Back ArrowLogo
Info
Profile

ਜਾਨਵਰ ਵਾਂਗ ਗਰਜਦੀ, ਕਾਰਾਂ ਨਾਲ ਟਕਰਾਉਂਦੀ, ਉਹਨਾਂ ਉੱਤੇ ਆਪਣੀ ਕਾਲਖ ਦਾ ਪੇਚਾ ਫੇਰਦੀ ਕਾਲੀ ਕਾਂਗ ਦੇ ਖੌਫ ਨੇ ਘੁੱਟ ਦਿੱਤੀ ਹੈ।

ਤ੍ਰਬਕ ਕੇ ਛੋਟੇ ਛੋਟੇ ਹਟਕੋਰੇ ਲੈ ਕੇ ਥਰਥਰਾਂਦਿਆਂ ਕਾਰ ਦੀ ਬਾਰੀ ਦਾ ਸ਼ੀਸ਼ਾ ਚੀਣਾ ਚੀਣਾ ਹੋ ਕੇ ਖਿੱਲਰ ਗਿਆ ਹੈ। ਭੀੜ ਦੇ ਥਰਥਰਾਂਦੇ ਤੇ ਮਾਰ ਕੁਟਾਈ ਕਰਦੇ ਅਥਾਹ ਭਾਰੀ ਸਰੀਰ ਤੋਂ ਬਿਨਾਂ ਹੋਰ ਕੁਝ ਨਹੀਂ ਵਿਖਾਈ ਦਿੰਦਾ ਅਤੇ ਭੀੜ ਦੀ ਚਾਂਗਰ, ਇਸ ਦੀ ਖੁਸ਼ੀ ਭਰਪੂਰ ਚੀਕ ਤੋਂ ਬਿਨਾਂ ਕੁਝ ਸੁਣਾਈ ਨਹੀਂ ਦੇਂਦਾ, ਜਿਸ ਚੀਕ ਨਾਲ ਉਹ ਆਪਣੇ ਆਪ ਦੇ ਇੱਕ ਸੱਤ੍ਹਾ ਹੋਣ ਬਾਰੇ ਖੁਸ਼ੀ ਨਾਲ ਦਾਅਵਾ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਅਖੀਰ ਉਸ ਨੇ ਵੀ ਕਰਨ ਲਈ ਕੋਈ ਕੰਮ ਲੱਭ ਹੀ ਲਿਆ ਹੈ।

ਸੈਂਕੜੇ ਲੰਬੇ ਹੱਥ ਹਵਾ ਵਿੱਚ ਲਹਿਰਾਉਂਦੇ ਹਨ, ਇੱਕ ਅਨੋਖੀ ਤੇਜ਼ ਭੁੱਖ ਦੇ ਇੱਕ ਲਾਲਚੀ ਸ਼ੋਅਲੇ ਨਾਲ ਸੈਆਂ ਅੱਖਾਂ ਲਿਸ਼ਕਦੀਆਂ ਹਨ।

ਇਹ ਕਾਲੀ ਭੀੜ ਕਿਸੇ ਨੂੰ ਘਸੁੰਨਾਂ ਨਾਲ ਕੁੱਟਦੀ ਹੈ, ਇਹ ਉਸ ਨੂੰ ਖਿੱਚ ਖਿੱਚ ਕੇ ਤੋੜਦੀ ਹੈ, ਇਹ ਆਪਣਾ ਬਦਲਾ ਲੈ ਰਹੀ ਹੈ.. ।

ਇਸ ਦੀਆਂ ਆਪੇ ਵਿੱਚ ਘੁਲੀਆਂ ਮਿਲੀਆਂ ਚੀਕਾਂ ਦੇ ਤੂਫਾਨ ਵਿੱਚੋਂ, ਵਧੇਰੇ ਤੋਂ ਵਧੇਰੇ ਲਗਾਤਾਰ ਇੱਕ ਸ਼ੂਕਦਾ ਸ਼ਬਦ ਜਿਹੜਾ ਚਾਕੂ ਦੇ ਲਚਕਦਾਰ ਤੇ ਲੰਮੇ ਫਲ ਵਾਂਗ ਲਿਸ਼ਕਦਾ ਹੈ, ਸੁਣਾਈ ਦੇਂਦਾ ਹੈ:

