

ਹਿਲਾਉਂਦੀ ਹੈ। ਉਹ ਖੁਸ਼ ਹੁੰਦਾ ਹੈ ਅਤੇ ਇੱਕ ਛਿਨ ਦੇ ਮਗਰੋਂ ਉਹ ਇਸੇ ਹਰਕਤ ਨੂੰ ਮੁੜ ਦੁਹਰਾਉਂਦਾ ਹੈ।
ਦਰਸ਼ਕਾਂ ਵਿੱਚ ਔਰਤਾਂ ਵੀ ਹਨ, ਉਹਨਾਂ ਵਿੱਚੋਂ ਕੁਝ ਤਾਂ ਹਰ ਹਾਲਤ ਵਿੱਚ ਮਾਂਵਾਂ ਹਨ। ਫਿਰ ਵੀ ਉਹਨਾਂ ਵਿੱਚੋਂ ਇੱਕ ਵੀ ਇਸ ਨੀਚ ਮਨੋਰੰਜਨ ਦੇ ਵਿਰੁੱਧ ਰੋਸ ਪ੍ਰਗਟ ਨਹੀਂ ਕਰਦੀ। ਉਹ ਸਾਰੀਆਂ ਇਸ ਦਾ ਅਨੰਦ ਮਾਣ ਰਹੀਆਂ ਹਨ...।
ਕੁਝ ਅੱਖਾਂ ਤਾਂ ਬਾਂਦਰੀ ਨੂੰ ਦਿੱਤੇ ਜਾ ਰਹੇ ਤਸੀਹਿਆਂ ਤੇ ਬੱਚੇ ਦੇ ਵਹਿਸ਼ੀ ਖੌਫ ਨੂੰ ਵੇਖਣ ਦੀ ਪੀੜਾ ਨਾਲ ਪਾਟ ਕੇ ਉੱਛਲ ਪੈਣ ਨੂੰ ਤਿਆਰ ਹਨ।
ਬੈਂਡ ਤੋਂ ਅੱਗੇ ਹਾਥੀ, ਇੱਕ ਵਡੇਰੀ ਉਮਰ ਦੇ ਭੱਦਰ ਪੁਰਸ਼ ਦਾ ਪਿੰਜਰਾ ਹੈ, ਜਿਸ ਦੇ ਸਿਰ ਦੀ ਖੁੱਥੜ ਜਿਹੀ ਚਮੜੀ ਲਿਸ਼ਕ ਰਹੀ ਹੈ। ਉਸਨੇ ਆਪਣੀ ਸੁੰਡ ਪਿੰਜਰੇ ਦੀਆਂ ਸੀਖਾਂ ਵਿੱਚੋਂ ਬਾਹਰ ਕੱਢੀ ਹੋਈ ਹੈ ਅਤੇ ਉਹ ਇਸ ਤਰ੍ਹਾਂ ਝੁਲਾ ਰਿਹਾ ਜਾਪਦਾ ਹੈ ਜਿਵੇਂ ਉਹ ਲੋਕਾਂ ਨੂੰ ਵਾਚ ਰਿਹਾ ਹੈ ਅਤੇ ਇੱਕ ਦਿਆਲੂ ਤੇ ਸੂਝਵਾਨ ਜਾਨਵਰ ਹੋਣ ਕਾਰਨ ਉਹ ਸੋਚ ਰਿਹਾ ਹੈ:
"ਨਿਰਸੰਦੇਹ, ਇਹ ਕੂੜਾ ਕਰਕਟ ਜੋ ਉਕਤਾਹਟ ਦੀ ਗੰਦੀ ਬਹੁਕਰ ਨਾਲ ਹੂੰਝਿਆ ਇਸ ਰਾਹ 'ਤੇ ਆ ਖਿਲਰਿਆ ਹੈ ਆਪਣੇ ਹੀ ਪੈਗੰਬਰਾਂ-ਜਿਵੇਂ ਕਿ ਮੈਂ ਬੁੱਢੇ ਹਾਥੀਆਂ ਦਾ ਕਥਨ ਸੁਣਿਆ ਹੋਇਆ ਹੈ, ਦੀ ਵੀ ਖਿੱਲੀ ਉਡਾਉਣ ਦੇ ਯੋਗ ਹੈ। ਫਿਰ ਵੀ ਮੈਂ ਬਾਂਦਰ ਲਈ ਅਫਸੋਸ ਮਹਿਸੂਸ ਕਰਨੋਂ ਨਹੀਂ ਰਹਿ ਸਕਦਾ । ਮੈਂ ਇਹ ਵੀ ਸੁਣਿਆ ਹੈ ਕਿ ਆਦਮੀ ਗਿੱਦੜਾਂ ਤੇ ਲੱਕੜਬੱਘਿਆਂ ਵਾਂਗ, ਕਈ ਵਾਰ ਇੱਕ ਦੂਜੇ ਨੂੰ ਟੁਕੜੇ ਟੁਕੜੇ ਕਰ ਦੇਂਦੇ ਹਨ, ਪਰ ਅਫਸੋਸ, ਇੰਝ ਕਰਨਾ ਬਾਂਦਰਾਂ ਲਈ ਇਤਨੀ ਸੁਖਾਲੀ ਗੱਲ ਨਹੀਂ।"
