

ਚਾਹੀਦੇ ਹਨ ਜੋ ਹਰ ਐਤਵਾਰ ਅੱਠ ਘੰਟੇ ਲੋਕਾਂ ਨੂੰ ਕਾਨੂੰਨਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ ਜੇ ਫਿਲਾਸਫਰ ਕੰਮ ਨਾ ਸਾਰ ਸਕਣ ਤਾਂ ਫੌਜ ਨੂੰ ਬੁਲਾ ਲਿਆ ਜਾਵੇ । ਠੀਕ ਹੈ ਕਿ ਇਹ ਕੋਈ ਤਰੀਕਾ ਨਹੀਂ, ਪਰ ਮਹੱਤਤਾ ਤਾਂ ਨਤੀਜੇ ਦੀ ਹੁੰਦੀ ਹੈ। ਖਪਤਕਾਰ ਤੇ ਮਜ਼ਦੂਰ ਨੂੰ ਕਾਨੂੰਨ ਦਾ ਸਤਿਕਾਰ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ, ਬੱਸ ਹੋਰ ਕੁਝ ਨਹੀਂ ।" ਆਪਣੀਆਂ ਉਂਗਲਾਂ ਨੂੰ ਮਰੋੜਦਿਆਂ ਉਸ ਨੇ ਆਪਣੀ ਗੱਲ ਖਤਮ ਕੀਤੀ।
"ਨਹੀਂ, ਇਹ ਮੂਰਖ ਨਹੀਂ, ਇਹ ਕਦੇ ਵੀ ਬਾਦਸ਼ਾਹ ਨਹੀਂ ਹੋ ਸਕਦਾ ।" ਮੈਂ ਸੋਚਿਆਂ ਤੇ ਫਿਰ ਪੁੱਛਿਆ: "ਕੀ ਤੁਸੀਂ ਵਰਤਮਾਨ ਸਰਕਾਰ ਤੋਂ ਸੰਤੁਸ਼ਟ ਹੋ ?"
ਉਸ ਨੇ ਝਟਪਟ ਕੋਈ ਜਵਾਬ ਨਾ ਦਿੱਤਾ।
"ਜਿੰਨਾ ਕੁਝ ਇਹ ਕਰ ਸਕਦੀ ਸੀ ਇਸ ਨੇ ਉਸ ਤੋਂ ਘੱਟ ਕੀਤਾ ਹੈ। ਮੈਂ ਕਹਿੰਦਾ ਹਾਂ: "ਪਰਵਾਸੀਆਂ ਨੂੰ ਅਜੇ ਦੇਸ਼ ਵਿੱਚ ਆਉਣ ਦੇਣਾ ਚਾਹੀਦਾ ਹੈ। ਪਰ ਸਾਡੇ ਦੇਸ਼ ਵਿੱਚ ਰਾਜਸੀ ਖੁੱਲ੍ਹਾਂ ਹਨ ਜੋ ਉਹ ਵੀ ਮਾਣਦੇ ਹਨ ਅਤੇ ਇਹਨਾਂ ਦਾ ਮੁੱਲ ਉਹਨਾਂ ਨੂੰ ਤਾਰਨਾ ਚਾਹੀਦਾ ਹੈ। ਹਰ ਇੱਕ ਨੂੰ ਆਪਣੇ ਨਾਲ ਸਾਡੇ ਦੇਸ਼ ਵਿੱਚ ਘੱਟੋ ਘੱਟ 500 ਡਾਲਰ ਲਿਆਉਣੇ ਚਾਹੀਦੇ ਹਨ ਅਤੇ ਇੱਕ ਬੰਦਾ ਜਿਸ ਕੋਲ 500 ਡਾਲਰ ਹਨ ਉਹ ਉਸ ਨਾਲੋਂ ਦਸ ਗੁਣਾ ਵਧੇਰੇ ਚੰਗਾ ਹੈ, ਜਿਸ ਕੋਲ ਕੇਵਲ 50 ਡਾਲਰ । ਘਟੀਆ ਲੋਕ-ਕੰਗਾਲ, ਤੱਪੜ ਘਸੀਟ, ਬਿਮਾਰ ਤੇ ਹੋਰ ਵਿਹਲੜ ਕਿਸੇ ਵੀ ਥਾਂ 'ਤੇ ਕਿਸੇ ਕੰਮ ਦੇ ਨਹੀਂ ਹੁੰਦੇ।"
"ਪਰ" ਮੈਂ ਨਿਡਰ ਹੋ ਕੇ ਪੁੱਛਿਆ: "ਏਦਾਂ ਤਾਂ ਪਰਵਾਸੀਆਂ ਦਾ ਅੰਦਰ ਨੂੰ ਵਹਿਣ ਘੱਟ ਹੋ ਜਾਵੇਗਾ।
ਬੁੱਢੇ ਨੇ ਸਹਿਮਤੀ ਵਿੱਚ ਸਿਰ ਹਿਲਾਇਆ।
"ਕਿਸੇ ਸਮੇਂ ਮੈਂ ਇਹ ਸੁਝਾਅ ਦੇਵਾਂਗਾ ਕਿ ਦੇਸ਼ ਦੇ ਬੂਹੇ ਉਹਨਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣ ...। ਪਰ ਇਸ ਸਮੇਂ ਦੌਰਾਨ, ਹਰ ਇੱਕ ਨੂੰ ਥੋੜ੍ਹਾ ਜਿਹਾ ਸੋਨਾ ਦੇਸ਼ ਦੇ ਅੰਦਰ ਲਿਆਉਣ ਦਿਓ...। ਇਹ ਗੱਲ ਦੇਸ਼ ਲਈ ਚੰਗੀ ਹੈ। ਇਸ ਤੋਂ ਉਪਰੰਤ, ਇਹ ਜ਼ਰੂਰੀ ਹੈ ਜਾਂਚ ਦੇ ਸਮੇਂ ਨੂੰ ਅੱਗੇ ਕਰਨ ਲਈ ਲਮਕਾਇਆ ਜਾਵੇ । ਸਮਾਂ ਪਾ ਕੇ ਇਸ ਨੂੰ ਉੱਕਾ ਹੀ ਖਤਮ ਕਰ ਦੇਣਾ ਪਵੇਗਾ। ਜਿਹੜੇ ਅਮਰੀਕਨਾਂ ਲਈ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕਰਨ ਦਿਓ, ਪਰ ਇਸ ਗੱਲ ਦੀ ਉੱਕਾ ਲੋੜ ਨਹੀਂ ਕਿ ਉਹਨਾਂ ਨੂੰ ਅਮਰੀਕੀ ਨਾਗਰਿਕਾਂ ਦੇ ਅਧਿਕਾਰ ਦਿੱਤੇ ਜਾਣ। ਅਸਾਂ ਇਹੋ ਜਿਹੇ ਵੱਡੀ ਗਿਣਤੀ ਵਿੱਚ ਅਮਰੀਕੀ ਬਣਾ ਲਏ ਹਨ। ਇਹਨਾਂ ਵਿੱਚੋਂ ਹਰ ਇੱਕ ਦੇਸ਼ ਦੀ ਵਸੋਂ ਵਿੱਚ ਵਾਧਾ ਕਰਨ ਦੇ ਪੂਰੀ ਤਰ੍ਹਾਂ ਯੋਗ ਹੈ। ਇਹ ਸਭ ਕੁਝ ਸਰਕਾਰ ਦੀ ਸਿਰਦਰਦੀ ਹੈ। ਪਰ ਇਸ ਨੂੰ ਵੱਖਰੀਆਂ ਲੀਹਾਂ 'ਤੇ ਜਥੇਬੰਦ ਕਰਨਾ ਚਾਹੀਦਾ ਹੈ। ਸਰਕਾਰ ਦੇ ਸਾਰੇ ਮੈਂਬਰ ਸਨਅਤੀ ਉੱਦਮਾਂ ਵਿੱਚ ਹਿੱਸੇਦਾਰ ਹੋਣੇ ਚਾਹੀਦੇ ਹਨ, ਤਾਂ ਹੀ ਉਹ ਦੇਸ਼ ਦੇ ਹਿੱਤਾਂ ਤੋਂ ਵਧੇਰੇ ਆਸਾਨੀ ਤੇ ਤੇਜ਼ੀ ਨਾਲ ਜਾਣੂ ਹੋ ਜਾਣਗੇ। ਇਸ ਸਮੇਂ ਉਹਨਾਂ ਨੂੰ ਇਹ ਕਾਇਲ ਕਰਾਉਣ ਲਈ ਮੈਨੂੰ ਸੈਨੇਟਰ ਖਰੀਦਣੇ ਪੈਣਗੇ, ਕਿ ਮੇਰੇ ਕੋਲ ਛੋਟਾ ਮੋਟਾ ਧੰਦਾ ਹੋਣਾ ਹੀ ਚਾਹੀਦਾ ਹੈ। ਕੋਈ ਜ਼ਰੂਰੀ ਨਹੀਂ ਕਿ ਉਹ ਬਹੁਤੀ ਦੇਰ ਲਈ ਰਹੇ...।"
ਉਸ ਨੇ ਹੌਕਾ ਲਿਆ, ਲੱਤਾਂ ਨੂੰ ਝਟਕਿਆਂ ਤੇ ਫਿਰ ਕਹਿਣ ਲੱਗਾ: