ਬੁਰਜੂਆ ਪ੍ਰੈੱਸ
ਜਿਹੜਾ ਗੰਦ ਮੰਦ ਤੁਸੀਂ ਵਰਤੀਆਂ ਹੋਈਆਂ ਚੀਜ਼ਾਂ ਦੇ ਬਾਜ਼ਾਰਾਂ ਵਿੱਚ ਵੇਖਦੇ ਹੋ ਉਹ ਤੁਹਾਨੂੰ ਦੱਸਦਾ ਹੈ ਕਿ ਬੀਤੇ ਦਿਨਾਂ ਵਿੱਚ ਲੋਕ ਕਿਵੇਂ ਰਹਿੰਦੇ ਸਨ; ਅਖ਼ਬਾਰਾਂ ਵਿੱਚ ਇਸ਼ਤਿਹਾਰ ਤੇ ਪੁਲਿਸ ਦੀਆਂ ਖ਼ਬਰਾਂ, ਲੋਕਾਂ ਦੀ ਵਰਤਮਾਨ ਜੀਵਨ ਜਾਚ ਬਾਰੇ ਚੰਗੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਜਦੋਂ ਮੈਂ ਅਖ਼ਬਾਰ ਦੀ ਗੱਲ ਕਰਦਾ ਹਾਂ, ਤਾਂ ਮੈਂ ਯੂਰਪ ਤੇ ਅਮਰੀਕਾ ਦੇ “ਸੱਭਿਆਚਾਰਕ ਕੇਂਦਰਾਂ" ਵਿੱਚ "ਜਨਤਕ ਗਿਆਨ ਦੀਆਂ" ਮੁੱਖ ਮਾਨਸਿਕ ਅਖ਼ਬਾਰਾਂ ਦਾ ਹਵਾਲਾ ਦੇ ਰਿਹਾ ਹਾਂ । ਬੁਰਜੂਆ ਅਖ਼ਬਾਰਾਂ ਨੂੰ ਪੜ੍ਹਨਾ ਮੈਂ ਇੰਝ ਲਾਹੇਵੰਦ ਸਮਝਦਾ ਹਾਂ ਜਿਵੇਂ ਨੌਕਰਾਂ ਵੱਲੋਂ ਆਪਣੇ ਮਾਲਕਾਂ ਦੇ ਅੰਦਰੂਨੀ ਜੀਵਨ ਬਾਰੇ ਹੁੰਦੀਆਂ ਗੱਲਾਂ ਬਾਤਾਂ ਨੂੰ ਸੁਣਨਾ ਲਾਹੇਵੰਦ ਹੁੰਦਾ ਹੈ । ਇੱਕ ਤੰਦਰੁਸਤ ਬੰਦੇ ਨੂੰ ਬੀਮਾਰੀਆਂ ਬਾਰੇ ਕੋਈ ਦਿਲਚਸਪੀ ਨਹੀਂ ਹੋ ਸਕਦੀ ਤੇ ਨਾ ਹੀ ਹੋਣੀ ਚਾਹੀਦੀ ਹੈ, ਪਰ ਡਾਕਟਰ ਆਪਣੇ ਫਰਜ਼ ਵੱਲੋਂ ਪਾਬੰਦ ਹੈ ਕਿ ਉਹ ਉਹਨਾਂ ਦਾ ਅਧਿਐਨ ਕਰੇ । ਡਾਕਟਰਾਂ ਤੇ ਪੱਤਰਕਾਰਾਂ ਵਿਚਾਲੇ ਇੱਕ ਗੱਲ ਸਾਂਝੀ ਹੈ: ਇਹ ਦੋਵੇਂ ਬੀਮਾਰੀਆਂ ਦੀ ਤਸ਼ਖੀਸ਼ ਕਰਦੇ ਹਨ ਤੇ ਉਹਨਾਂ ਬਾਰੇ ਦੱਸਦੇ ਹਨ। ਸਾਡੇ ਪੱਤਰਕਾਰ ਬੁਰਜੂਆ ਪੱਤਰਕਾਰਾਂ ਨਾਲੋਂ ਚੰਗੇਰੀ ਸਥਿਤੀ ਵਿੱਚ ਹਨ, ਕਿਉਂ ਜੋ ਉਹ ਸਮਾਜ ਦੇ ਦੁਖਦਾਈ ਵਰਤਾਰੇ ਦੇ ਆਮ ਕਾਰਨਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਇਸ ਲਈ ਇੱਕ ਸੋਵੀਅਤ ਪੱਤਰਕਾਰ ਬੁਰਜੂਆ ਪ੍ਰੈੱਸ ਦੀ ਸ਼ਹਾਦਤ ਬਾਰੇ ਇਤਨਾ ਸੁਚੇਤ ਤੇ ਸੋਘਾ ਜ਼ਰੂਰ ਹੋਣਾ ਚਾਹੀਦਾ ਹੈ ਜਿੰਨਾ ਇੱਕ ਡਾਕਟਰ ਇੱਕ ਰੋਗੀ ਦੀਆਂ ਚੀਕਾਂ ਤੇ ਰੌਣ ਧੋਣ ਬਾਰੇ ਸੁਚੇਤ ਹੁੰਦਾ ਹੈ। ਜੇ ਸਾਡੇ ਦੇਸ਼ ਵਿੱਚ ਕੋਈ ਪ੍ਰਤਿਭਾਸ਼ਾਲੀ ਵਿਅਕਤੀ ਹੁੰਦਾ ਤੇ ਉਹ ਕਿਸੇ "ਸੱਭਿਆਚਾਰਕ ਕੇਂਦਰ" ਦੀਆਂ ਅਖ਼ਬਾਰਾਂ ਵਿੱਚ ਪੁਲਸ ਦੀਆਂ ਮਿਤੀਵਾਰ ਖ਼ਬਰਾਂ ਤੋਂ ਚੋਖੀ ਮਾਤਰਾ ਵਿੱਚ ਤੱਥ ਇਕੱਤਰ ਕਰਦਾ ਅਤੇ ਇਹਨਾਂ ਤੱਥਾਂ ਦਾ ਵਿਭਾਗੀ ਸਟੋਰਾਂ, ਰੈਸਟੋਰੈਂਟਾਂ ਤੇ ਮਨੋਰੰਜਨ ਦੇ ਭਵਨਾਂ ਦੇ ਇਸ਼ਤਿਹਾਰਾਂ ਨਾਲ ਅਤੇ ਸਮਾਗਮਾਂ, ਸਵਾਗਤੀ ਸਮਾਰੋਹਾਂ ਤੇ ਆਮ ਉਤਸਵਾਂ ਦੇ ਵਰਣਨਾਂ ਨਾਲ ਟਾਕਰਾ ਕਰਦਾ ਅਤੇ ਜੇ ਉਹ ਇਸ ਸਮੱਗਰੀ ਨੂੰ ਉਸ ਵਿਧੀ ਅਨੁਸਾਰ ਪੇਸ਼ ਕਰਦਾ ਜਿਹੜੀ ਜੋਨ ਡੋਸ ਪਾਸੋਸ ਨੇ ਆਪਣੇ ਬਹੁਤ ਹੀ ਦਿਲਚਸਪ ਨਾਵਲ ਮਾਨਹਟਨ ਟਰਾਂਸਫਰ ਵਿੱਚ ਵਰਤੀ ਹੈ ਤਾਂ ਅਸੀਂ ਵਰਤਮਾਨ ਬੁਰਜੂਆ ਸਮਾਜ ਦੇ "ਸੱਭਿਆਚਾਰਕ" ਜੀਵਨ ਦੀ ਇੱਕ ਚੁੰਧਿਆਉਣ ਤੇ ਚਕਰਾ ਦੇਣ ਵਾਲੀ ਤਸਵੀਰ ਪ੍ਰਾਪਤ ਕਰਦੇ।