

ਵਿਖਾਈ ਦਿੱਤਾ।
ਇੱਕ ਡੂੰਘੀ ਆਰਾਮ ਕੁਰਸੀ ਵਿੱਚ ਮੇਰੇ ਸਾਹਮਣੇ ਇੱਕ ਲੰਮ-ਸੁਕੜੂ ਜਿਹਾ ਆਦਮੀ ਬੈਠਾ ਸੀ। ਉਸ ਦੇ ਆਮ ਵਰਗੇ ਭੂਰੇ ਝੁਰੜਾਏ ਹੱਥ ਉਸ ਦੇ ਪੇਟ ਉੱਤੇ ਅਰਾਮ ਨਾਲ ਟਿਕੇ ਹੋਏ ਸਨ। ਉਸ ਦੀਆਂ ਪਿਲ ਪਿਲ ਕਰਦੀਆਂ ਗੱਲ੍ਹਾਂ ਸਾਵਧਾਨੀ ਨਾਲ ਮੁੰਨੀਆਂ ਹੋਈਆਂ ਸਨ, ਅਤੇ ਹੇਠਾਂ ਨੂੰ ਲਮਕਦਾ ਉਸ ਦਾ ਹੇਠਲਾ ਹੇਠ ਉਸ ਦੀ ਚੰਗੀ ਤਰ੍ਹਾਂ ਤਿਆਰ ਕੀਤੀ ਦੰਦਾਂ ਦੀ ਬੀੜ ਨੂੰ ਨੰਗਾ ਕਰ ਰਿਹਾ ਸੀ ਜਿਸ ਵਿੱਚੋਂ ਕੁਝ ਦੰਦ ਸੋਨੇ ਨਾਲ ਮੜ੍ਹੇ ਹੋਏ ਸਨ। ਉਸ ਦਾ ਉਪਰਲਾ ਹੇਠ ਮੁੰਨਿਆ ਹੋਇਆ, ਪੀਲਾ ਤੇ ਪਤਲਾ, ਜਬਾੜੇ ਵਾਲ਼ੇ ਅਪਰੇਟਸ ਨਾਲ ਚਿਪਕਿਆ ਹੋਇਆ ਸੀ ਤੇ ਜਦੋਂ ਉਹ ਬੁੱਢਾ ਆਦਮੀ ਬੋਲਦਾ ਸੀ ਤਾਂ ਇਹ ਮੁਸ਼ਕਲ ਨਾਲ ਹੀ ਹਿੱਲਦਾ ਸੀ। ਉਸ ਦੀਆਂ ਬੇਰੰਗ ਅੱਖਾਂ ਦੇ ਉੱਪਰ ਭਰਵੱਟੇ ਨਹੀਂ ਸਨ ਅਤੇ ਉਸ ਦੀ ਚਮੜੇ ਰੰਗੀ ਖੋਪੜੀ ਉੱਤੇ ਇੱਕ ਵੀ ਵਾਲ ਨਹੀਂ ਸੀ । ਕੋਈ ਵੀ ਮਹਿਸੂਸ ਕਰਦਾ ਸੀ ਕਿ ਜੇ ਇਸ ਦੇ ਚਿਹਰੇ ਉੱਤੇ ਥੋੜ੍ਹੀ ਜਿਹੀ ਵਧੇਰੇ ਚਮੜੀ ਹੁੰਦੀ ਤਾਂ ਚੰਗਾ ਹੁੰਦਾ, ਲਾਲ ਸੂਹਾ, ਅਹਿਲ ਅਤੇ ਮੁਲਾਇਮ, ਇਹ ਨਵੇਂ ਜੰਮੇ ਬੱਚੇ ਦੇ ਚਿਹਰੇ ਨਾਲ ਮਿਲਦਾ ਜੁਲਦਾ ਸੀ। ਇਹ ਨਿਸ਼ਚਿਤ ਕਰਨਾ ਔਖੀ ਗੱਲ ਸੀ ਕਿ ਕੀ ਇਹ ਜੀਵ ਹੁਣੇ ਹੀ ਸੰਸਾਰ ਵਿੱਚ ਪਧਾਰਿਆ ਸੀ ਜਾਂ ਇੱਥੋਂ ਕੂਚ ਕਰਨ ਲਈ ਤਿਆਰ ਸੀ...।
ਉਸ ਦਾ ਪਹਿਰਾਵਾ ਵੀ ਇੱਕ ਸਾਧਾਰਨ ਸੰਸਾਰੀ ਜੀਵ ਵਰਗਾ ਹੀ ਸੀ। ਸਾਰੇ ਦਾ ਸਾਰਾ ਸੋਨਾ ਉਸ ਦੀ ਛਾਪ, ਘੜੀ ਤੇ ਦੰਦਾਂ 'ਤੇ ਹੀ ਵਿਖਾਈ ਦੇਂਦਾ ਸੀ । ਕੁੱਲ ਮਿਲਾ ਕੇ ਇਸ ਦਾ ਵਜ਼ਨ ਅੱਧੇ ਪੌਂਡ ਤੋਂ ਘੱਟ ਹੀ ਹੋਵੇਗਾ। ਆਮ ਤੌਰ 'ਤੇ, ਇਹ ਆਦਮੀ ਕਿਸੇ ਯੂਰਪੀ ਰਈਸ ਘਰ ਦਾ ਇੱਕ ਬੁੱਢਾ ਨੌਕਰ ਵਿਖਾਈ ਦੇਂਦਾ ਸੀ...।
ਜਿਸ ਕਮਰੇ ਵਿੱਚ ਉਹ ਮੈਨੂੰ ਮਿਲਿਆ ਨਾ ਤਾਂ ਉਹ ਐਸ਼ ਇਸ਼ਰਤ ਦੇ ਸਾਮਾਨ ਨਾ ਸੁੰਦਰਤਾ ਦੇ ਪੱਖੋਂ ਕੋਈ ਬਹੁਤਾ ਸ਼ਾਨਦਾਰ ਸੀ। ਫਰਨੀਚਰ ਬਹੁਤ ਭਾਰੀ ਤੇ ਵਜ਼ਨੀ ਸੀ, ਬੱਸ ਇਹੋ ਕੁਝ ਸੀ ਉੱਥੇ।
ਅਜਿਹੇ ਫਰਨੀਚਰ ਤੋਂ ਕੇਵਲ ਇਹ ਵਿਚਾਰ ਸੁਝਦਾ ਸੀ ਕਿ ਸ਼ਾਇਦ ਇਸ ਘਰ ਵਿੱਚ ਕਦੇ ਕਦਾਈਂ ਹਾਥੀ ਆਉਂਦੇ ਹੋਣਗੇ।
"ਕੀ ਤੁਸੀਂ ਹੀ... ਕਰੋੜਪਤੀ ਹੋ ?" ਆਪਣੀਆਂ ਅੱਖਾਂ 'ਤੇ ਇਤਬਾਰ ਨਾ ਕਰਦਿਆਂ ਮੈਂ ਪੁੱਛਿਆ।
"ਹਾਂ, ਮੈਂ ਹੀ ਹਾਂ ।" ਫਿਰ ਸਿਰ ਹਿਲਾਉਂਦਿਆਂ ਉਸ ਉੱਤਰ ਦਿੱਤਾ।
ਮੈਂ ਉਸ ਦੇ ਉੱਤਰ 'ਤੇ ਇਤਬਾਰ ਕਰਨ ਦਾ ਬਹਾਨਾ ਕੀਤਾ, ਪਰ ਕਿਸੇ ਸਮੇਂ ਇਸ ਥਾਂ ਉਸ ਦੇ ਝੂਠ ਦਾ ਭਾਂਡਾ ਭੰਨ੍ਹਣ ਦਾ ਫੈਸਲਾ ਕਰ ਲਿਆ।
"ਤੁਸੀਂ ਛਾਹ ਵੇਲੇ ਕਿੰਨਾ ਕੁ ਗਊ-ਮਾਸ ਖਾ ਸਕਦੇ ਹੋ ?" ਮੈਂ ਪੁੱਛਿਆ।
"ਮੈਂ ਗਊ ਮਾਸ ਨਹੀਂ ਖਾਂਦਾ," ਉਸ ਐਲਾਨ ਕੀਤਾ।
"ਸੰਤਰੇ ਦੀ ਇੱਕ ਫਾੜੀ, ਇੱਕ ਅੰਡਾ, ਚਾਹ ਦਾ ਇੱਕ ਛੋਟਾ ਜਿਹਾ ਕੱਪ ਅਤੇ ਬੱਸ... !"
ਮਟਿਆਲੇ ਪਾਣੀ ਦੇ ਦੋ ਵੱਡੇ ਤੁਪਕਿਆਂ ਵਾਂਗ ਉਸ ਦੀਆਂ ਬੱਚਿਆਂ ਵਰਗੀਆਂ ਮਸੂਮ