ਪਰ, ਫਿਰ ਵੀ ਯੂਰਪੀ ਤੇ ਅਮਰੀਕੀ ਬੁੱਧੀਜੀਵੀਆਂ ਦਾ ਇੱਕ ਬਹੁਤ ਹੀ ਛੋਟਾ ਹਿੱਸਾ ਮਹਿਸੂਸ ਕਰਦਾ ਹੈ ਕਿ ਉਹ ਹਰ ਹਾਲਤ ਵਿੱਚ "ਖਾਰਜ ਕੀਤੇ ਗਏ ਮੱਧ ਵਰਗ ਦੇ ਕਾਨੂੰਨ" ਅਧੀਨ ਆਉਂਦੇ ਹਨ ਅਤੇ ਹਰ ਸਮੇਂ ਉਹਨਾਂ ਦੇ ਸਾਹਮਣੇ ਕਿਹੜੇ ਪਾਸੇ ਹੋਣ ਦਾ ਸੁਆਲ ਖਲ੍ਹੋਤਾ ਹੈ। ਕੀ, ਪੁਰਾਣੀ ਆਦਤ ਅਨੁਸਾਰ ਪ੍ਰੋਲੇਤਾਰੀ ਦੇ ਵਿਰੁੱਧ ਬੁਰਜੂਆਜ਼ੀ ਦੇ ਪੱਖ ਵਿੱਚ ਜਾਂ ਅਣਖ ਦੇ ਹੁਕਮ ਅਨੁਸਾਰ ਬੁਰਜੂਆਜ਼ੀ ਦੇ ਵਿਰੁੱਧ ਪ੍ਰੋਲੇਤਾਰੀ ਦੇ ਹੱਕ ਵਿੱਚ। ਬੁੱਧੀਜੀਵੀ ਵਰਗ ਦੀ ਬਹੁਗਿਣਤੀ ਪੂੰਜੀਵਾਦ ਦੀ ਇੱਕ ਅਜਿਹੇ ਮਾਲਕ ਦੀ ਸੇਵਾ ਕਰਕੇ ਹੀ ਸੰਤੁਸ਼ਟ ਹਨ ਜੋ ਆਪਣੇ ਸੇਵਕਾਂ ਦੇ ਢਾਰਸ ਦੇਣ ਵਾਲਿਆਂ ਦੀ ਸ੍ਰਿਸ਼ਟਾਚਾਰੀ ਲਚਕ ਤੋਂ ਪੂਰੀ ਤਰ੍ਹਾਂ ਜਾਣੂ ਹੁੰਦਿਆਂ ਅਤੇ ਉਹਨਾਂ ਦੇ ਮੰਨ ਮਨੇਵੇ ਵਾਲੇ ਕੰਮ ਦੀ ਵਿਅਰਥਤਾ ਤੇ ਨਾਪਾਇਦਾਰੀ ਨੂੰ ਵੇਖਦਿਆਂ ਉਹਨਾਂ ਨੂੰ ਖੁੱਲ੍ਹੇ ਤੌਰ 'ਤੇ ਤੁੱਛ ਸਮਝਣ ਲੱਗ ਪਿਆ ਹੈ ਅਤੇ ਇਹ ਸ਼ੱਕ ਪ੍ਰਗਟ ਕਰਦਾ ਹੈ ਕਿ ਅਜਿਹੇ ਸੇਵਕਾਂ ਤੇ ਢਾਰਸ ਬੰਨ੍ਹਾਉਣ ਵਾਲਿਆਂ ਦੀ ਜ਼ਰੂਰਤ ਵੀ ਹੈ।
ਮੈਨੂੰ ਅਕਸਰ ਮੱਧ ਵਰਗ ਦੇ ਅਸੱਭਿਅ ਲੋਕਾਂ ਨੂੰ ਢਾਰਸ ਦੇਣ ਵਾਲੇ ਮਾਹਿਰਾਂ ਦੀਆਂ ਚਿੱਠੀਆਂ ਮਿਲਦੀਆਂ ਰਹਿੰਦੀਆਂ ਹਨ। ਮੈਂ ਇੱਕ ਚਿੱਠੀ ਦਾ ਹਵਾਲਾ ਦੇਣਾ ਚਾਹਾਂਗਾ ਜੋ ਮੈਨੂੰ ਸਿਟੀਜ਼ਨ ਸਵੇਨ ਏਲਵਰਸਟਡ ਤੋਂ ਮਿਲੀ ਹੈ:
"ਪਿਆਰੇ ਮਿਸਟਰ ਗੋਰਕੀ,
"ਉਸ ਭਿਆਨਕ ਆਰਥਕ ਸੰਕਟ ਦੇ ਕਾਰਨ, ਜਿਸ ਨੇ ਧਰਤੀ ਉਤਲੇ ਸਾਰੇ ਦੇਸ਼ਾਂ ਨੂੰ ਜਕੜ ਰੱਖਿਆ ਹੈ ਸਾਰੇ ਸੰਸਾਰ ਉੱਤੇ ਘੋਰ ਉਦਾਸੀ ਤੇ ਨਿਰਾਸ਼ਾ ਅਤੇ ਭਿਅੰਕਰ ਘਬਰਾਹਟ ਪਸਰੀ ਪਈ ਹੈ। ਇਸ ਸੰਸਾਰ ਦੁਖਾਂਤ ਨੇ ਨਾਰਵੇ ਦੇ ਸਭ ਤੋਂ ਵੱਡੀ ਇਸ਼ਾਇਤ ਵਾਲੇ ਅਖ਼ਬਾਰ ਟਾਈਡਨਜ਼ ਟੇਗਨ ਵਿੱਚ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਤ ਕਰਨ ਲਈ ਪਰੇਰਿਆ ਹੈ ਜਿਨ੍ਹਾਂ ਲੇਖਾਂ ਦਾ ਉਦੇਸ਼ ਇਸ ਭਿਆਨਕ ਤਬਾਹੀ ਦੇ ਸ਼ਿਕਾਰ ਹੋਏ ਕਰੋੜਾਂ ਲੋਕਾਂ ਵਿੱਚ ਇੱਕ ਨਵੀਂ ਭਾਵਨਾ ਤੇ ਆਸ ਪੈਦਾ ਕਰਨਾ ਹੈ। ਸੋ, ਮੈਂ ਇਹ ਯੋਗ ਸਮਝਿਆ ਹੈ ਕਿ ਲੇਖਕਾਂ, ਕਲਾਕਾਰਾਂ, ਵਿਗਿਆਨੀਆਂ ਤੇ ਸਿਆਸਤਦਾਨਾਂ ਨੂੰ ਇਹ ਬੇਨਤੀ ਕਰਾਂ ਉਹ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਦੀ ਦੁਖਦਾਈ ਹਾਲਤ ਦੇ ਵਿਸ਼ੇ ਬਾਰੇ ਆਪਣੀਆਂ ਰਾਵਾਂ ਦੇਣ ਦੀ ਕ੍ਰਿਪਾਲਤਾ ਕਰਨ। ਹਰ ਦੇਸ਼ ਦੇ ਹਰ ਨਾਗਰਿਕ ਸਾਹਮਣੇ ਇਹੋ ਚੋਣ ਰਹਿ ਗਈ ਹੈ: ਜਾਂ ਤਾਂ ਉਹ ਜ਼ਾਲਮ ਹੋਣੀ ਦੀਆਂ ਘਾਤਕ ਸੱਟਾਂ ਹੇਠ ਤਬਾਹ ਹੋ ਜਾਵੇ ਜਾਂ ਫਿਰ ਸੈਕਟ ਦੇ ਸੁਖਾਵੇਂ ਹੱਲ ਦੀ ਆਸ ਵਿੱਚ ਲੜਨਾ ਜਾਰੀ ਰੱਖੇ। ਹਰ ਕਿਸੇ ਨੂੰ ਅਜਿਹੀ ਆਸ ਦੀ ਜ਼ਰੂਰਤ ਹੈ ਕਿ ਵਰਤਮਾਨ ਦੁਖਦਾਈ ਹਾਲਤ ਖੁਸ਼ੀ ਖੁਸ਼ੀ ਸਮਾਪਤ ਹੋ ਜਾਵੇ ਅਤੇ ਇਹ ਆਸ ਹਰ ਕਿਸੇ ਦੇ ਸੀਨੇ ਵਿੱਚ ਇੱਕ ਅਜਿਹੇ ਮਨੁੱਖ ਦੀ ਆਸ਼ਾਵਾਦੀ ਰਾਏ ਪੜ੍ਹ ਕੇ ਹੋਰ ਵੀ ਪ੍ਰਜਵਲਤ ਹੋ ਜਾਵੇਗੀ ਜਿਸ ਦੇ ਸ਼ਬਦਾਂ ਨੂੰ ਸਾਰੇ ਬੜੇ ਗਹੁ ਨਾਲ ਸੁਣਨ ਦੇ ਆਦੀ ਹਨ। ਇਸ ਲਈ, ਮੈਂ ਤੁਹਾਥੋਂ ਇਹ ਬੇਨਤੀ ਕਰਨ ਦੀ ਖੁੱਲ੍ਹ ਲੈਂਦਾ ਹਾਂ ਕਿ ਤੁਸੀਂ ਮੈਨੂੰ ਵਰਤਮਾਨ ਸਥਿਤੀ ਬਾਰੇ ਆਪਣੇ ਵਿਚਾਰ ਲਿਖ ਭੇਜੋ । ਇਹ ਭਾਵੇਂ ਤਿੰਨ ਜਾਂ ਚਾਰ ਸਤਰਾਂ ਤੋਂ ਵੱਧ ਨਾ ਹੋਣ, ਪਰ ਇਹ ਨਿਰਸੰਦੇਹ, ਕਈਆਂ ਨੂੰ ਨਿਰਾਸ਼ਾ ਤੋਂ ਬਚਾ ਲੈਣਗੇ ਅਤੇ ਉਹਨਾਂ ਵਿੱਚ ਭਵਿੱਖ ਦੀ ਦਲੇਰੀ ਨਾਲ ਟਾਕਰਾ ਕਰਨ ਦੀ ਤਾਕਤ ਭਰ ਦੇਣਗੇ।