

ਇਸੇ ਤਰ੍ਹਾਂ ਇੱਕ ਹੋਰ ਖਬਰ "ਪਤੀ ਨੇ ਪਤਨੀ ਵੇਚ ਦਿੱਤੀ" ਵੀ...। ਜਿਸ ਬੰਦੇ ਨੇ ਇੱਕ ਰਾਹ ਜਾਂਦੀ ਔਰਤ ਨਾਲ ਗੰਦਾ ਮਜ਼ਾਕ ਕੀਤਾ ਸੀ—ਉਹ ਵੀ ਮੈਂ ਹੀ ਸਾਂ। ਆਮ ਤੌਰ 'ਤੇ, ਅਖਬਾਰਾਂ ਵਾਲੇ ਮੇਰੇ ਬਾਰੇ ਹਫਤੇ ਵਿੱਚ ਇੱਕ ਵਾਰ ਜ਼ਰੂਰ ਕੁਝ ਨਾ ਕੁਝ ਛਾਪਦੇ ਹਨ, ਅਤੇ ਹਮੇਸ਼ਾ ਉਸ ਸਮੇਂ ਜਦੋਂ ਇਹ ਸਿੱਧ ਕਰਨਾ ਹੋਵੇ ਕਿ ਵੇਖੋ ਲੋਕਾਂ ਦਾ ਸਦਾਚਾਰ ਕਿੰਨਾ ਭ੍ਰਿਸ਼ਟ ਹੋ ਗਿਆ ਹੈ... ।"
ਉਸ ਨੇ ਇਹ ਸਭ ਕੁਝ ਬੜੀ ਹੌਲੀ ਤੇ ਸਪੱਸ਼ਟਤਾ ਨਾਲ ਆਖਿਆ ਜਿਸ ਵਿੱਚ ਕਿਸੇ ਕਿਸਮ ਦੀ ਫੜ੍ਹ ਜਾਂ ਸ਼ੇਖੀ ਦਾ ਰੰਗ ਨਹੀਂ ਸੀ । ਮੈਂ ਉਸ ਨੂੰ ਸਮਝ ਨਹੀਂ ਸਾਂ ਸਕਿਆ, ਪਰ ਇਸ ਤੋਂ ਮੈਂ ਉਸ ਨੂੰ ਜਾਣੂੰ ਨਹੀਂ ਸਾਂ ਹੋਣ ਦੇਣਾ ਚਾਹੁੰਦਾ। ਸਾਰੇ ਲੇਖਕਾਂ ਵਾਂਗ, ਮੈਂ ਹਮੇਸ਼ਾ ਜ਼ਿੰਦਗੀ ਤੇ ਬੰਦਿਆਂ ਨੂੰ ਆਪਣੀ ਹੱਥ ਦੀ ਤਲੀ ਵਾਂਗ ਜਾਣਨ ਦਾ ਵਿਖਾਵਾ ਕਰਦਾ ਹਾਂ।
"ਹੂੰ !" ਮੈਂ ਏਦਾਂ ਬੋਲਿਆ ਜਿਵੇਂ ਕੋਈ ਫਿਲਾਸਫਰ ਹੋਵਾਂ। " ਅਤੇ ਕੀ ਤੁਹਾਨੂੰ ਆਪਣਾ ਸਮਾਂ ਏਦਾਂ ਬਿਤਾਉਣ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ ?"
"ਹਾਂ, ਛੋਟੀ ਉਮਰ ਦੇ ਦਿਨਾਂ ਵਿੱਚ, ਮੈਂ ਮੰਨਦਾ ਹਾਂ, ਇਹ ਕੰਮ ਮੈਨੂੰ ਖੁਸ਼ੀ ਪ੍ਰਦਾਨ ਕਰਦਾ ਸੀ”, ਉਸ ਉੱਤਰ ਦਿੱਤਾ। "ਪਰ ਹੁਣ ਮੈਂ ਪੰਜਤਾਲੀਆਂ ਸਾਲਾਂ ਦਾ ਹਾਂ, ਵਿਆਹਿਆ ਹੋਇਆ ਹਾਂ, ਮੇਰੀਆਂ ਦੋ ਧੀਆਂ ਹਨ...। ਅਤੇ ਹੁਣ ਅਖਬਾਰਾਂ ਵਿਚ ਸਦਾਚਾਰਕ ਨੀਚਤਾ ਦੇ ਸ੍ਰੋਤ ਵਜੋਂ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਛਪਣਾ ਬਹੁਤ ਅਸੁਖਾਵੀਂ ਗੱਲ ਹੈ ਅਤੇ ਅਖਬਾਰਾਂ ਦੇ ਰਿਪੋਟਰ ਇਹ ਵੇਖਣ ਲਈ ਮੇਰੇ 'ਤੇ ਹਰ ਸਮੇਂ ਨਜ਼ਰ ਰੱਖਦੇ ਹਨ ਕਿ ਮੈਂ ਆਪਣਾ ਕੰਮ ਬਾਕਾਇਦਾ ਤੇ ਸੋਘਵਾਨੀ ਨਾਲ ਕਰਦਾ ਹਾਂ ਜਾਂ ਨਹੀਂ... ।"
ਮੈਂ ਆਪਣੀ ਪ੍ਰੇਸ਼ਾਨੀ ਨੂੰ ਲੁਕਾਉਣ ਲਈ ਖੰਘਿਆ। ਫਿਰ ਤਰਸਵਾਨ ਲਹਿਜੇ ਵਿੱਚ ਪੁੱਛਿਆ:
"ਇਹ ਤੁਹਾਨੂੰ ਕੋਈ ਬਿਮਾਰੀ ਹੈ ? ਹੈ ਕਿ ਨਹੀਂ ?"
