

ਚੱਲਣ ਦੇ ਰਾਹ ਵਿੱਚ ਰੋੜੇ ਅਟਾਕਉਂਦੀ ਹੈ। ਇੱਕ ਚੰਗੀ ਹਕੂਮਤ ਵਿੱਚ ਸੋਸ਼ਲਿਸਟ ਉੱਕਾ ਨਹੀਂ ਹੋਣੇ ਚਾਹੀਦੇ। ਫਿਰ ਵੀ ਉਹ ਅਮਰੀਕਾ ਵਿੱਚ ਜੰਮ ਪਏ ਹਨ। ਇਸ ਦਾ ਮਤਲਬ ਹੈ ਕਿ ਵਾਸ਼ਿੰਗਟਨ ਵਿੱਚ ਪਲੇ ਲੋਕ ਆਪਣੇ ਕੰਮ-ਕਾਜ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲਿਸਟਾਂ ਨੂੰ ਸਾਰੇ ਨਾਗਰਿਕ ਅਧਿਕਾਰਾਂ ਤੋਂ ਵਾਝਿਆਂ ਕਰ ਦੇਣ। ਘੱਟੋ ਘੱਟ ਇਹ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਮੇਰਾ ਮਤਲਬ ਹੈ, ਇੱਕ ਸਰਕਾਰ ਦਾ ਹਕੀਕਤ ਨਾਲ ਡੂੰਘਾ ਸਬੰਧ ਹੋਣਾ ਚਾਹੀਦਾ ਹੈ ਅਤੇ ਇਹ ਤਾਂ ਹੀ ਹੋ ਸਕੇਗਾ ਜੇ ਇਸ ਦੇ ਸਾਰੇ ਮੈਂਬਰ ਕਰੋੜਪਤੀ ਹੋਣਗੇ। ਅਸਲ ਗੱਲ ਇਹ ਹੈ।"
"ਤੁਸੀਂ ਆਪਣੀ ਧੁਨ ਦੇ ਪੱਕੇ ਬੰਦੇ ਓ।" ਮੈਂ ਆਖਿਆ।
"ਆਹ, ਹਾਂ!" ਉਸ ਨੇ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕੀਤੀ। ਉਸ ਦੇ ਚਿਹਰੇ ਤੋਂ ਬੱਚਿਆਂ ਵਰਗੀ ਆਭਾ ਅਲੋਪ ਹੋ ਚੁੱਕੀ ਸੀ ਤੇ ਗੱਲ੍ਹਾਂ ਉੱਤੇ ਡੂੰਘੀਆਂ ਝੁਰੜੀਆਂ ਉੱਭਰ ਆਈਆਂ ਸਨ।
ਮੈਂ ਉਸ ਤੋਂ ਕਲਾ ਬਾਰੇ ਕੁਝ ਸੁਆਲ ਪੁੱਛਣਾ ਚਾਹੁੰਦਾ ਸਾਂ।
"ਕਲਾ ਵੱਲ ਤੁਹਾਡਾ..." ਮੈਂ ਪੁੱਛਣ ਹੀ ਲੱਗਾ ਸਾਂ ਕਿ ਉਸ ਆਪਣੀ ਉਂਗਲੀ ਉਤਾਂਹ ਉਠਾਈ ਤੇ ਬੋਲਣਾ ਸ਼ੁਰੂ ਕਰ ਦਿੱਤਾ।
"ਸਿਰ ਵਿੱਚ ਨਾਸਤਕਤਾ ਤੇ ਢਿੱਡ ਵਿੱਚ ਆਰਥਕਤਾ, ਇਹ ਕੁਝ ਹੁੰਦਾ ਹੈ ਇੱਕ ਸੋਸ਼ਲਿਸਟ । ਉਸ ਦੀ ਰੂਹ ਸ਼ੈਤਾਨ ਨੇ ਮੱਲੀ ਹੁੰਦੀ ਹੈ ਜਿਸ ਨੂੰ ਪਾਗਲਪਣ ਤੇ ਕ੍ਰੋਧ ਦੇ ਖੰਭ ਲੱਗੇ ਹੋਏ ਹਨ...। ਸੋਸ਼ਲਿਸਟਾਂ ਨਾਲ ਲੜਨ ਲਈ ਸਾਨੂੰ ਵਧੇਰੇ ਮਜ਼੍ਹਬ ਤੇ ਵਧੇਰੇ ਸਿਪਾਹੀ ਚਾਹੀਦੇ ਹਨ। ਮਜ਼੍ਹਬ ਨਾਸਤਕਤਾ ਦੇ ਵਿਰੁੱਧ, ਸਿਪਾਹੀ ਅਰਾਜਕਤਾ ਦੇ ਵਿਰੁੱਧ ਲੜਨ ਲਈ। ਪਹਿਲਾਂ ਸੋਸ਼ਲਿਸਟ ਦੇ ਸਿਰ ਨੂੰ ਗਿਰਜੇ ਦੇ ਉਪਦੇਸ਼ ਦੇ ਸਿੱਕੇ ਨਾਲ ਭਰੋ ਅਤੇ ਜੇ ਇਸ ਨਾਲ ਵੀ ਉਹ ਰਾਜ਼ੀ ਨਾ ਹੋਵੇ ਤਾਂ ਸਿਪਾਹੀਆਂ ਨੂੰ ਉਸ ਦੇ ਢਿੱਡ ਵਿੱਚ ਸਿੱਕਾ ਭਰਨ ਦਿਓ।"
ਉਸ ਨੇ ਨਿਸ਼ਚੇ ਨਾਲ ਸਿਰ ਹਿਲਾਇਆ ਤੇ ਦ੍ਰਿੜਤਾ ਨਾਲ ਕਹਿਣ ਲੱਗਾ: "ਕਿਤਨੀ ਮਹਾਨ ਹੈ ਸ਼ੈਤਾਨ ਦੀ ਤਾਕਤ!"
"ਨਿਰਸੰਦੇਹ ਹੈ।" ਮੈਂ ਤੁਰੰਤ ਮੰਨ ਗਿਆ। ਇਹ ਪਹਿਲਾ ਸਮਾਂ ਸੀ ਕਿ ਮੈਨੂੰ ਪੀਲ਼ੇ ਦੈਂਤ-ਸੋਨੇ-ਦੇ ਸ਼ਕਤੀਸ਼ਾਲੀ ਪ੍ਰਭਾਵ ਨੂੰ ਇੰਨੇ ਉੱਘੜਵੇਂ ਰੂਪ ਵਿੱਚ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੀ । ਬੁੱਢੇ ਦੀਆਂ ਸੁੱਕੜ ਤੇ ਜੋੜਾਂ ਦੇ ਦਰਦਾਂ ਨਾਲ ਭੰਨੀਆਂ ਹੱਡੀਆਂ, ਬੁੱਢੀ ਚਮੜੀ ਦੀ ਬੇਰੀ ਵਿੱਚ ਬੰਦ ਉਸ ਦਾ ਜਮਤੀਲ ਤੇ ਸੁੱਕਿਆ ਸੜਿਆ ਸਰੀਰ ਗਲੇ ਸੜੇ ਕੂੜੇ ਕਰਕਟ ਦੀ ਇਹ ਸਾਰੀ ਢੇਰੀ ਹੁਣ ਝੂਠਾਂ ਤੇ ਰੂਹਾਨੀ ਭ੍ਰਿਸ਼ਟਾਚਾਰ ਦੇ ਪਿਤਾ ਦੀ ਨਿਰਦਈ ਤੇ ਜ਼ਾਲਮ ਆਗਿਆ ਨਾਲ ਤਰੰਗਤ ਤੇ ਸਜੀਵ ਹੋ ਉੱਠੀ ਸੀ । ਬੁੱਢੇ ਦੀਆਂ ਅੱਖਾਂ ਦੋ ਨਵੇਂ ਸਿੱਕਿਆ ਵਾਂਗ ਚਮਕ ਪਈਆਂ ਸਨ ਅਤੇ ਉਹ ਵਧੇਰੇ ਤਾਕਤਵਰ ਤੇ ਸਖਤ ਬਣ ਗਿਆ ਜਾਪਦਾ ਸੀ। ਇੱਕ ਨੌਕਰ ਨਾਲ ਮਿਲਦੀ ਜੁਲਦੀ ਉਸ ਦੀ ਦਿੱਖ ਪਹਿਲਾਂ ਤੋਂ ਵੀ ਵਧੇਰੇ ਉੱਘੜਵੀਂ ਸੀ, ਪਰ ਹੁਣ ਮੈਂ ਜਾਣ ਗਿਆ ਸਾਂ ਕਿ ਉਸ ਦਾ ਮਾਲਕ ਕੌਣ ਸੀ।