪੰਜ- ਛੇ ਕਿਲੋਮੀਟਰ ਖੱਡਾ ਬਿੱਚੋਂ। ਉਪਰੋਂ ਢੱਡੂ ਬਗਦਾ। ਕੈਰਾਂ ਦੀ ਠੰਡ ਏ। ਚਲੋ ਤੁਸੀਂ ਸਰਪੰਚ ਹੋਰਾਂ ਦੇ ਚਲੀ ਕੇ ਬੈਠੇ। ਉੱਥੇ ਬਈ ਕੇ ਗੱਲ ਮੁਕਾਈ ਲੈਨੇ ਆਂ। ਅਸਾਂ ਜੋ ਤੁਹਾਡੇ ਤੋਂ ਨਾਬਰ ਨੀ । ਉਣ ਰੈਹਮ ਕਰੋ ਸਾਡੇ 'ਤੇ... ।" ਬਜ਼ੁਰਗਾਂ ਦੀ ਵਾਰ-ਵਾਰ ਮਿੰਨਤ 'ਤੇ ਠਾਣੇਦਾਰ ਕੁੱਝ ਨਰਮ ਪੈ ਗਿਆ ਸੀ।
ਰਾਤੀ ਪੁਲਿਸ ਪਾਰਟੀ ਨੇ ਸਰਪੰਚ ਦੇ ਘਰ ਡੇਰੇ ਲਾ ਲਏ ਸਨ। ਮੀਟ ਸ਼ਰਾਬ ਦਾ ਖੁੱਲ੍ਹ ਕੇ ਦੌਰ ਚੱਲਿਆ ਸੀ। ਇਸੇ ਦੌਰਾਨ ਬਲਵੰਤ ਵੀ ਆਪਣੇ ਮੁਹੱਲੇ ਦੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਠਾਣੇਦਾਰ ਨੂੰ ਵੱਖਰੇ ਤੌਰ 'ਤੇ ਮਿਲਿਆ ਸੀ। "ਸਾਬ੍ਹ ਉਣ ਮਾਨ੍ਹੇ ਨੇ ਸਰ੍ਹਾ ਬਿੱਚ ਆਪਣਾ ਜੁਰਮ ਕਬੂਲ ਕਰੀ ਲਿਆ। ਉਣ ਇਸ ਨੂੰ ਅਜਿਹੀ ਸਖ਼ਤ ਸਜਾ ਦੁਆਗੋ ਕੇ ਮੁੜ ਕੇ ਇਹ ਤਾਂ ਕੇ, ਇਦੀਆਂ ਔਣ ਵਾਲੀਆਂ ਪੁਸ਼ਤਾਂ ਬੀ ਚੇਤੇ ਰੱਖਣ। ਇਨ੍ਹਾਂ 'ਚੋਂ ਮੁੜੀ ਕੇ ਕੋਈ ਈਆਂ ਦੀ ਹਰਕਤ ਕਰਨ ਦਾ ਹੀਆ ਨਾ ਕਰੀ ਸਕੇ ।"
"ਓ ਬਈ, ਸਜ਼ਾ ਹੋਣੀ ਨਹੀਂ ਹੋਣੀ ਇਹ ਤਾਂ ਕੋਰਟਾਂ ਦਾ ਕੰਮ ਐ। ਆਪਾਂ ਤਾਂ ਐਫ.ਆਈ.ਆਰ. ਦਰਜ ਕਰਕੇ ਕੇਸ ਐਸ.ਡੀ.