

"ਵਿਗਿਆਨ ?" ਉਸ ਇੱਕ ਉਂਗਲ ਉਤਾਂਹ ਉਠਾਈ ਤੇ ਫਿਰ ਛੱਤ ਵੱਲ ਵੇਖਣ ਲੱਗਾ। ਫਿਰ ਉਸ ਆਪਣੀ ਘੜੀ ਕੱਢੀ, ਵਕਤ ਵੇਖਿਆ, ਠਾਹ ਕਰਕੇ ਉਸ ਦਾ ਢੱਕਣਾ ਬੰਦ ਕੀਤਾ ਤੇ ਫਿਰ ਉਸ ਦੀ ਜ਼ੰਜੀਰੀ ਨੂੰ ਉਂਗਲ ਦੁਆਲੇ ਵਲ੍ਹੇਟਦਿਆਂ ਘੜੀ ਨੂੰ ਝੁਲਾਉਣ ਲੱਗਾ । ਇਹ ਕੁਝ ਕਰਨ ਮਗਰੋਂ ਉਸ ਇੱਕ ਹੌਕਾ ਲਿਆ ਤੇ ਬੋਲਣਾ ਸ਼ੁਰੂ ਕੀਤਾ:
"ਹਾਂ, ਮੈਂ ਵਿਗਿਆਨ ਬਾਰੇ ਜਾਣਦਾ ਹਾਂ। ਪੁਸਤਕਾਂ! ਜੇ ਇਹ ਅਮਰੀਕਾ ਬਾਰੇ ਗੁਣ ਗਾਉਣ ਤਾਂ ਇਹ ਕਾਰਆਮਦ ਪੁਸਤਕਾਂ ਹਨ। ਪਰ ਤੁਸੀਂ ਪੁਸਤਕਾਂ ਵਿੱਚ ਬੜੀ ਮੁਸ਼ਕਲ ਨਾਲ ਹੀ ਸਫਾਈ ਲੱਭੋਗੇ। ਇਹ ਕਵੀ... ਜਿਹੜੇ ਪੁਸਤਕਾਂ ਰਚਦੇ ਹਨ, ਮੇਰਾ ਵਿਚਾਰ ਹੈ ਬਹੁਤ ਹੀ ਘੱਟ ਕਮਾਉਂਦੇ ਹਨ। ਅਜਿਹੇ ਦੇਸ਼ ਵਿੱਚ ਜਿੱਥੇ ਹਰ ਬੰਦਾ ਆਪਣੇ ਕਾਰੋਬਾਰ ਵਿੱਚ ਰੁੱਝਿਆ ਹੋਇਆ ਹੈ ਕਿਸੇ ਕੋਲ ਪੁਸਤਕਾਂ ਪੜ੍ਹਨ ਦਾ ਸਮਾਂ ਹੀ ਨਹੀਂ । ਹਾਂ ਕਵੀ ਬੜੇ ਲੋਹੇ- ਲਾਖੇ ਹਨ, ਕਿਉਂ ਜੋ ਉਹਨਾਂ ਦੀਆਂ ਪੁਸਤਕਾਂ ਵਿਕਦੀਆਂ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਵੀਆਂ ਨੂੰ ਚੰਗੀ ਅਦਾਇਗੀ ਕਰੇ। ਇੱਕ ਚੰਗੀ ਤਰ੍ਹਾਂ ਰੱਜਿਆ ਪੁੱਜਿਆ ਬੰਦਾ ਹਮੇਸ਼ਾ ਦਿਆਲੂ ਤੇ ਖੁਸ਼ ਰਹਿਣਾ ਹੁੰਦਾ ਹੈ। ਜੇ ਅਮਰੀਕਾ ਦੇ ਬਾਰੇ ਪੁਸਤਕਾਂ ਬਹੁਤ ਹੀ ਜ਼ਰੂਰੀ ਹਨ, ਤਾਂ ਚੰਗੇ ਕਵੀਆਂ ਨੂੰ ਭਾੜੇ 'ਤੇ ਰੱਖ ਲੈਣਾ ਚਾਹੀਦਾ ਹੈ ਅਤੇ ਫਿਰ ਅਮਰੀਕਾ ਨੂੰ ਲੋੜੀਂਦੀਆਂ ਸਾਰੀਆਂ ਪੁਸਤਕਾਂ ਤਿਆਰ ਹੋ ਜਾਣਗੀਆਂ । ਬੱਸ ਇੰਨੀ ਹੀ ਗੱਲ ਹੈ।"
“ਵਿਗਿਆਨ ਬਾਰੇ ਤੁਹਾਡੀ ਪਰਿਭਾਸ਼ਾ ਕਿਸੇ ਹੱਦ ਤੱਕ ਸੰਕੀਰਨ ਹੈ", ਮੈਂ ਵਿਚਾਰ ਪ੍ਰਗਟ ਕੀਤਾ।