ਉਸ ਨੇ ਇਨਕਾਰ ਵਿੱਚ ਸਿਰ ਹਿਲਾਇਆ, ਟੋਪ ਨੂੰ ਝੁਲਾਇਆ ਤੇ ਉੱਤਰ ਦਿੱਤਾ-
"ਨਹੀਂ, ਇਹ ਮੇਰਾ ਪੇਸ਼ਾ ਹੈ। ਮੈ ਤੁਹਾਨੂੰ ਦੱਸ ਚੁੱਕਿਆ ਹਾਂ, ਗਲੀਆਂ ਤੇ ਆਮ ਜਨਤਕ ਥਾਵਾਂ 'ਤੇ ਛੋਟੀਆਂ ਮੋਟੀਆਂ ਗੜਬੜਾਂ ਕਰਨੀਆਂ ਮੇਰੀ ਵਿਸ਼ੇਸ਼ਤਾ ਹੈ। ਸਾਡੀ ਬਿਊਰੋ ਵਿਚ ਹੋਰ ਲੋਕ ਵੱਡੇਰੇ ਤੇ ਵਧੇਰੇ ਜ਼ਿੰਮੇਵਾਰੀ ਵਾਲੇ ਕੰਮਾਂ ਨਾਲ ਨਿਪਟਦੇ ਹਨ-ਜਿਵੇਂ ਮਜ਼੍ਹਬੀ ਜਜ਼ਬਿਆਂ ਨੂੰ ਭੜਕਾਉਣਾ, ਕੁੜੀਆਂ ਨੂੰ ਉਧਾਲਣਾ ਤੇ ਸਤ ਭੰਗ ਕਰਨਾ, ਚੋਰੀ ਕਰਨਾ, ਪਰ ਇੱਕ ਹਜ਼ਾਰ ਡਾਲਰਾਂ ਤੋਂ ਵੱਧ ਨਹੀਂ... ।" ਉਸ ਹੌਕਾ ਲਿਆ, ਆਲੇ ਦੁਆਲੇ ਵੇਖਿਆ ਤੇ ਫਿਰ ਬੋਲਣ ਲੱਗਾ "ਅਤੇ ਸਦਾਚਾਰ ਦੇ ਵਿਰੁੱਧ ਕਈ ਹੋਰ ਜੁਰਮ ਅਤੇ ਮੈਂ ਕੇਵਲ ਛੋਟੇ ਮੋਟੇ ਉਪੱਦਰ ਕਰਦਾ ਹਾਂ...।"
ਉਹ ਏਦਾਂ ਗੱਲਬਾਤ ਕਰ ਰਿਹਾ ਸੀ ਜਿਵੇਂ ਇੱਕ ਕਾਰੀਗਰ ਆਪਣੀ ਕਾਰੀਗਰੀ ਬਾਰੇ ਕਰਦਾ ਹੈ, ਹੁਣ ਮੈਨੂੰ ਖਿੱਝ ਜਿਹੀ ਆਉਣ ਲੱਗ ਪਈ ਸੀ, ਮੈਂ ਵਿਅੰਗ ਕਰਦਿਆਂ ਪੁੱਛਿਆ:
"ਅਤੇ ਇਹਨਾਂ ਛੋਟੇ ਮੋਟੇ ਉਪਦਰਾਂ ਨਾਲ ਤੁਸੀਂ ਸੰਤੁਸ਼ਟ ਨਹੀਂ ?"
"ਨਹੀਂ", ਉਸ ਇਹ ਸਾਦਾ ਜਿਹਾ ਉੱਤਰ ਦਿੱਤਾ।