

ਗਿਆ ਹਾਂ, ਤਾਂ ਸੁਣ ਵੀ ਲਵੋ। ਇੱਕ ਵਾਰ ਜੇ ਤੁਸੀਂ ਕੋਈ ਚੀਜ਼ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਖਤਮ ਵੀ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਤੁਸੀਂ ਮੇਰੇ ਲਈ ਕੁਝ ਕਰਨ ਦੇ ਯੋਗ ਹੋਵੋ । ਮੈਂ ਸੰਖੇਪ ਜਿਹੀ ਗੱਲ ਕਰਾਂਗਾ।"
ਉਸ ਨੇ ਫਿਰ ਆਪਣੀਆਂ ਅੱਖਾਂ ਅੱਧੀਆਂ ਬੰਦ ਕਰ ਲਈਆਂ ਤੇ ਅਗਾਂਹ ਨੂੰ ਝੁੱਕਿਆ
"ਤੁਹਾਨੂੰ ਸ੍ਰਿਸ਼ਟਾਚਾਰ ਅਪਨਾਉਣਾ ਪਵੇਗਾ- ਇਹ ਗੱਲ ਜ਼ਰੂਰ ਚੇਤੇ ਰੱਖੋ! ਤੁਹਾਨੂੰ ਇਹ ਕਿਉਂ ਅਪਨਾਉਣਾ ਚਾਹੀਦਾ ਹੈ ? ਕਿਉਂ ਜੋ ਇਹ ਤੁਹਾਡੇ ਘਰ, ਤੁਹਾਡੇ ਅਧਿਕਾਰਾਂ ਤੇ ਤੁਹਾਡੀ ਜਾਇਦਾਦ ਦੀ ਹਿਫਾਜਤ ਕਰਦਾ ਹੈ— ਦੂਜੇ ਸ਼ਬਦਾਂ ਵਿੱਚ ਇਹ 'ਤੁਹਾਡੇ ਗਵਾਂਢੀ’ ਦੇ ਹਿੱਤਾਂ ਦੀ ਰਾਖੀ ਕਰਦਾ ਹੈ । 'ਤੁਹਾਡਾ ਗਵਾਂਢੀ-ਇਹ ਹਮੇਸ਼ਾ ਤੁਸੀਂ ਆਪ ਹੋ, ਹੋਰ ਕੋਈ ਨਹੀਂ, ਸਮਝੇ ? ਜੇ ਤੁਹਾਨੂੰ ਬਹੁਤ ਸੁੰਦਰ ਪਤਨੀ ਮਿਲੀ ਹੈ, ਤਾਂ ਤੁਸੀਂ ਹਰ ਇੱਕ ਨੂੰ ਦੱਸੋ 'ਤੁਹਾਨੂੰ ਆਪਣੇ ਗਵਾਂਢੀ ਦੀ ਪਤਨੀ ਉੱਤੇ ਬੁਰੀ ਨਜ਼ਰ ਨਹੀਂ ਰੱਖਣੀ ਚਾਹੀਦੀ।' ਜੇ ਕਿਸੇ ਬੰਦੇ ਕੋਲ ਪੈਸਾ, ਬੈਲ, ਗੁਲਾਮ, ਖੋਤੇ ਹਨ, ਜੇ ਉਹ ਬੇਵਕੂਫ ਨਹੀਂ ਤਾਂ, ਉਹ ਜ਼ਰੂਰ ਸ੍ਰਿਸ਼ਟਾਚਾਰੀ ਹੋਵੇਗਾ। ਸ੍ਰਿਸ਼ਟਾਚਾਰ ਤੁਹਾਡੇ ਮੰਤਵ ਪੂਰਦਾ ਹੈ ਜੇ ਤੁਹਾਡੇ ਕੋਲ ਹਰ ਉਹ ਚੀਜ਼ ਮੌਜੂਦ ਹੈ ਜੋ ਤੁਹਾਨੂੰ ਲੋੜੀਂਦੀ ਹੈ ਅਤੇ ਜਿਸ ਨੂੰ ਤੁਸੀਂ ਕੇਵਲ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਹੋ: ਇਹ ਉਸ ਹਾਲਤ ਵਿੱਚ ਤੁਹਾਡੇ ਕਿਸੇ ਕੰਮ ਦੀ ਨਹੀਂ ਜੇ ਤੁਹਾਡੇ ਕੋਲ ਸਿਰ ਦੇ ਵਾਲਾਂ ਤੋਂ ਬਿਨਾਂ ਕੱਖ ਵੀ ਨਹੀਂ।"
ਉਸ ਨੇ ਆਪਣੇ ਗੰਜੇ ਸਿਰ 'ਤੇ ਹੱਥ ਫੇਰਿਆਂ ਤੇ ਫਿਰ ਬੋਲਣ ਲੱਗਾ:
