

ਸਮਾਨਤਾ ਹੈ ਕੀ ? ਤੁਹਾਨੂੰ ਕੇਵਲ ਆਪਣੇ ਖੁਦ ਦੇ ਸਾਹਮਣੇ ਪਵਿੱਤਰ ਰੂਹ ਨਾਲ ਇੱਕ ਦੂਜੇ ਨਾਲ ਬਰਾਬਰ ਹੋਣ ਦੀ ਇੱਛਾ ਕਰਨੀ ਚਾਹੀਦੀ ਹੈ। ਆਪਣੀ ਬਿਪਤਾ ਨੂੰ ਸਬਰ ਸੰਤੋਖ ਨਾਲ ਸਹਾਰੋ ਅਤੇ ਈਸਾ ਦੇ ਹੁਕਮ ਦੀ ਪਾਲਣਾ ਤੁਹਾਡਾ ਭਾਰ ਹੌਲਾ ਕਰੇਗੀ। ਮੇਰੇ ਬੱਚਿਓ, ਖ਼ੁਦਾ ਤੁਹਾਡੇ ਨਾਲ ਹੈ ਅਤੇ ਉਸ ਤੋਂ ਬਿਨਾਂ ਤੁਹਾਨੂੰ ਕਿਸੇ ਵੀ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ।"
ਬੁੱਢਾ ਬਿਲਕੁੱਲ ਖਾਮੋਸ਼ ਹੋ ਗਿਆ। ਉਸ ਦਾ ਮੂੰਹ ਖੁੱਲ੍ਹਾ ਛੱਡਿਆ ਗਿਆ, ਉਸ ਦੇ ਸੋਨਾ ਮੜ੍ਹੇ ਦੰਦ ਲਿਸ਼ਕੇ ਅਤੇ ਜੇਤੂਆਂ ਵਾਂਗ ਉਸ ਮੇਰੇ ਵੱਲ ਵੇਖਿਆ।
"ਤੁਸੀਂ ਮਜ਼ਹਬ ਦੀ ਚੰਗੀ ਵਰਤੋਂ ਕਰਦੇ ਓ।" ਮੈਂ ਟੋਕ ਲਾਈ।
"ਹਾਂ ਜ਼ਰੂਰ! ਮੈਂ ਇਸ ਦੀ ਕਦਰ ਨੂੰ ਜਾਣਦਾ ਹਾਂ", ਉਸ ਆਖਿਆ। ਮੈਂ ਦੁਹਰਾ ਕੇ ਕਹਿੰਦਾ ਹਾਂ ਕਿ ਮਜ਼੍ਹਬ ਗਰੀਬਾਂ ਲਈ ਜ਼ਰੂਰੀ ਹੈ। ਮੈਂ ਇਸ ਨੂੰ ਪਸੰਦ ਕਰਦਾ ਹਾਂ । ਇਹ ਦੱਸਦਾ ਹੈ ਕਿ ਧਰਤੀ ਉਤਲੀ ਹਰ ਚੀਜ਼ ਦਾ ਮਾਲਕ ਸ਼ੈਤਾਨ ਹੈ । ਬੰਦਿਆ, ਜੇ ਤੂੰ ਆਪਣੀ ਰੂਹ ਨੂੰ ਬਚਾਉਣਾ ਚਾਹੁੰਨਾ ਏਂ ਤਾਂ ਇਸ ਧਰਤੀ ਉਤਲੀ ਕਿਸੇ ਚੀਜ਼ ਦੀ ਨਾ ਇੱਛਾ ਕਰ, ਨਾ ਹੀ ਉਸ ਨੂੰ ਹੱਥ ਲਾ। ਤੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮੌਤੋਂ ਮਗਰੋਂ ਪ੍ਰਾਪਤ ਕਰੇਗਾ- ਜਨਅਤ ਵਿਚਲੀ ਹਰ ਸ਼ੈਅ ਤੇਰੇ ਲਈ ਹੈ! ਜਦੋਂ ਲੋਕ ਇਸ ਕਥਨ ਉੱਪਰ ਵਿਸ਼ਵਾਸ ਕਰਦੇ ਹਨ ਤਾਂ ਉਹਨਾਂ ਨਾਲ ਨਿਪਟਣਾ ਕਿਤੇ ਸੁਖਾਲਾ ਹੁੰਦਾ ਹੈ। ਹਾਂ। ਮਜ੍ਹਬ ਇੱਕ ਥਿੰਧਾਈ ਹੈ। ਜ਼ਿੰਦਗੀ ਦੀ ਮਸ਼ੀਨ ਨੂੰ ਤੇਲ ਦੇਣ ਲਈ ਜਿੰਨੀ ਵਧੇਰੇ ਅਸੀਂ ਇਸ ਨੂੰ ਵਰਤਦੇ ਹਾਂ ਤਾਂ ਉਤਨੀ ਹੀ ਘੱਟ ਪੁਰਜ਼ਿਆਂ ਦੀ ਘਸਾਈ ਹੋਵੇਗੀ ਤੇ ਮਸ਼ੀਨ ਦੇ ਚਾਲਕ ਦਾ ਕੰਮ ਸੁਖਾਲਾ ਹੋਵੇਗਾ....।"
"ਇਹ ਤਾਂ ਸੱਚਮੁੱਚ ਦਾ ਬਾਦਸ਼ਾਹ ਹੈ", ਮੈਂ ਨਿਰਣਾ ਕੀਤਾ।
"ਅਤੇ ਕੀ ਤੁਸੀਂ ਆਪਣੇ ਆਪ ਨੂੰ ਇਕ ਈਸਾਈ ਸਮਝਦੇ ਓ ?" ਮੈਂ ਉਸ ਖੰਜੀਰ ਦੀ ਔਲਾਦ ਤੋਂ ਬੜੇ ਸਤਿਕਾਰ ਨਾਲ ਪੁੱਛਿਆ।
"ਹਾਂ ਕਿਉਂ ਨਹੀਂ।" ਉਹ ਪੂਰੇ ਨਿਸ਼ਚੇ ਨਾਲ ਬੋਲਿਆ। "ਪਰ" ਅਤੇ ਉੱਪਰ ਵੱਲ ਇਸ਼ਾਰਾ ਕਰਦਿਆਂ ਉਹ ਅਸਰਦਾਰ ਢੰਗ ਨਾਲ ਆਖਿਆ, "ਇਸ ਸਮੇਂ ਮੈਂ ਇੱਕ ਅਮਰੀਕੀ ਵੀ ਹਾਂ ਅਤੇ ਇੱਕ ਪੱਕਾ ਸਦਾਚਾਰਕ ਵੀ...।"
ਉਸ ਦੇ ਚਿਹਰੇ ਨੇ ਇੱਕ ਨਾਟਕੀ ਰੂਪ ਧਾਰਨ ਕਰ ਲਿਆ, ਉਸ ਆਪਣੇ ਬੁੱਲ੍ਹਾਂ ਨੂੰ ਸਕੋੜਿਆ ਅਤੇ ਉਸ ਦੇ ਕੰਨ ਨੱਕ ਦੇ ਨੇੜੇ ਹੋ ਗਏ।
"ਤੁਹਾਡੀ ਗੱਲ ਦਾ ਅਸਲ ਮਤਲਬ ਕੀ ਏ?" ਮੈਂ ਆਪਣੀ ਅਵਾਜ਼ ਨੀਵੀਂ ਕਰ ਕੇ ਪੁੱਛਿਆ।
"ਗੱਲ ਤੇਰੇ ਤੇ ਮੇਰੇ ਵਿਚਾਲੇ ਰਹੇ", ਉਹ ਫੁਸ-ਫੁਸਾਇਆ। "ਇੱਕ ਅਮਰੀਕੀ ਲਈ ਈਸਾ ਨੂੰ ਮੰਨਣਾ ਬਹੁਤ ਹੀ ਮੁਸ਼ਕਲ ਹੈ।"
"ਅਸੰਭਵ ?" ਥੋੜ੍ਹੇ ਜਿਹੇ ਵਕਫੇ ਮਗਰੋਂ ਮੈਂ ਵੀ ਫੁਸ-ਫੁਸਾਇਆ।
"ਬਿਲਕੁੱਲ ਅਸੰਭਵ”, ਉਸ ਨੇ ਘੁਸਰ ਮੁਸਰ ਵਿੱਚ ਮੇਰੀ ਗੱਲ ਦੀ ਤਸਦੀਕ ਕੀਤੀ।
"ਪਰ ਕਿਉਂ ?" ਛਿਨ ਕੁ ਚੁੱਪ ਰਹਿਣ ਮਗਰੋਂ ਮੈਂ ਪੁੱਛਿਆ।