"ਮਾਰ ਦਿਓ।"

ਇਸ ਸ਼ਬਦ ਦੀ ਭੀੜ ਦੀਆਂ ਸਾਰੀਆਂ ਧੁੰਦਲੀਆਂ ਇਛਾਵਾਂ ਨੂੰ ਇੱਕਮੁੱਠ ਕਰਨ ਦੀ, ਇਸ ਦੀਆਂ ਚੀਕਾਂ ਨੂੰ ਇੱਕ ਗਰਜ ਵਿੱਚ ਬਦਲਣ ਦੀ ਜਾਦੂਈ ਤਾਕਤ ਹੈ:

"ਮਾਰ ਦਿਓ!"

ਭੀੜ ਦੀਆਂ ਕੁਝ ਟੁਕੜੀਆਂ ਪਲਮ ਕੇ ਸਟਰੀਟ ਕਾਰਾਂ ਦੀਆਂ ਛੱਤਾਂ ਉੱਤੇ ਜਾ ਚੜੀਆਂ ਹਨ ਅਤੇ ਉੱਥੋਂ ਵੀ ਹਵਾ ਵਿੱਚ ਵਲ ਖਾਂਦਾ ਤੇ ਚਾਬਕ ਵਾਂਗ ਸ਼ੂਕਦਾ ਸ਼ਬਦ ਸੁਣਾਈ ਦੇਂਦਾ ਹੈ: "ਮਾਰ ਦਿਓ।"

ਭੀੜ ਦੇ ਐਨ ਵਿਚਕਾਰ ਇੱਕ ਚੰਗੀ ਤਰ੍ਹਾਂ ਗਠਿਆ ਹੋਇਆ ਚੱਕਰ ਬਣ ਗਿਆ ਹੈ: ਇਸ ਨੇ ਕਿਸੇ ਚੀਜ਼ ਨੂੰ ਘੇਰਿਆ ਹੋਇਆ ਹੈ, ਧੂ ਖਿੱਚ ਕੇ ਅੰਦਰ ਲੈ ਆਂਦਾ ਹੈ ਅਤੇ ਭੀੜ ਹਰਕਤ ਵਿੱਚ ਹੈ, ਪਿਛਾਂਹ ਨੂੰ ਖੁੱਲ੍ਹੀ ਥਾਂ ਵੱਲ ਸਰਕਦੀ ਜਾਂਦੀ ਹੈ। ਭੀੜ ਦਾ ਭਾਰੀ ਸਰੀਰ ਵਿਚਕਾਰ ਪੈਂਦੇ ਦਬਾਅ ਦੇ ਅੱਗੇ ਆਗਿਆਕਾਰੀ ਰੌਂ ਵਿੱਚ ਪਿਛਾਂਹ ਨੂੰ ਹੱਟਦਾ ਜਾਂਦਾ ਹੈ, ਵੰਡੀਜਦਿਆਂ ਆਪਣੀਆਂ ਆਂਦਰਾਂ ਵਿੱਚੋਂ ਇਹ ਭਾਰੀ ਕਾਲਾ ਢੇਰ-ਆਪਣਾ ਸਿਰ, ਆਪਣੇ ਜਬਾੜੇ ਬਾਹਰ ਕੱਢਦਾ ਹੈ।

ਇਸ ਦੇ ਦੰਦਾਂ ਵਿਚਾਲੇ ਇੱਕ ਚਿੱਥਿਆ ਚੱਬਿਆ ਲਹੂ ਲੁਹਾਣ ਅਕਾਰ ਪਕੜਿਆ ਹੋਇਆ ਹੈ— ਇਹ ਸਟਰੀਟ ਕਾਰ ਦਾ ਚਾਲਕ ਹੈ, ਜਿਵੇਂ ਕਿ ਕੋਈ ਵੀ ਉਸ ਦੀ ਵਰਦੀ ਦੇ ਚੀਥੜਿਆਂ ਦੀਆਂ ਧਾਰੀਆਂ ਤੋਂ ਪਹਿਚਾਣ ਸਕਦਾ ਹੈ।

47 / 162
Previous
Next