

ਵਿਚਾਲੇ ਇੱਕ ਸੰਘਣੀ ਧਾਰਾ ਵਿੱਚ ਵਹੀ ਜਾਂਦੇ ਹਨ ਅਤੇ ਇਮਾਰਤਾਂ ਉਹਨਾਂ ਨੂੰ ਆਪਣੇ ਭੁੱਖੇ ਪੇਟਾਂ ਵਿੱਚ ਨਿਗਲੀ ਜਾ ਰਹੀਆਂ ਹਨ। ਸੱਜੇ ਪਾਸੇ ਦੀਆਂ ਇਮਾਰਤਾਂ ਉਹਨਾਂ ਨੂੰ ਸਦੀਵੀ ਸੰਤਾਪ ਦੇ ਭੈ ਨਾਲ ਡਰਾਉਂਦੀਆਂ ਇਹ ਐਲਾਨ ਕਰਦੀਆਂ ਹਨ:
"ਗੁਨਾਹ ਮਤ ਕਰੋ! ਇਹ ਖਤਰਨਾਕ ਗੱਲ ਹੈ।"
ਖੱਬੇ ਪਾਸੇ ਇਮਾਰਤਾਂ ਦੇ ਖੁੱਲ੍ਹੇ ਹਾਲ ਕਮਰਿਆਂ ਵਿੱਚ ਔਰਤਾਂ ਫਰਸ਼ ਉੱਤੇ ਹੌਲੀ ਹੌਲੀ ਨਚਦੀਆਂ ਚੱਕਰ ਕੱਟਦੀਆਂ ਹਨ ਤੇ ਦੁਆਲੇ ਦੀ ਹਰ ਚੀਜ਼ ਉਹਨਾਂ ਨੂੰ ਉਕਸਾਉਂਦੀ ਹੈ:
"ਗੁਨਾਹ ਕਰੋ! ਇਹ ਮਜ਼ੇਦਾਰ ਚੀਜ਼ ਹੈ...।"
ਬੱਤੀਆਂ ਦੀ ਰੋਸ਼ਨੀ ਨਾਲ ਅੰਨ੍ਹੇ ਹੋਏ, ਸਸਤੀ ਪਰ ਚਕਾਚੌਂਧ ਕਰਦੀ ਅੱਯਾਸ਼ੀ ਤੋਂ ਉਤੇਜਤ ਹੋਏ, ਸ਼ੋਰ ਸ਼ਰਾਬੇ ਨਾਲ ਨਸ਼ਿਆਏ ਲੋਕ ਘੁਣ ਵਾਂਗ ਖਾਈ ਜਾ ਰਹੀ ਉਕਤਾਹਟ ਦੇ ਮੱਧਮ ਨਾਚ ਦੇ ਚੱਕਰ ਵਿੱਚ ਜੁੜੀ ਜਾਂਦੇ ਹਨ ਅਤੇ ਬੜੇ ਚਾਅ ਨਾਲ ਅੰਨ੍ਹੇ ਵਾਹ ਖੱਬੇ ਪਾਸੇ ਵੱਲ ਗੁਨਾਹ ਕਰਨ ਲਈ ਅਤੇ ਸੱਜੇ ਪਾਸੇ ਦੇ ਘਰਾਂ ਵੱਲ ਤੁਰੀ ਜਾਂਦੇ ਹਨ ਜਿੱਥੇ ਪਾਰਸਾਈ ਦਾ ਪ੍ਰਚਾਰ ਹੁੰਦਾ ਹੈ।
ਇਹ ਖੱਬੇ ਤੇ ਸੱਜੇ ਦੀ ਮਸਤਾਨੀ ਆਵਾਜਾਈ ਸਦਾਚਾਰ ਦੇ ਅਤੇ ਗੁਨਾਹਾਂ ਦੇ ਵਪਾਰੀਆਂ ਲਈ ਇੱਕੋ ਜਿਹੀ ਲਾਹੇਵੰਦ ਹੈ।
ਜ਼ਿੰਦਗੀ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ ਕਿ ਲੋਕ ਛੇ ਦਿਨ ਤਾਂ ਕੰਮ ਕਰਨ ਅਤੇ ਸੱਤਵੇਂ ਦਿਨ ਗੁਨਾਹ। ਉਹ ਆਪਣੇ ਗੁਨਾਹਾਂ ਲਈ ਪੈਸੇ ਦੇਣ ਅਤੇ ਗੁਨਾਹ ਬਖਸ਼ਾਉਣ ਲਈ ਵੀ ਪੈਸੇ ਦੇਣ, ਬੱਸ ਇਹੋ ਹੈ ਜ਼ਿੰਦਗੀ ਹੋਰ ਕੁਝ ਨਹੀਂ।