ਕੋਈ ਉਸ ਮਾਂ ਦੀਆਂ, ਜੋ ਆਪਣੇ ਬੱਚੇ ਦੀ ਹਿਫਾਜ਼ਤ ਕਰਨੋਂ ਅਸਮਰੱਥ ਹੈ ਦੁੱਖ ਨਾਲ ਉੱਛਲਦੀਆਂ ਅੱਖਾਂ ਵੱਲ ਅਤੇ ਉਸ ਬੱਚੇ ਦੀਆਂ ਅੱਖਾਂ ਵੱਲ ਜੋ ਮਨੁੱਖ ਦੇ ਡੂੰਘੇ ਬੇਕਿਰਕ ਖੌਫ ਨਾਲ ਜੰਮ ਗਈਆਂ ਹਨ ਵੇਖਦਾ ਹੈ, ਕੋਈ ਉਹਨਾਂ ਲੋਕਾਂ ਵੱਲ ਵੇਖਦਾ ਹੈ ਜਿਹੜੇ ਇੱਕ ਜਿਉਂਦੇ ਜਾਗਦੇ ਜੀਵ ਨੂੰ ਤਸੀਹੇ ਦੇਣ ਵਿੱਚ ਖੁਸ਼ੀ ਭਾਲਦੇ ਹਨ ਅਤੇ ਕੋਈ ਬਾਂਦਰੀ ਵੱਲ ਮੂੰਹ ਕਰਕੇ ਫੁਸਫਸਾਉਂਦਾ ਹੈ:
"ਜਾਨਵਰ ਜੀ। ਇਹਨਾਂ ਨੂੰ ਖਿਮਾ ਕਰ ਦਿਓ। ਸਮਾਂ ਪਾ ਕੇ ਇਹ ਸੁਧਰ ਜਾਣਗੇ..।"
ਨਿਰਸੰਦੇਹ, ਇੰਝ ਸੋਚਣਾ ਇੱਕ ਵਾਹਹਯਾਤ ਤੇ ਮੂਰਖਾਂ ਵਾਲੀ ਗੱਲ ਹੈ ਅਤੇ ਬੇਅਰਥ ਹੈ। ਹੈ ਕੋਈ ਅਜਿਹੀ ਮਾਂ ਜੋ ਆਪਣੇ ਬੱਚੇ ਨੂੰ ਦਿੱਤੇ ਗਏ ਤਸੀਹਿਆਂ ਨੂੰ ਖਿਮਾ ਕਰ ਦੇਵੇਗੀ? ਮੇਰੇ ਖਿਆਲ ਵਿੱਚ ਅਜਿਹੀ ਮਾਂ ਕਿਤੇ ਵੀ ਨਹੀਂ, ਇੱਥੋਂ ਤੱਕ ਕਿ ਕੁੱਤਿਆਂ ਵਿੱਚ ਵੀ ਨਹੀਂ...।
ਸੂਰਾਂ ਵਿੱਚ ਵੀ ਸ਼ਾਇਦ ਹੀ ਹੋਵੇ...।
ਹਾਂ, ਹਾਂ....।
ਅਤੇ ਇਸੇ ਤਰ੍ਹਾਂ - ਜਦੋਂ ਰਾਤ ਪੈਂਦੀ ਹੈ — ਰੋਸ਼ਨੀਆਂ ਦੇ ਇਸ ਸ਼ਹਿਰ ਦਾ ਭੂਤ ਪਰਛਾਵਾਂ ਮਹਾਂਸਾਗਰ ਦੇ ਕੰਢੇ ਉੱਤੇ ਜਗਮਗਾ ਉੱਠਦਾ ਹੈ। ਇਹ ਲੰਮੇ ਸਮੇਂ ਤੱਕ ਬਿਨਾਂ ਬਲਿਆ - ਰਾਤਰੀ ਅਕਾਸ਼ ਦੇ ਹਨ੍ਹੇਰੇ ਪਿਛੋਕੜ ਵਿੱਚ ਦਗਦਾ ਰਹਿੰਦਾ ਹੈ, ਇਸ ਦੀ ਸੁੰਦਰਤਾ ਮਹਾਂ ਸਾਗਰ ਦੀ ਚਮਕੀਲੀ ਚੌੜਿਤਣ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਅਰਧ-