

ਮੇਰੇ ਵਰਗੇ ਨਿਕੰਮੇ ਬੰਦੇ ਲਈ ਧਰਤੀ ਬੜੀ ਖੁਸ਼ ਰਹਿਣੀ ਥਾਂ ਹੈ ਅਤੇ ਤੇਰੇ ਲਈ ਕਿਹੋ ਜਿਹੀ ਹੈ ? ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਤੂੰ ਕਿਵੇਂ ਮਹਿਸੂਸ ਕਰਦਾ ਏਂ ?
ਹੱਛਾ, ਸ਼ੁਭ ਕਾਮਨਾਵਾਂ!
ਮੈਂ ਤੇਰੇ ਨਾਲ ਗਪ-ਸ਼ਪ ਕਰਨਾ ਚਾਹੁੰਦਾ ਸਾਂ। ਅਸਲ ਵਿੱਚ ਤੂੰ ਹੀ ਇੱਕ ਅਜਿਹਾ ਵਿਅਕਤੀ ਏਂ ਜਿਸ ਨਾਲ ਹਰ ਚੀਜ਼ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ, ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।
ਉਂਜ ਇੱਥੇ ਕਿਤਨੇ ਹੀ ਲੋਕ ਹਨ! ਅਤੇ ਮਨੁੱਖ ਕੁੱਝ ਕੁ ਹੀ ਹਨ ਪਰ ਇਤਨੇ ਉਦਾਸ। ਅਲਵਿਦਾ!
ਏ.
ਏ. ਵੀ. ਐਮਫਿਤੀਤਰੋਵ ਨੂੰ
ਅਗਸਤ ਦਾ ਅੰਤ, 1906, ਆਦਿਰੋਨਡਾਕਸ।
ਪਿਆਰੇ ਏ. ਵੀ.,
ਮੈਂ ਆਪਣੇ ਨਾਵਲ ਉੱਤੇ ਕੰਮ ਕਰ ਰਿਹਾ ਹਾਂ । ਮੈਂ ਇੱਕ ਵਹਿਸ਼ੀ ਦੀ ਹਿਰਸੀ ਜਿਗਿਆਸਾ ਨਾਲ ਅਮਰੀਕੀ ਸੱਭਿਆਚਾਰ ਨੂੰ ਵੀ ਵਾਚ ਰਿਹਾ ਹਾਂ। ਸਮੁੱਚੇ ਤੌਰ 'ਤੇ ਇਹ ਸਭ ਕੁੱਝ ਮੈਨੂੰ ਉਦਾਸ ਕਰ ਦੇਂਦਾ ਹੈ, ਪਰ ਕਈ ਵਾਰ ਮੈਂ ਇੱਕ ਪਾਗਲ ਵਾਂਗ ਹੱਸਦਾ ਹਾਂ । ਮੈਂ ਅਮਰੀਕਾ ਬਾਰੇ ਕੁੱਝ ਅਜਿਹੀ ਗੱਲ ਲਿਖਣ ਦੇ ਯੋਗ ਮਹਿਸੂਸ ਕਰਦਾ ਹਾਂ ਜਿਸ ਦੇ ਬਦਲੇ ਮੈਨੂੰ ਇੱਥੋਂ ਠੁੱਡੇ ਮਾਰ ਕੇ ਬਾਹਰ ਕੱਢਿਆ ਜਾਵੇਗਾ।
ਤੂੰ ਜਾਣਦਾ ਹੀ ਏਂ ਕਿ ਇਹ ਇੱਕ ਅਚੰਭਾਜਨਕ ਕੌਮ ਹਨ। ਭਾਵੇਂ ਕੁੱਝ ਵੀ ਇੱਥੇ ਛਪਾਵਾਂ ਇਹ ਤੁਰੰਤ ਉਸ ਉੱਤੇ ਇਤਰਾਜ਼ ਕਰਦੇ ਹਨ। ਜਿਸ ਫਾਰਮ ਵਿੱਚ ਮੈਂ ਰਹਿੰਦਾ ਹਾਂ ਉਸ ਦੇ ਬੂਹੇ ਉੱਤੇ ਊਟ ਪਟਾਂਗ ਇਤਰਾਜ਼ ਲਿਖ ਕੇ ਚਿਪਕਾ ਜਾਂਦੇ ਹਨ। ਜਿਵੇਂ ਹੀ ਉਹ ਮੈਨੂੰ ਸੜਕ ਉੱਤੇ ਜਾਂਦਾ ਵੇਖਦੇ ਹਨ ਟਿੱਡਿਆਂ ਵਾਂਗ ਉੱਛਲ ਕੇ ਲਾਂਭੇ ਹੋ ਜਾਂਦੇ ਹਨ। ਇਹ ਬੜਾ ਲੁਭਾਉਣਾ ਦ੍ਰਿਸ਼ ਹੁੰਦਾ ਹੈ। ਸਭ ਤੋਂ ਵੱਧ ਇਤਰਾਜ਼ ਸੈਨੇਟਰਾਂ ਵੱਲੋਂ ਆਏ ਹਨ।
ਮੈਨੂੰ ਆਸ ਹੈ ਕਿ ਨਵੰਬਰ ਵਿੱਚ ਮੈਂ ਪੈਰਿਸ ਵਿੱਚ ਹੋਵਾਂਗਾ।
ਉਦੋਂ ਤੱਕ ਅਲਵਿਦਾ।
ਮੈਨੂੰ ਮਾਂ ਮੁਕਾ ਲੈਣ ਦਿਓ ਫਿਰ ਮੈਂ ਤੈਨੂੰ ਇੱਕ ਛੋਟੀ ਕਹਾਣੀ "ਅਮਰੀਕਾ ਵਿੱਚ ਪ੍ਰਚਲਤ ਦ੍ਰਿਸ਼ ਨਾਲ" ਭੇਜਾਂਗਾ- ਜੇ ਮੈਂ ਨਾ ਭੇਜੀ ਤਾਂ ਜ਼ਰੂਰ ਪੁੱਛੀ।
ਤੁਸਾਂ ਦੋਹਾਂ ਨੂੰ ਪਿਆਰ ਤੇ ਸਤਿਕਾਰ।
ਏ. ਪੇਸ਼ਕੋਵ