ਐਮ. ਕੋਲ ਭੇਜ ਦੇਣਾ ਏ। ਫਿਰ ਤੁਹਾਡੀ ਸ਼ਿਕਾਇਤ 'ਤੇ ਜਦੋਂ ਕਾਰਵਾਈ ਸ਼ੁਰੂ ਹੋਵੇਗੀ, ਉਸ ਵੇਲੇ ਗਵਾਹ ਤੁਸੀਂ ਪੇਸ਼ ਕਰਨੇ ਨੇ। ਮੰਨ ਲਵੋ ਹੇਠਲੀ ਅਦਾਲਤ ਵਿਚ ਤੁਸੀਂ ਜਿੱਤ ਵੀ ਜਾਂਦੇ ਹੋ, ਮਾਨ੍ਹਾ ਪੈਸੇ ਧੇਲੇ ਆਲਾ ਆਦਮੀ ਹੈ। ਉਹ ਉੱਚੀ ਅਦਾਲਤ ਵਿਚ ਵੀ ਜਾ ਸਕਦਾ, ਮਹਿੰਗਾ ਵਕੀਲ ਕਰਕੇ। ਤੁਹਾਡੇ ਵਿਚ ਹੈਗੀ ਇੰਨੀ ਹਿੰਮਤ, ਕਰ ਸਕਦੇ ਓ ਪੈਰਵੀ ਅੱਗੇ ਤੱਕ। ਮੈਨੂੰ ਕੀ ਐ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਸਵੇਰੇ ਜਾਂਦਿਆਂ ਹੀ ਕਾਰਵਾਈ ਪਾ ਦਿੰਦਾ ਹਾਂ। ਮੈਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ ਪਰ ਆਪਣਾ ਨਫਾ ਨੁਕਸਾਨ ਵੀ ਸੋਚ ਲਵੋ ਫਿਰ ਨਾ ਮੈਨੂੰ ਕਿਹਾ ਕਿ ਆਪਣਾ ਬੰਦਾ ਹੋ ਕੇ ਵੀ ਦੱਸਿਆ ਨਈਂ।" ਠਾਣੇਦਾਰ ਦੀ ਦਲੀਲ 'ਤੇ ਬਲਵੰਤ ਤੇ ਉਸ ਦੇ ਸਾਥੀ ਸੋਚਣ ਲਈ ਮਜ਼ਬੂਰ ਹੋ ਗਏ ਸਨ।
ਉਹ ਸਾਰੇ ਦਿਹਾੜੀਆਂ ਲਾਉਣ ਵਾਲੇ ਮਜ਼ਦੂਰ ਸਨ। ਰੋਜ਼ ਖੂਹ ਪੁਟਦੇ ਸਨ ਤੇ ਰੋਜ਼ ਪਿਆਸ ਬੁਝਾਉਂਦੇ। ਉਹ ਆਪਣੀ ਦੇ ਡੰਗ ਦੀ ਰੋਟੀ ਦਾ ਜੁਗਾੜ ਕਰਨਗੇ ਜਾਂ ਕੋਰਟ ਕਚਹਿਰੀ ਵਿਚ ਆਪਣੀ ਚਮੜੀ ਲੁਹਾਉਣਗੇ, ਧੱਕੇ ਖਾਉਣਗੇ। ਕਰਮੂ ਤਾਂ ਹੈ ਹੀ ਅੰਗੂਠਾ ਟੇਕ। ਪੱਲੇ ਟਕਾ ਵੀ ਹੈ ਨੀ। ਉਸ ਮੁਹੱਲੇ ਦੇ ਲਗਭਗ ਸਾਰੇ ਹੀ ਉਸ ਵਰਗੇ ਹੀ ਤਾਂ ਹਨ। ਕੌਣ ਤਰੀਕਾਂ ਭੁਗਤੇਗਾ ਕਰਮੂ ਨਾਲ ਆਪਣੀ ਦਿਹਾੜੀ ਛੱਡੇ ਕੇ। ਉਨ੍ਹਾਂ ਨੂੰ ਠਾਣੇਦਾਰ ਦੀਆਂ ਗੱਲਾਂ ਵਿਚ ਵਜ਼ਨ ਨਜ਼ਰ ਆਇਆ ਸੀ। "ਸਰਕਾਰ, ਫਿਰ ਤਾਂ ਮਾਨਾ ਸਾਫ਼-ਸਾਫ਼ ਬਚੀ