ਉਸ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਸੋਚਾਂ ਵਿੱਚ ਡੁੱਬ ਗਿਆ। ਫਿਰ ਉਸ ਉਹਨਾਂ ਨੂੰ ਖੋਲ੍ਹਿਆ ਤੇ ਵਿਸ਼ਵਾਸ ਨਾਲ ਕਹਿਣ ਲੱਗਾ:
"ਹਾਂ, ਅਧਿਆਪਕ, ਫਿਲਾਸਫਰ ਇਹ ਵੀ ਵਿਗਿਆਨ ਹੈ । ਹਾਂ, ਪ੍ਰੋਫੈਸਰ, ਦਾਈਆਂ, ਦੰਦਸਾਜ਼, ਵਕੀਲ, ਡਾਕਟਰ, ਇੰਜੀਨੀਅਰ ਵੀ ਮੈਂ ਜਾਣਦਾ ਹਾਂ। ਠੀਕ ਹੈ, ਇਹ ਸਾਰੇ ਜ਼ਰੂਰੀ ਹਨ। ਚੰਗੇ ਵਿਗਿਆਨ ਨੂੰ ਕੋਈ ਵੀ ਭੈੜੀ ਗੱਲ ਨਹੀਂ ਸਿਖਾਉਣੀ ਚਾਹੀਦੀ। ਪਰ ਮੇਰੀ ਧੀ ਦੇ ਅਧਿਆਪਕ ਨੇ ਇਕ ਵਾਰ ਮੈਨੂੰ ਦੱਸਿਆ ਕਿ ਸਮਾਜਕ ਵਿਗਿਆਨ ਵੀ ਚੰਗੇ ਹਨ...। ਇਹੋ ਗੱਲ ਮੇਰੇ ਪੱਲੇ ਨਹੀਂ ਪੈਂਦੀ। ਮੇਰਾ ਵਿਸ਼ਵਾਸ ਹੈ ਕਿ ਇਹ ਹਾਨੀਕਾਰਕ ਹੈ। ਇੱਕ ਸੋਸ਼ਲਿਸਟ ਵਧੀਆ ਵਿਗਿਆਨ ਦੀ ਰਚਨਾ ਨਹੀਂ ਕਰ ਸਕਦਾ। ਸੋਸ਼ਲਿਸਟਾਂ ਦਾ ਵਿਗਿਆਨ ਨਾਲ ਹਰ ਹਾਲਤ ਵਿੱਚ ਉੱਕਾ ਹੀ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ। ਏਡੀਸਨ, ਉਹ ਅਜਿਹਾ ਵਿਗਿਆਨ ਰਚ ਰਿਹਾ ਹੈ ਜੋ ਲਾਹੇਵੰਦ ਜਾਂ ਦਿਲਚਸਪ ਹੈ । ਫੋਨੋਗ੍ਰਾਮ, ਸਿਨੇਮਾ-ਇਹ ਲਾਹੇਵੰਦ ਹਨ। ਪਰ ਵਿਗਿਆਨ ਦੀਆਂ ਏਨੀਆਂ ਪੁਸਤਕਾਂ... ਇਹ ਬਹੁਤ ਵਧੀਕੀ ਹੈ। ਲੋਕਾਂ ਨੂੰ ਅਜਿਹੀਆਂ ਪੁਸਤਕਾਂ ਨਹੀਂ ਪੜ੍ਹਨੀਆਂ ਚਾਹੀਦੀਆਂ ਜੋ ਉਹਨਾਂ ਦੇ ਅੰਦਰ ਹਰ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਦੇਣ। ਇਸ ਧਰਤੀ ਉਤਲੀ ਹਰ ਚੀਜ਼ ਇੰਝ ਹੈ ਜਿਵੇਂ ਹੋਣੀ ਚਾਹੀਦੀ ਸੀ ਅਤੇ ਅਜਿਹੀ ਕੋਈ ਜ਼ਰੂਰਤ ਨਹੀਂ ਕਿ ਹਰ ਗੱਲ ਨੂੰ ਪੁਸਤਕਾਂ ਨਾਲ ਰਲਗਡ ਕਰ ਦਿੱਤਾ ਜਾਵੇ ।"
ਮੈਂ ਉੱਠ ਖਲ੍ਹੋਤਾ।