

“ਓ, ਤੂੰ ਜਾ ਰਿਹਾ ਏਂ ?" ਉਸ ਪੁੱਛਿਆ।
"ਹਾਂ!" ਮੈਂ ਆਖਿਆ।" ਪਰ ਹੁਣ ਜਦੋਂ ਮੈਂ ਜਾ ਰਿਹਾ ਤਾਂ ਸ਼ਾਇਦ ਤੁਸੀਂ ਮੈਨੂੰ ਦੱਸੋਗੇ ਕਿ ਆਖਰ ਕਰੋੜਪਤੀ ਹੋਣ ਵਿੱਚ ਕੀ ਤੁੱਕ ਹੈ ?"
ਜਵਾਬ ਦੇਣ ਦੀ ਥਾਂ ਉਹ ਹਿਚਕੀਆਂ ਲੈਣ ਤੇ ਆਪਣੀਆਂ ਲੱਤਾਂ ਨੂੰ ਝਟਕੇ ਦੇਣ ਲੱਗ ਪਿਆ। ਸ਼ਾਇਦ ਉਸ ਦੇ ਹੱਸਣ ਦਾ ਇਹੋ ਅੰਦਾਜ਼ ਹੋਵੇ।
"ਇਹ ਆਦਤ ਹੈ!" ਉਹ ਉੱਚੀ ਸਾਰੀ ਬੋਲਿਆ, ਤਾਂ ਕਿਤੇ ਉਸ ਦੇ ਸਾਹ ਵਿੱਚ ਸਾਹ ਆਇਆ।
"ਕਿਹੜੀ ਆਦਤ ?" ਮੈਂ ਪੁੱਛਿਆ।
"ਇੱਕ ਕਰੋੜਪਤੀ ਹੋਣਾ ਇਹ ਇੱਕ ਆਦਤ ਹੈ।"
ਕੁਝ ਚਿਰ ਸੋਚਣ ਮਗਰੋਂ ਮੈਂ ਆਪਣਾ ਆਖਰੀ ਸੁਆਲ ਪੁੱਛਿਆ: "ਤਾਂ ਤੁਹਾਡਾ ਵਿਚਾਰ ਹੈ ਕਿ ਆਵਾਰਾਗਰਦ, ਨਸ਼ਈ ਤੇ ਕਰੋੜਪਤੀ ਇੱਕੋ ਥਾਲੀ ਦੇ ਚੱਟੇ ਬੱਟੇ ਹਨ ?"
ਇਸ ਵਿਅੰਗ ਨੇ ਜ਼ਰੂਰ ਹੀ ਉਸ ਵਿੱਚ ਰੋਹ ਜਗਾਇਆ ਹੋਵੇਗਾ। ਉਸ ਦੀਆਂ ਅੱਖਾਂ ਟੱਡੀਆਂ ਗਈਆਂ ਤੇ ਗੁੱਸੇ ਨੇ ਉਸ ਵਿੱਚ ਈਰਖਾ ਜਗਾ ਦਿੱਤੀ।
"ਮੇਰੇ ਖਿਆਲ ਵਿਚ ਤੂੰ ਬਦਤਮੀਜ਼ ਏਂ ।" ਉਹ ਝੱਟ ਮੇਰੀ ਗੱਲ ਟੁੱਕ ਕੇ ਚੀਕਿਆ।
"ਖੁਦਾ ਹਾਫ਼ਿਜ਼!" ਮੈਂ ਆਖਿਆ।
ਉਹ ਆਦਰ ਨਾਲ ਮੈਨੂੰ ਬਰਾਂਡੇ ਤੱਕ ਛੱਡਣ ਆਇਆ ਅਤੇ ਪੌੜੀਆਂ ਤੋਂ ਉੱਪਰ ਆਪਣੇ ਬੂਟਾਂ ਵੱਲ ਝਾਕਦਾ ਖਲ੍ਹੋਤਾ ਰਿਹਾ। ਉਸ ਦੇ ਘਰ ਦੇ ਸਾਹਮਣੇ ਸਵਾਹਰੇ ਕੱਟੇ ਹੋਏ ਘਾਹ ਦੀ ਮੋਟੀ ਚਾਦਰ ਵਿਛੀ ਹੋਈ ਸੀ। ਮੈਂ ਉਸ ਉੱਤੇ ਇਹ ਸੋਚਦਿਆਂ ਤੁਰ ਰਿਹਾ ਸਾਂ ਕਿ ਅਜਿਹੇ ਬੰਦੇ ਨੂੰ ਦੁਬਾਰਾ ਕਦੇ ਵੀ ਨਹੀਂ ਮਿਲਾਂਗਾ ਕਿ ਅਚਾਨਕ ਮੈਨੂੰ ਪਿੱਛੋਂ ਅਵਾਜ਼ ਸੁਣਾਈ ਦਿੱਤੀ।
"ਰਤਾ ਠਹਿਰੀਂ।"
ਮੈਂ ਪਿਛਾਂਹ ਮੁੜਿਆ। ਉਹ ਅਜੇ ਵੀ ਬਰਾਂਡੇ ਵਿੱਚ ਖਲ੍ਹੋਤਾ ਮੇਰੇ ਵੱਲ ਝਾਕ ਰਿਹਾ ਸੀ।
"ਕੀ ਤੇਰੇ ਕੋਲ ਉਸ ਤੋਂ ਵਧੇਰੇ ਬਾਦਸ਼ਾਹ ਹਨ ਜਿੰਨੇ ਤੈਨੂੰ ਯੂਰਪ ਵਿੱਚ ਲੋੜੀਂਦੇ ਹਨ?" ਉਸ ਨੇ ਹੌਲੀ ਜਿਹੇ ਪੁੱਛਿਆ।
"ਜੇ ਤੁਸੀਂ ਮੇਰੇ ਤੋਂ ਪੁੱਛੋ, ਤਾਂ ਸਾਨੂੰ ਕਿਸੇ ਬਾਦਸ਼ਾਹ ਦੀ ਜ਼ਰੂਰਤ ਨਹੀਂ।" ਮੈਂ ਉੱਤਰ ਦਿੱਤਾ।
ਉਸ ਮੂੰਹ ਮੋੜ ਕੇ ਥੁੱਕਿਆ।
"ਮੈਂ ਆਪਣੇ ਲਈ ਬਾਦਸ਼ਾਹਾਂ ਦਾ ਇੱਕ ਜੋੜਾ ਭਾੜੇ 'ਤੇ ਰੱਖਣ ਬਾਰੇ ਸੋਚ ਰਿਹਾ ਸਾਂ", ਉਸ ਨੇ ਆਖਿਆ।
"ਤੂੰ ਇਸ ਬਾਰੇ ਕਿਵੇਂ ਸੋਚਦਾ ਏਂ ?"
"ਪਰ ਕਾਹਦੇ ਲਈ ?"