"ਸ੍ਰਿਸ਼ਟਾਚਾਰ ਤੁਹਾਡੇ ਹਿੱਤਾਂ ਦਾ ਰਖਵਾਲਾ ਹੈ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਮਨ ਵਿੱਚ ਇਸ ਨੂੰ ਬਿਠਾਉਣ ਦਾ ਯਤਨ ਕਰਨਾ ਚਾਹੀਦਾ ਹੈ। ਗਲੀਆਂ ਬਾਜ਼ਾਰਾਂ ਵਿੱਚ ਤੁਸੀਂ ਪੁਲਸੀਏ ਤੇ ਜਾਸੂਸ ਨਿਯੁਕਤ ਕਰੋ ਅਤੇ ਤੁਸੀਂ ਬੰਦੇ ਦੇ ਦਿਮਾਗ ਵਿੱਚ ਅਸੂਲ ਤੂੜ ਤੂੜ ਕੇ ਇਤਨੇ ਭਰ ਦਿਓ ਕਿ ਉਸ ਦੇ ਅੰਦਰ ਵੱਸੇ ਹੋਏ ਸਾਰੇ ਵਿਚਾਰਾਂ ਦਾ ਗਲਾ ਘੁੱਟਿਆ ਜਾਵੇ ਤੇ ਉਹ ਨਸ਼ਟ ਹੋ ਜਾਣ ਜਿਹੜੇ ਤੁਹਾਡੇ ਵਿਰੁੱਧ ਹਨ, ਉਹ ਸਾਰੀਆਂ ਖਾਹਿਸ਼ਾਂ ਖਤਮ ਹੋ ਜਾਣ ਜੋ ਤੁਹਾਡੇ ਅਧਿਕਾਰਾਂ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ। ਸ੍ਰਿਸ਼ਟਾਚਾਰ ਉੱਥੇ ਹਮੇਸ਼ਾ ਬਹੁਤ ਹੀ ਕਰੜਾ ਹੁੰਦਾ ਹੈ ਜਿੱਥੇ ਆਰਥਕ ਵਿਰੋਧਤਾਈਆਂ ਬਹੁਤ ਹੀ ਪ੍ਰਤੱਖ ਹੁੰਦੀਆਂ ਹਨ। ਜਿੰਨੀ ਵਧੇਰੇ ਦੌਲਤ ਮੇਰੇ ਕੋਲ ਹੋਵੇਗੀ ਉਤਨਾ ਹੀ ਸਖਤ ਮੈਂ ਸ੍ਰਿਸ਼ਟਾਚਾਰੀ ਹੋਵਾਂਗਾ। ਇਸੇ ਲਈ ਅਮਰੀਕਾ ਵਿੱਚ, ਜਿੱਥੇ ਕਿੰਨੇ ਹੀ ਅਮੀਰ ਹਨ ਉੱਥੇ ਉਹ ਆਪਣੇ ਪੂਰੇ ਜ਼ੋਰ ਨਾਲ ਸ੍ਰਿਸ਼ਟਾਚਾਰੀ ਹੋਣ ਦੀਆਂ ਡੀਗਾਂ ਮਾਰਦੇ ਹਨ। ਮੈਨੂੰ ਸਮਝ ਰਹੇ ਹੋ ?"
"ਹਾਂ", ਮੈਂ ਆਖਿਆ, "ਪਰ ਇਸ ਸਭ ਕੁਝ ਵਿੱਚ ਬਿਊਰੋ ਕਿੱਥੋਂ ਆ ਵੜਿਆ ?"
"ਠਹਿਰੋ !" ਸੰਜੀਦਗੀ ਨਾਲ ਆਪਣਾ ਹੱਥ ਉਤਾਂਹ ਨੂੰ ਉਠਾਂਦਿਆਂ ਉਸ ਤੁਰੰਤ ਉੱਤਰ ਦਿੱਤਾ, "ਅਤੇ ਇਸ ਤਰ੍ਹਾਂ ਸ੍ਰਿਸ਼ਟਾਚਾਰ ਦਾ ਮੰਤਵ ਹਰ ਇੱਕ ਉੱਤੇ ਆਪਣਾ ਪ੍ਰਭਾਵ ਪਾਉਣਾ ਹੈ ਤਾਂ ਜੋ ਉਹ ਤੁਹਾਡੇ ਕੰਮਾਂ ਵਿੱਚ ਉੱਕਾ ਦਖਲ ਨਾ ਦੇਣ । ਹੁਣ ਜੇ ਤੁਹਾਡੇ ਕੋਲ ਚੋਖਾ ਪੈਸਾ ਹੋ ਗਿਆ ਹੈ, ਤੁਹਾਡੀਆਂ ਖਾਹਿਸ਼ਾਂ ਵੀ ਚੋਖੀਆਂ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਤੁਹਾਡੇ ਕੋਲ ਪੂਰਨ ਅਵਸਰ ