

ਜਨਅਤ ਵਿੱਚ ਹੈ ਅਤੇ ਜੇ ਤੁਸੀਂ ਸਾਬਰ ਹੋ, ਜੇ ਤੁਸੀਂ ਇਸ ਸੰਸਾਰੀ ਜੀਵਨ ਵਿੱਚ ਨਿਰਮਾਣਤਾ ਤੇ ਸਬਰ ਸੰਤੋਖ ਨਾਲ ਵਿਚਰਦੇ ਹੋ, ਬਿਨਾਂ ਬੁੜਬੁੜਾਏ, ਕੋਈ ਸ਼ਿਕਾਇਤ ਕੀਤੇ ਬਿਨਾਂ, ਈਸਾ ਜਨਅਤ ਵਿੱਚ ਤੁਹਾਡਾ ਸੁਆਗਤ ਕਰੇਗਾ ਅਤੇ ਇਸ ਧਰਤੀ ਉੱਤੇ ਕੀਤੇ ਤੁਹਾਡੀ ਮਿਹਨਤ ਦੇ ਬਦਲੇ ਤੁਹਾਨੂੰ ਸਦੀਵੀ ਖੁਸ਼ੀ ਪ੍ਰਦਾਨ ਕਰੇਗਾ। ਇਹ ਜੀਵਨ ਕੇਵਲ ਤੁਹਾਡੀਆਂ ਰੂਹਾਂ ਦੇ ਪਸ਼ਚਾਤਾਪ ਲਈ ਹੈ, ਜਿਤਨੇ ਵਧੇਰੇ ਦੁੱਖ ਤੁਸੀਂ ਏਥੇ ਭੋਗੋਗੇ ਉਤਨੇ ਹੀ ਵਧੇਰੇ ਸੁੱਖ ਉੱਪਰ ਤੁਹਾਡੀ ਉਡੀਕ ਕਰ ਰਹੇ ਹੋਣਗੇ। ਜਿਵੇਂ ਰਸੂਲ ਜੂਡ ਆਪ ਸਾਨੂੰ ਦੱਸਦਾ ਹੈ।"
ਉਸ ਨੇ ਛੱਤ ਵੱਲ ਇਸ਼ਾਰਾ ਜਿਹਾ ਕੀਤਾ ਅਤੇ ਇੱਕ ਛਿਨ ਲਈ ਕੁਝ ਸੋਚਣ ਮਗਰੋਂ ਫਿਰ ਰੁੱਖੀ ਤੇ ਖਰ੍ਹਵੀ ਆਵਾਜ਼ ਵਿੱਚ ਬੋਲਣ ਲੱਗਾ:
"ਹਾਂ, ਪਿਆਰੇ ਭਰਾਓ ਤੇ ਭੈਣੋ! ਜੇ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਗਵਾਂਢੀ ਦੇ, ਭਾਵੇਂ ਉਹ ਕੋਈ ਵੀ ਹੋਵੇ ਪਿਆਰ ਵਿੱਚ ਕੁਰਬਾਨ ਨਹੀਂ ਕਰਦੇ, ਤਾਂ ਇਹ ਜ਼ਿੰਦਗੀ ਸੱਖਣੀ ਤੇ ਫਿੱਕੀ ਹੈ। ਸਾੜੇ ਤੇ ਈਰਖਾ ਦੇ ਦੈਂਤ ਦੀ ਤਾਕਤ ਦੇ ਅੱਗੇ ਆਪਣੇ ਦਿਲ ਨਾ ਵਿਛਾਓ! ਸਾੜੇ ਤੇ ਈਰਖਾ ਲਈ ਇੱਥੇ ਹੈ ਕੀ ? ਸੰਸਾਰੀ ਮਿਹਰਾਂ ਮਹਿਜ਼ ਛਲਾਵਾ ਹਨ, ਇਹ ਤਾਂ ਸ਼ੈਤਾਨ ਦੀਆਂ ਖਿਡਾਲਾਂ ਹਨ। ਅਸਾਂ, ਅਮੀਰਾਂ ਤੇ ਗਰੀਬਾਂ, ਬਾਦਸ਼ਾਹਾਂ ਤੇ ਕੋਲਾ ਪੁੱਟਣ ਵਾਲਿਆਂ, ਬੈਂਕਾਂ ਦੇ ਮਾਲਕਾਂ ਤੇ ਗਲੀਆਂ ਸਾਫ ਕਰਨ ਵਾਲਿਆਂ, ਸਾਰਿਆਂ ਨੇ ਹੀ ਮਰ ਜਾਣਾ ਹੈ। ਹੋ ਸਕਦਾ ਹੈ ਕਿ ਜਨਅਤ ਦੇ ਠੰਡੇ ਤੇ ਸ਼ਾਂਤ ਬਾਗਾਂ ਵਿੱਚ ਖਾਣਾਂ ਪੁੱਟਣ ਵਾਲੇ ਬਾਦਸ਼ਾਹ ਤੇ ਬਾਦਸ਼ਾਹ ਝਾੜੂ ਹੱਥ ਵਿੱਚ ਲਈ ਬਾਗਾਂ ਦੀਆਂ ਡੰਡੀਆਂ ਉੱਤੇ ਡਿੱਗੇ ਪੱਤਿਆਂ ਅਤੇ ਮਿਠਾਈਆਂ, ਜਿਹੜੀਆਂ ਤੁਸੀਂ ਨਿੱਤ ਦਿਹਾੜੀ ਖਾਓਗੇ, ਉਤਲੇ ਕਾਗਜ਼ਾਂ ਨੂੰ ਹੂੰਝ ਰਹੇ ਹੋਣ। ਭਰਾਓ। ਇਸ ਧਰਤੀ ਉੱਤੇ, ਗੁਨਾਹਾਂ ਦੇ ਇਸ ਹਨ੍ਹੇਰੇ ਜੰਗਲ ਵਿੱਚ ਜਿੱਥੇ ਰੂਹ ਬਾਲਾਂ ਵਾਂਗ ਭਾਰੀ ਭੁੱਲਾਂ ਕਰਦੀ ਹੈ ਕਿਹੜੀ ਚੀਜ਼ ਹੈ ਜਿਸ ਦੀ ਖਾਹਿਸ਼ ਕੀਤੀ ਜਾਵੇ ? ਜਨਅਤ ਵੱਲ ਜਾਂਦੇ ਪਿਆਰ ਤੇ ਨਿਮਰਤਾ ਦੇ ਰਾਹਾਂ 'ਤੇ ਤੁਰੋ, ਜੋ ਵੀ ਤੁਹਾਡੇ ਭਾਗਾਂ ਵਿੱਚ ਲਿਖਿਆ ਹੈ ਉਸ ਨੂੰ ਸਬਰ ਸੰਤੋਖ ਨਾਲ ਸਹਾਰੋ। ਆਪਣੇ ਨਾਲ ਦਿਆਂ ਨੂੰ ਤਾਂ ਵੀ ਪਿਆਰ ਕਰੋ ਭਾਵੇਂ ਉਹ ਤੁਹਾਡੀ ਬੇਹਰੁਮਤੀ ਕਰਨ...।
ਉਸ ਨੇ ਆਪਣੀਆਂ ਅੱਖਾਂ ਮੁੜ ਬੰਦ ਕਰ ਲਈਆਂ ਤੇ ਆਪਣੀ ਕੂਹਣੀ ਨੂੰ ਝੁਲਾਉਂਦਿਆਂ ਉਹ ਫਿਰ ਬੋਲਣ ਲੱਗਾ:
"ਉਹਨਾਂ ਵੱਲ ਉੱਕਾ ਹੀ ਕੰਨ ਨਾ ਦਿਓ ਜਿਹੜੇ ਕੁਝ ਲੋਕਾਂ ਦੀ ਗਰੀਬੀ ਦਾ ਦੂਜਿਆਂ ਦੀ ਦੌਲਤ ਨਾਲ ਟਾਕਰਾ ਕਰਦਿਆਂ ਤੁਹਾਡੇ ਦਿਲਾਂ ਵਿੱਚ ਸਾੜੇ ਦੀਆਂ ਗੁਨਾਹੀ ਭਾਵਨਾਵਾਂ ਉਕਸਾਉਂਦੇ ਹਨ। ਇਹ ਲੋਕ ਸ਼ੈਤਾਨ ਦੇ ਦੂਤ ਹਨ, ਖੁਦਾ ਤੁਹਾਨੂੰ ਆਪਣੇ ਗਵਾਂਢੀ ਨਾਲ ਈਰਖਾ ਕਰਨ ਤੋਂ ਬਚਾਏ। ਅਮੀਰ ਤੇ ਗਰੀਬ ਹਨ, ਉਹ ਪਿਆਰ ਦੇ ਪੱਖੋਂ ਗਰੀਬ ਹਨ। ਅਮੀਰਾਂ ਨੂੰ ਪਿਆਰ ਕਰੋ ਕਿਉਂ ਜੋ ਖੁਦਾ ਨੇ ਉਹਨਾਂ ਨੂੰ ਅਮੀਰ ਬਣਾਇਆ ਹੈ, ਇਹ ਗੱਲ ਈਸਾ ਦੇ ਭਰਾ, ਗਿਰਜੇ ਦੇ ਪੋਪ ਜੂਡੇ ਨੇ ਜ਼ੋਰ ਨਾਲ ਆਖੀ ਹੈ। ਸਮਾਨਤਾ ਦੇ ਧਰਮ-ਸਿਧਾਂਤ ਅਤੇ ਸ਼ੈਤਾਨ ਦੀਆਂ ਹੋਰ ਘਾੜ੍ਹਤਾਂ ਵੱਲ ਉੱਕਾ ਕੰਨ ਨਾ ਕਰੋ। ਇੱਥੇ ਇਸ ਧਰਤੀ ਉੱਤੇ