

ਉਸ ਦੀ ਸਾਦਗੀ ਮੈਨੂੰ ਨਿਹੱਥਾ ਕਰ ਰਹੀ ਸੀ ਅਤੇ ਇਸ ਨੇ ਮੇਰੀ ਕੁਝ ਜਾਣਨ ਦੀ ਇੱਛਾ ਨੂੰ ਉਤੇਜਤ ਕਰ ਦਿੱਤਾ। ਛਿਨ ਮਗਰੋਂ ਮੈਂ ਪੁੱਛਿਆ:
"ਕੀ ਤੁਸੀਂ ਕਦੇ ਜੇਲ੍ਹ ਗਏ ਓ ?"
"ਤਿੰਨ ਵਾਰ। ਆਮ ਕਰਕੇ ਮੈਂ ਆਪਣੇ ਆਪ ਨੂੰ ਜੁਰਮਾਨਾ ਕਰਾਉਣ ਦੀ ਹੱਦ ਤੱਕ ਹੀ ਸੀਮਿਤ ਰੱਖਦਾ ਹਾਂ। ਨਿਰਸੰਦੇਹ, ਇਹ ਜੁਰਮਾਨਾ ਬਿਊਰੋ ਹੀ ਤਾਰਦਾ ਹੈ।" ਉਸ ਨੇ ਵਿਆਖਿਆ ਕੀਤੀ।
"ਬਿਊਰੋ ?" ਮੈਂ ਮੈਕਾਨਕੀ ਢੰਗ ਨਾਲ ਬੋਲਿਆ।
“ਓ ਹਾਂ। ਤੁਸੀਂ ਸਹਿਮਤ ਹੋਵੇਗੇ ਕਿ ਮੈਂ ਜੁਰਮਾਨੇ ਨਹੀਂ ਸਾਂ ਤਾਰ ਸਕਦਾ", ਉਹ ਮੁਸਕਰਾਉਂਦਿਆਂ ਬੋਲਿਆ। "ਹਫਤੇ ਦੇ ਪੰਜਾਹ ਡਾਲਰ ਚਾਰ ਜੀਆਂ ਦੇ ਟੱਬਰ ਲਈ ਬਹੁਤ ਥੋੜ੍ਹੇ ਹਨ...।"
"ਮੈਨੂੰ ਸੋਚਣ ਦਿਓ।" ਮੈਂ ਉੱਠਦੇ ਹੋਏ ਆਖਿਆ।
"ਹਾਂ ਜ਼ਰੂਰ", ਉਸ ਸਹਿਮਤੀ ਪ੍ਰਗਟ ਕੀਤੀ।
ਮੈਂ ਕਮਰੇ ਵਿੱਚ ਏਧਰ ਉੱਧਰ ਉਸ ਕੋਲੋਂ ਲੰਘਦਾ ਫਿਰਨ ਲੱਗਾ, ਦਿਮਾਗੀ ਖਰਾਬੀਆਂ ਦੀਆਂ ਸਾਰੀਆਂ ਵੱਖ ਵੱਖ ਕਿਸਮਾਂ ਬਾਰੇ ਆਪਣੀ ਯਾਦ ਸ਼ਕਤੀ ਨੂੰ ਕੁਰੇਦਣਾ ਸ਼ੁਰੂ ਕੀਤਾ। ਮੈਂ ਉਸ ਦੀ ਬੀਮਾਰੀ ਨੂੰ ਪਛਾਣਨ ਲਈ ਬੇਚੈਨ ਸਾਂ, ਪਰ ਮੈਂ ਪਛਾਣ ਨਾ ਸਕਿਆ। ਇੱਕ ਗੱਲ ਸਪੱਸ਼ਟ ਸੀ—ਉਹ ਆਪਣੇ ਆਪ ਨੂੰ ਵੱਡਾ ਵਿਖਾਉਣ ਦਾ ਰੋਗ ਨਹੀਂ ਸੀ। ਆਪਣੇ ਪਤਲੇ ਤੇ ਦੁਰਬਲ ਚਿਹਰੇ ਉੱਤੇ ਇੱਕ ਮੱਧਮ ਜਿਹੀ ਮੁਸਕਰਾਹਟ ਨਾਲ ਉਹ ਮੈਨੂੰ ਵਾਚਦਾ ਰਿਹਾ ਤੇ ਸਬਰ ਨਾਲ ਉਡੀਕਦਾ ਰਿਹਾ।
"ਅਤੇ, ਇੱਥੇ ਕੋਈ ਬਿਊਰੋ ਵੀ ਹੈ ? ਉਸ ਦੇ ਸਾਹਮਣੇ ਆ ਕੇ ਰੁਕਦਿਆਂ, ਮੈਂ ਪੁੱਛਿਆ।
"ਹਾਂ", ਉਸ ਆਖਿਆ।
"ਅਤੇ ਇਸ ਦੇ ਕਿੰਨੇ ਕੁ ਮੁਲਾਜ਼ਮ ਹੋਣਗੇ ?"
"ਇਸ ਸ਼ਹਿਰ ਵਿੱਚ ਇੱਕ ਸੌ ਪੰਝੀ ਮਰਦ ਤੇ ਸੱਤਰ ਔਰਤਾਂ...।"
"ਇਸ ਸ਼ਹਿਰ ਵਿੱਚ ? ਫਿਰ... ਤਾਂ ਤੇ ਹੋਰਾਂ ਸ਼ਹਿਰਾਂ ਵਿਚ ਵੀ ਬਿਊਰੋ ਹੋਣਗੇ ?"
"ਕਿਉਂ ਨਹੀਂ, ਨਿਰਸੰਦੇਹ ਸਾਰੇ ਦੇਸ਼ ਵਿੱਚ ਹਨ," ਨਿਵਾਜਵੇਂ ਢੰਗ ਨਾਲ ਮੁਸਕਰਾਂਦਿਆਂ ਉਸ ਆਖਿਆ।
ਮੈਨੂੰ ਆਪਣੀ ਅਣਜਾਣਤਾ ਉੱਤੇ ਅਫਸੋਸ ਮਹਿਸੂਸ ਹੋਣ ਲੱਗਾ।
"ਪਰ... ਇਹ ਬਿਊਰੋ ਕਰਦੇ ਕੀ ਹਨ", ਮੈਂ ਝਿਜਕਦਿਆਂ ਪੁੱਛਿਆ, "ਅਤੇ ਕਿਵੇਂ ਕਰਦੇ ਹਨ ?"
"ਸਦਾਚਾਰ ਦੇ ਕਾਨੂੰਨਾਂ ਦੀ ਉਲੰਘਣਾ", ਉਸ ਨੇ ਨਿਮਰਤਾ ਨਾਲ ਉੱਤਰ ਦਿੱਤਾ, ਆਪਣੀ ਕੁਰਸੀ ਤੋਂ ਉੱਠਿਆ, ਅਰਾਮ ਕੁਰਸੀ 'ਤੇ ਜਾ ਬੈਠਾ, ਬੈਠਦੇ ਹੋਏ ਕੁਝ ਜਾਣਨ ਲਈ ਮੇਰੇ ਚਿਹਰੇ ਉੱਤੇ ਨਜ਼ਰਾਂ ਗੱਡ ਦਿੱਤੀਆਂ। ਪ੍ਰਤੱਖ ਤੌਰ 'ਤੇ ਉਸ ਮੈਨੂੰ ਉਜੱਡ ਸਮਝਿਆ ਅਤੇ ਉਹ ਆਪਣਾ ਵਧੀਆ ਵਤੀਰਾ ਵਿਖਾਉਣ ਲਈ ਕੋਈ ਯਤਨ ਨਹੀਂ ਸੀ ਕਰ ਰਿਹਾ।