

ਤਾਸਮਾਨੀਆ ਦੇ ਵਹਿਸ਼ੀਆਂ ਲਈ ਸ਼ਰਧਾ ਪੈਦਾ ਹੋ ਗਈ। ਆਖਿਆ ਜਾਂਦਾ ਹੈ ਉਹ ਵੀ ਆਦਮਖੋਰ ਹਨ, ਪਰ ਤਾਂ ਵੀ ਸੁਹਜ ਸੁਆਦ ਦੀ ਭਾਵਨਾ ਉਹਨਾਂ ਦੇ ਅੰਦਰ ਵਿਕਸਤ ਹੋ ਗਈ ਹੈ।
"ਕੀ ਤੁਸੀਂ ਥੇਟਰ ਵੀ ਜਾਂਦੇ ਹੋ ?" ਮੈਂ ਪੀਲੇ ਦੈਂਤ ਦੇ ਬੁੱਢੇ ਗੁਲਾਮ ਤੋਂ ਪੁੱਛਿਆ, ਤਾਂ ਜੋ ਉਸ ਦੇਸ਼ ਬਾਰੇ ਉਸ ਦੀਆਂ ਫੜ੍ਹਾਂ ਤੇ ਡੀਗਾਂ ਨੂੰ ਵਿੱਚੋਂ ਹੀ ਰੋਕ ਦਿੱਤਾ ਜਾਵੇ ਜਿਸ ਦੇਸ਼ ਨੂੰ ਉਸ ਨੇ ਆਪਣੀ ਜ਼ਿੰਦਗੀ ਨਾਲ ਪਲੀਤ ਕਰ ਦਿੱਤਾ ਸੀ।
“ਥੇਟਰ ? ਓ, ਹਾਂ। ਮੈਂ ਜਾਣਦਾ ਹਾਂ ਕਿ ਇਹ ਵੀ ਕਲਾ ਹੈ।" ਉਸ ਨੇ ਦ੍ਰਿੜ ਲਹਿਜੇ ਵਿੱਚ ਆਖਿਆ।
"ਅਤੇ ਥੇਟਰ ਵਿੱਚ ਤੁਹਾਨੂੰ ਕਿਹੜੀ ਸ਼ੈਅ ਪਸੰਦ ਹੈ ?"
"ਇਹ ਉਦੋਂ ਚੰਗਾ ਲੱਗਦਾ ਹੈ ਜਦੋਂ ਨੀਵੇਂ ਗਲਮੇ ਵਾਲੇ ਗਾਉਨ ਪਾਈ ਕਿੰਨੀਆਂ ਹੀ ਮੁਟਿਆਰਾਂ ਹੋਣ ਅਤੇ ਤੁਸੀਂ ਉਹਨਾਂ ਨੂੰ ਉੱਪਰੋਂ ਵੇਖ ਸਕਦੇ ਹੋਵੇ !" ਇੱਕ ਛਿਨ ਸੋਚਣ ਮਗਰੋਂ ਉਸ ਉੱਤਰ ਦਿੱਤਾ।
"ਪਰ ਤੁਸੀਂ ਥੇਟਰ ਵਿੱਚ ਸਭ ਤੋਂ ਵੱਧ ਕਿਹੜੀ ਚੀਜ਼ ਪਸੰਦ ਕਰਦੇ ਹੋ ?" ਨਿਰਾਸ਼ ਹੁੰਦਿਆਂ ਮੈਂ ਪੁੱਛਿਆ।
"ਉਹ।" ਆਪਣੇ ਬੁੱਲ੍ਹਾਂ ਨੂੰ ਕੰਨਾਂ ਤੱਕ ਫੈਲਾਉਂਦਿਆਂ ਉਹ ਉੱਚੀ ਸਾਰੀ ਬੋਲਿਆ, "ਨਿਰਸੰਦੇਹ, ਅਭਿਨੇਤਰੀਆਂ, ਜਿਵੇਂ ਕਿ ਹੋਰਾਂ ਨੂੰ ਵੀ ਪਸੰਦ ਹਨ। ਜੇ ਅਭਿਨੇਤਰੀਆਂ ਜਵਾਨ ਤੇ ਖੂਬਸੂਰਤ ਹੋਣ, ਤਾਂ ਉਹ ਹਮੇਸ਼ਾ ਹੀ ਚੰਗੀਆਂ ਹਨ। ਪਰ ਤੁਰੰਤ ਹੀ ਇਹ ਦੱਸਣਾ ਬੜੀ ਔਖੀ ਗੱਲ ਹੈ ਕਿ ਉਹਨਾਂ ਵਿਚੋਂ ਕਿਹੜੀ ਅਸਲ ਵਿੱਚ ਜਵਾਨ ਹੈ। ਉਹਨਾਂ ਆਪਣੇ ਆਪ ਨੂੰ ਰੰਗ ਰੋਗਨ ਨਾਲ ਸਜਾਇਆ ਹੁੰਦਾ ਹੈ। ਮੈਂ ਸਮਝਦਾ ਹਾਂ, ਇਹ ਉਹਨਾਂ ਦਾ ਕਿੱਤਾ ਹੈ। ਪਰ ਕਿਸੇ ਸਮੇਂ ਤੁਸੀਂ ਕਿਸੇ ਨੂੰ ਮੁਟਿਆਰ ਸਮਝ ਬੈਠਦੇ ਹੋ ਪਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਪੰਜਾਹ ਵਰ੍ਹਿਆਂ ਦੀ ਹੈ ਅਤੇ ਉਸ ਦੇ ਘੱਟੋ ਘੱਟ ਦੋ ਸੌ ਆਸ਼ਕ ਹਨ। ਨਿਰਸੰਦੇਹ, ਅਜਿਹੀ ਗੱਲ ਬਹੁਤ ਹੀ ਬੇਸੁਆਦੀ ਹੁੰਦੀ ਹੈ। ਸਰਕਸ ਦੀਆਂ ਕੁੜੀਆਂ ਅਭਿਨੇਤਰੀਆਂ ਨਾਲੋਂ ਚੰਗੀਆਂ ਹਨ। ਉਹ ਲਗਭਗ ਹਮੇਸ਼ਾ ਜਵਾਨ ਅਤੇ ਵਧੇਰੇ ਚਾਪਲੂਸ ਹੁੰਦੀਆਂ ਹਨ।" ਵੇਖਣ ਨੂੰ ਉਹ ਇਸ ਵਿਸ਼ੇ ਬਾਰੇ ਇੱਕ ਸਰਬ ਗਿਆਤਾ ਜਾਪਦਾ ਸੀ । ਇੱਥੋਂ ਤੱਕ ਕਿ ਮੇਰੇ ਵਰਗੇ ਇੱਕ ਕੱਟੜ ਗੁਨਾਹਗਾਰ ਲਈ, ਜਿਸ ਨੇ ਆਪਣੀ ਸਾਰੀ ਜ਼ਿੰਦਗੀ ਗੁਨਾਹਾਂ ਪਾਪਾਂ ਵਿੱਚ ਹੀ ਖਤਮ ਕਰ ਲਈ ਹੈ ਉਸ ਕੋਲੋਂ ਕੁਝ ਨਾ ਕੁਝ ਸਿੱਖਣ ਲਈ ਮੌਜੂਦ ਸੀ।
"ਤੁਹਾਨੂੰ ਕਾਵਿ ਰਚਨਾ ਕਿਹੋ ਜਿਹੀ ਲੱਗਦੀ ਏ ?" ਮੈਂ ਪੁੱਛਿਆ।
"ਕਾਵਿ ਰਚਨਾ ?" ਉਹ ਆਪਣੇ ਬੂਟਾਂ ਵੱਲ ਹੇਠਾਂ ਵੇਖਦਿਆਂ ਤੇ ਮੱਥੇ ਵੱਟ ਪਾਉਂਦਿਆਂ ਚੀਕਿਆ। ਉਸ ਛਿਨ ਕੁ ਸੋਚਿਆ, ਉਸ ਮੂੰਹ ਉਤਾਂਹ ਚੁੱਕਿਆ ਤੇ ਤੁਰੰਤ ਆਪਣੇ ਲੰਮੇ ਦੰਦ ਵਿਖਾਉਂਦਿਆਂ ਬੋਲਣ ਲੱਗਾ, "ਕਵਿਤਾਵਾਂ? ਓ, ਹਾਂ। ਮੈਨੂੰ ਕਵਿਤਾਵਾਂ ਪਸੰਦ ਹਨ। ਜ਼ਿੰਦਗੀ ਕਿੰਨੀ ਖੁਸ਼ਰਹਿਣੀ ਹੋ ਜਾਵੇ ਜੇ ਹਰ ਬੰਦਾ ਇਸ਼ਤਿਹਾਰ ਵੀ ਕਵਿਤਾਵਾਂ ਵਿੱਚ ਲਿਖਣੇ ਸ਼ੁਰੂ ਕਰ ਦੇਵੇ ।"