

ਅਲਫ ਨੰਗੇ ਰੱਜੇ ਪੁੱਜੇ, ਕੱਸੇ ਹੋਏ ਤੇ ਲਿਸ਼ਕਦੇ ਜੁੱਸਿਆਂ ਨੂੰ ਵੇਖ ਕੇ ਭੀੜ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕਦੀ ਅਤੇ ਇਸ ਖੁਸ਼ੀ ਨੂੰ ਹਵਸੀ ਸ਼ਬਦਾਂ ਵਿੱਚ ਪ੍ਰਗਟ ਕਰਦੀ ਹੈ, ਸ਼ਬਦ ਜਿਹੜੇ ਬੜੇ ਉਤੇਜਤ, ਖੁਸ਼ਾਮਦੀ ਤੇ ਚਸਕੇਦਾਰ ਹਨ, ਸ਼ਬਦ ਜਿਹੜੇ ਇੱਕ ਭਾਰੇ ਤੇ ਗੰਦੇ ਹੱਥ ਦੀ ਚਪੇੜ ਵਾਂਗ ਗੁਦਗੁਦੇ ਤੇ ਮਜ਼ਬੂਤ ਹਨ...।
ਭੀੜ ਨੂੰ ਇੱਕ ਔਰਤ ਦੀ ਜ਼ਰੂਰਤ ਹੈ। ਇਸ ਦੀਆਂ ਅੱਖਾਂ ਤੇਜ਼ੀ ਨਾਲ ਕੋਲ ਦੀ ਲੰਘਦੀਆਂ ਸੁੰਦਰੀਆਂ ਦੇ ਪਤਲੇ ਗਠੀਲੇ ਸਰੀਰਾਂ ਨੂੰ ਹਾਬੜ ਕੇ ਨਿਹਾਰਦੀਆਂ ਲਿਸ਼ਕਦੀਆਂ ਹਨ।
ਉਹਨਾਂ ਦੇ ਬੱਚੇ ਵੀ ਬਹੁਤ ਸੁੰਦਰ ਵਿਖਾਈ ਦੇਂਦੇ ਹਨ। ਉਹਨਾਂ ਦੇ ਹਾਸੇ ਤੇ ਚੀਕਾਂ ਹਵਾ ਵਿੱਚ ਟੁਣਕਦੇ ਹਨ। ਸਾਫ ਸੁਥਰੇ ਕੱਪੜਿਆਂ ਵਿੱਚ ਸਿਹਤਮੰਦ ਬੱਚੇ, ਜਿਹਨਾਂ ਦੀਆਂ ਲੱਤਾਂ ਸਿੱਧੀਆਂ ਤੇ ਪਤਲੀਆਂ ਹਨ । ਗੁਲਾਬੀ ਗੱਲ੍ਹਾਂ ਵਾਲੇ ਬੜੇ ਚੁਸਤ ਤੇ ਹੁਸ਼ਿਆਰ...।
ਭੀੜ ਵਿਚਲੇ ਬੱਚਿਆਂ ਦੇ ਚਿਹਰੇ ਬੀਮਾਰ ਤੇ ਭੁੱਸੇ ਹਨ ਅਤੇ ਉਹਨਾਂ ਦੀਆਂ ਲੱਤਾਂ, ਇਸ ਜਾਂ ਉਸ ਕਾਰਨ ਵਿੰਗ ਤੜਿੰਗੀਆਂ ਹਨ। ਵਿੰਗ ਤੜਿੰਗੀਆਂ ਲੱਤਾਂ ਵਾਲੇ-ਇੱਕ ਬਹੁਤ ਹੀ ਆਮ ਗੱਲ ਹੈ। ਜ਼ਰੂਰ ਹੀ ਕਸੂਰ ਮਾਂਵਾਂ ਦਾ ਹੋਵੇਗਾ। ਉਹਨਾਂ ਨੂੰ ਜਨਮ ਦੇਣ ਸਮੇਂ ਉਹ ਨੌਂ ਮਹੀਨੇ ਅਜਿਹਾ ਕੰਮ ਕਰਦੀਆਂ ਹੋਣਗੀਆਂ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ....।
ਇਹ ਟਾਕਰੇ ਭੀੜ ਦੇ ਹਨ੍ਹੇਰੇ ਦਿਲ ਵਿੱਚ ਸਾੜਾ ਤੇ ਜਲਣ ਨੂੰ ਜਨਮ ਦੇਂਦਾ ਹਨ।
ਇਸ ਦੀ ਖਿੱਝ ਵਿੱਚ ਇੱਕ ਵੈਰ ਭਾਵ ਵੀ ਸ਼ਾਮਲ ਹੋ ਗਿਆ ਹੈ, ਜੋ ਸਾੜੇ ਤੇ ਜਲਣ ਦੀ ਜ਼ਰਖੇਜ਼ ਭੋਏਂ ਤੇ ਭਰਪੂਰ ਰੂਪ ਵਿੱਚ ਪ੍ਰਫੁਲਤ ਹੁੰਦਾ ਹੈ । ਭਾਰੀ ਕਾਲਾ ਸਰੀਰ ਆਪਣੇ ਅੰਗ ਬੜੀ ਬੇਡੌਲਤਾ ਨਾਲ ਹਿਲਾਉਂਦਾ ਹੈ, ਸੈਂਕੜੇ ਅੱਖਾਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਉਹ ਅਜੀਬ ਤੇ ਅਸਪੱਸ਼ਟ ਸਮਝਦੀਆਂ ਹਨ ਇੱਕ ਤੁਲਵੀਂ ਤੇ ਚੁੱਭਵੀਂ ਨਜ਼ਰ ਨਾਲ ਵੇਖਦੀਆਂ ਹਨ।
ਭੀੜ ਮਹਿਸੂਸਦੀ ਹੈ ਕਿ ਇਸ ਦਾ ਇੱਕ ਦੁਸ਼ਮਣ ਹੈ, ਇੱਕ ਚਲਾਕ ਤੇ ਤਾਕਤਵਰ ਦੁਸ਼ਮਣ ਜੋ ਹਰ ਪਾਸੇ ਹਰ ਥਾਂ 'ਤੇ ਪਸਰਿਆ ਹੋਇਆ ਹੈ ਇਸੇ ਲਈ ਉਹ ਹੱਥ ਵਿੱਚ ਨਹੀਂ ਆਉਂਦਾ। ਉਹ ਕਿਤੇ ਨੇੜੇ ਜਿਹੇ ਹੈ ਅਤੇ ਫਿਰ ਵੀ ਵਿਖਾਈ ਨਹੀਂ ਦੇਂਦਾ। ਉਹ ਸਾਰੇ ਸੁਆਦਲੇ ਭੋਜਨ, ਹੁਸੀਨ ਔਰਤਾਂ, ਲਾਲ ਸੂਹੇ ਬੱਚੇ, ਬੱਘੀਆਂ, ਚਮਕੀਲੇ ਰੇਸ਼ਮੀ ਕੱਪੜੇ ਆਪ ਹਥਿਆ ਲੈਂਦਾ ਹੈ ਅਤੇ ਇਹ ਸਭ ਕੁਝ ਆਪਣੇ ਚਹੇਤਿਆਂ ਨੂੰ ਦੇ ਦੇਂਦਾ ਹੈ—ਪਰ ਭੀੜ ਨੂੰ ਨਹੀਂ। ਭੀੜ ਨੂੰ ਉਹ ਧਿਤਕਾਰਦਾ ਤੇ ਤ੍ਰਿਸਕਾਰਦਾ ਹੈ ਅਤੇ ਜਿਵੇਂ ਭੀੜ ਉਸ ਨੂੰ ਨਹੀਂ ਵੇਖਦੀ, ਇਸੇ ਤਰ੍ਹਾਂ ਉਹ ਵੀ ਭੀੜ ਨੂੰ ਨਹੀਂ ਵੇਖਦਾ...।
ਭੀੜ ਕੁਝ ਭਾਲਦੀ ਹੈ, ਸੁਰੜ ਸੁਰੜ ਕਰਦੀ ਹੈ। ਇਹ ਹਰ ਸ਼ੈਅ ਨੂੰ ਵਾਚਦੀ ਹੈ। ਪਰ ਇਹ ਸਭ ਕੁਝ ਆਮ ਵਰਗੀ ਗੱਲ ਹੈ ਅਤੇ ਭਾਵੇਂ ਗਲੀਆਂ ਦੇ ਜੀਵਨ ਵਿੱਚ ਬਹੁਤ ਕੁਝ ਹੈ ਜੋ ਨਵਾਂ ਤੇ ਅਨੋਖਾ ਹੈ, ਇਹ ਵਹੀ ਜਾ ਰਿਹਾ ਹੈ। ਭੀੜ ਕੋਲੋਂ ਇਸ ਦੇ ਵੈਰ ਭਾਵ ਦੀਆਂ ਤਣੀਆਂ ਤਣਾਵਾਂ ਨੂੰ ਅਤੇ ਕਿਸੇ ਨੂੰ ਪਕੜ ਕੇ ਕਾਬੂ ਕਰਨ ਦੀ ਤੇ ਉਸ ਨੂੰ ਕੁਚਲ ਦੇਣ ਦੀ ਧੁੰਦਲੀ ਜਿਹੀ ਇੱਛਾ ਨੂੰ ਛੋਹੇ ਬਿਨਾਂ ਟਪੂਸੀਆਂ ਮਾਰਦਾ ਲੰਘੀ ਜਾ ਰਿਹਾ ਹੈ।