

ਕੇ. ਪੀ. ਪਿਆਤਨਿਤਸਕੀ ਨੂੰ
1 ਮਈ, 1906, ਨਿਊਯਾਰਕ।
ਮੇਰੇ ਪਿਆਰੇ ਦੋਸਤ, ਤੂੰ ਜਾਣਨਾ ਚਾਹੁੰਦਾ ਏਂ ਕਿ ਅਸੀਂ ਯੂਰਪ ਨੂੰ ਕਦੋਂ ਮੁੜਨਾ ਚਾਹੁੰਦੇ ਹਾਂ। ਮੈਂ ਪਹਿਲਾਂ ਹੀ ਤੈਨੂੰ ਲਿਖ ਚੁੱਕਿਆ ਹਾਂ, ਮੇਰੇ ਵਿਚਾਰ ਵਿੱਚ ਛੇਤੀ ਨਹੀਂ ਮੁੜ ਸਕਾਂਗੇ, ਨਵੰਬਰ ਤੋਂ ਪਹਿਲਾਂ ਤਾਂ ਬਿਲਕੁੱਲ ਨਹੀਂ। ਜੇ ਇਸ ਫੇਰੀ ਦਾ ਕੋਈ ਚੰਗਾ ਸਿੱਟਾ ਨਿਕਲਦਾ ਵਿਖਾਈ ਦਿੱਤਾ ਤਾਂ ਮੈਂ ਪਤਝੜ ਤੱਕ ਇੱਥੇ ਜ਼ਰੂਰ ਠਹਿਰਾਂਗਾ।
ਗਰਮੀਆਂ ਵਿੱਚ ਮੈਂ ਪਹਾੜਾਂ 'ਤੇ ਚੱਲਿਆ ਜਾਵਾਂਗਾ ਤੇ ਉੱਥੇ ਕੰਮ ਕਰਾਂਗਾ । ਹਾਂ, ਤੇਰਾ ਇੱਥੇ ਆਉਣ ਬਾਰੇ ਕੀ ਵਿਚਾਰ ਹੈ ? ਸਾਨੂੰ ਪਹਾੜਾਂ ਉੱਤੇ ਇੱਕ ਸਾਰੇ ਦਾ ਸਾਰਾ ਮਕਾਨ ਕੇਵਲ ਸਾਡੇ ਲਈ ਦੇ ਦਿੱਤਾ ਗਿਆ ਹੈ ਅਤੇ ਅਸੀਂ ਉੱਥੇ ਬੁੱਲੇ ਲੁੱਟਾਂਗੇ। ਇਸ ਬਾਰੇ ਸੋਚ ਲੈ। ਈਮਾਨਦਾਰੀ ਦੀ ਗੱਲ ਹੈ ਕਿ ਤੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉੱਥੋਂ ਤੁਰੰਤ ਇੱਥੇ ਆ ਜਾਣਾ ਚਾਹੀਦਾ ਹੈ। ਤੂੰ ਜਾਣਦਾ ਹੀ ਏਂ, ਅਮਰੀਕੀ ਸੱਚਮੁੱਚ ਇੱਕ ਖਾਸ ਚੀਜ਼ ਹਨ, ਉਹਨਾਂ ਨੂੰ ਮਿਲਣਾ ਤੇ ਵੇਖਣਾ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ। ਇੱਥੇ ਅਚੰਭਾਜਨਕ ਦਿਲਚਸਪ ਗੱਲਾਂ ਹਨ ਅਤੇ ਬਹੁਤ ਹੀ ਖੂਬਸੂਰਤ, ਜਿਨ੍ਹਾਂ ਨੂੰ ਵੇਖ ਕੇ ਮੈਂ ਦੰਗ ਹੀ ਰਹਿ ਗਿਆ। ਕੋਈ ਤਿੰਨ ਦਿਨ ਹੋਏ ਅਸਾਂ ਕਾਰ ਵਿੱਚ ਨਿਊਯਾਰਕ ਦਾ ਚੱਕਰ ਲਾਇਆ ਅਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਹਡਸਨ ਦਰਿਆ ਦੇ ਕੰਢੇ ਬਹੁਤ ਹੀ ਸੁੰਦਰ ਤੇ ਪ੍ਰਭਾਵਸ਼ਾਲੀ ਹਨ। ਸੱਚਮੁੱਚ ਦਿਲ ਨੂੰ ਟੁੰਬਣ ਵਾਲੇ ਹਨ। ਕਾਰਾਂ ਇੱਥੇ ਇਤਨੀ ਤੇਜ਼ੀ ਨਾਲ ਉੱਡਦੀਆਂ ਹਨ ਕਿ ਤੁਹਾਨੂੰ ਆਪਣਾ ਸਿਰ ਦੋਹਾਂ ਹੱਥਾਂ ਨਾਲ ਪਕੜ ਕੇ ਰੱਖਣਾ ਪਏਗਾ ਜੋ ਤੁਸੀਂ ਨਹੀਂ ਚਾਹੁੰਦੇ ਕਿ ਹਵਾ ਉਸ ਨੂੰ ਧੜ ਤੋਂ ਵੱਖ ਨਾ ਕਰ ਦੇਵੇ।
ਅਜੇ ਮੇਰੇ ਰਾਹ ਵਿੱਚ ਅੜਿੱਕੇ ਹਨ, ਪਰ ਮੈਂ ਕਿਸੇ ਹੱਦ ਤੱਕ ਇਨ੍ਹਾਂ ਦਾ ਆਦੀ ਹੋ ਗਿਆ ਹਾਂ ਅਤੇ ਮੈਂ ਵੀ ਦੂਜਿਆਂ ਦੀਆਂ ਗਲਤੀਆਂ ਪਕੜਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਦੋਂ ਇਹ ਆਸਾਨੀ ਨਾਲ ਫੜੀਆਂ ਜਾਣ। ਜਦੋਂ ਅਸੀਂ ਅਗਲੀ ਵਾਰ ਮਿਲਾਂਗੇ ਤਾਂ ਤੂੰ ਇੱਕ ਅਸਲੀ ਅਮਰੀਕੀ ਠੱਗ ਨੂੰ ਮਿਲੇਂਗਾ ਅਤੇ ਉਹ ਮੈਂ ਹੀ ਹੋਵਾਂਗਾ।
ਮੈਂ ਅੰਗਰੇਜ਼ੀ ਲਿਖਦਾ ਹਾਂ, ਖੁਲਾਸੇ ਪੜ੍ਹਦਾ ਹਾਂ ਅਤੇ ਬੋਲਣੀ ਸਿਖਦਾ ਹਾਂ। ਇਹ ਇਸ ਤਰ੍ਹਾਂ ਦਾ ਔਖਾ ਕੰਮ ਹੈ ਜਿਵੇਂ ਦੰਦਾਂ ਨਾਲ ਮੇਖਾਂ ਪੁੱਟਣੀਆਂ। ਇੱਕ ਇੱਕ ਸ਼ਬਦ ਦਾ ਉਚਾਰਨ ਤੇ ਜੋੜ ਯਾਦ ਕਰਨਾ ਪੈਂਦਾ ਹੈ। ਇਹ ਨੇਮਾਂ ਦੇ ਪੁਜਾਰੀ ਅਰਾਜਕਤਾਵਾਦੀਆਂ ਦੀ ਭਾਸ਼ਾ ਬੋਲਦੇ ਹਨ - ਇਸ ਵਿੱਚ ਇੱਕ ਵੀ ਨੇਮ ਨਹੀਂ ਹੈ।
ਮੈਂ ਰੂਸੀ ਅਖ਼ਬਾਰਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚ ਮੇਰੇ ਕਾਰਨ ਅਮਰੀਕਨਾਂ ਦੀ ਲਾਹ ਪਾਹ ਕੀਤੀ ਗਈ ਹੈ। ਮੈਂ ਇਸ ਤੋਂ ਬਹੁਤ ਦੁੱਖੀ ਹੋਇਆ ਹਾਂ। ਮੈਂ ਟਵੰਟੀਅਥ ਸੈਂਚਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਆਪਣੇ ਸ਼ੁੱਭ ਚਿੰਤਕਾਂ ਨੂੰ ਮੱਧਮ ਜਿਹਾ ਇਸ਼ਾਰਾ ਕੀਤਾ ਹੈ ਕਿ ਉਹ ਕਿਸੇ ਹੱਦ ਤੱਕ ਨੁਕਤੇ ਤੋਂ ਉੱਕ ਗਏ ਹਨ।