ਬੱਝਵੀਂ ਰੌਸ਼ਨੀ ਸੁੱਟਣ ਵਾਲੀਆਂ ਬੱਤੀਆਂ ਰੋਹ ਵਿੱਚ ਆ ਕੇ ਹਜ਼ਾਰਾਂ ਸੱਪਾਂ ਵਾਂਗ ਫੁੰਕਾਰਦੀਆਂ ਹਨ ਅਤੇ ਲੋਕਾਂ ਦੀ ਕਾਲੀ ਮਖਿਆਰੀ ਭੀੜ ਇੱਕ ਉਦਾਸ ਨਪੁੰਸਕਤਾ ਨਾਲ ਭਿਣਭਿਣਾਉਂਦੀ ਹੈ, ਜਿਉਂ ਜਿਉਂ ਉਹ ਇਮਾਰਤਾਂ ਦੇ ਜਗਮਗਾਉਂਦੇ, ਸੁੰਦਰ ਜਾਲੇ ਵਿੱਚ ਫਸੇ ਚੱਕਰ ਕੱਟੀ ਜਾਂਦੇ ਹਨ। ਬਿਨਾਂ ਕਿਸੇ ਕਾਹਲ ਦੇ ਆਪਣੇ ਸਫਾ-ਚੱਟ ਚਿਹਰਿਆਂ ਉੱਤੇ ਬਿਨਾਂ ਕਿਸੇ ਮੁਸਕਰਾਹਟ ਦੇ ਜਿਲ੍ਹਿਆਂ ਵਾਂਗ ਉਹ ਹਰ ਦਰਵਾਜ਼ੇ ਵਿੱਚ ਦਾਖਲ ਹੁੰਦੇ ਹਨ, ਜਾਨਵਰਾਂ ਦੇ ਪਿੰਜਰਿਆਂ ਦੇ ਮੂਹਰੇ ਝੁੱਕ ਕੇ ਝਾਕਦੇ ਹਨ, ਤਮਾਕੂ ਚੰਬਦੇ ਤੇ ਥੁੱਕੀ ਜਾਂਦੇ ਹਨ।
ਇੱਕ ਬਹੁਤ ਵੱਡੇ ਪਿੰਜਰੇ ਵਿੱਚ ਇੱਕ ਆਦਮੀ ਕੁਝ ਬੰਗਾਲੀ ਚੀਤਿਆਂ ਦਾ ਪਿੱਛਾ ਕਰਦਾ ਘੁੰਮ ਰਿਹਾ ਹੈ, ਪਸਤੌਲ ਚਲਾਉਂਦਾ ਹੈ ਅਤੇ ਇੱਕ ਵਧੀਆ ਚਾਬਕ ਨਾਲ ਉਹਨਾਂ ਨੂੰ ਕੁੱਟ ਰਿਹਾ ਹੈ। ਡਰ ਨਾਲ ਪਾਗਲ ਹੋਏ, ਰੌਸ਼ਨੀਆਂ ਕਾਰਨ ਚੁੰਧਿਆਏ, ਸੰਗੀਤ ਤੇ ਗੋਲੀਆਂ ਚੱਲਣ ਦੀ ਅਵਾਜ਼ ਨਾਲ ਬੰਨ੍ਹੇ ਹੋਏ ਇਹ ਸੁੰਦਰ ਜਾਨਵਰ ਲੋਹੇ ਦੀਆਂ ਸੀਖਾਂ ਵਿਚਾਲੇ ਚੰਘਿਆੜਦੇ ਤੇ ਗਰਜਦੇ ਏਧਰ ਉੱਧਰ ਦੌੜਦੇ ਹਨ, ਉਹਨਾਂ ਦੀਆਂ ਹਰੀਆਂ ਅੱਖਾਂ ਲਿਸ਼ਕਦੀਆਂ ਹਨ, ਉਹਨਾਂ ਦੇ ਬੁੱਲ੍ਹ ਕੰਬਦੇ ਹਨ, ਆਪਣੇ ਗੁਸੈਲੇ ਦੰਦ ਬਾਹਰ ਕੱਢਦਿਆਂ, ਚਿੜ੍ਹੇ ਹੋਏ ਕਦੇ ਇੱਕ ਕਦੇ ਦੂਜਾ ਪੰਜਾ ਹਵਾ ਵਿੱਚ ਉਲਾਰਦੇ ਹਨ। ਪਰ ਆਦਮੀ ਫਿਰ ਉਹਨਾਂ ਦੀਆਂ ਅੱਖਾਂ 'ਤੇ ਵਾਰ ਕਰਦਾ ਹੈ ਅਤੇ ਖਾਲੀ ਕਾਰਤੂਸਾਂ ਦੀ ਅਵਾਜ਼ ਅਤੇ ਚਾਬਕ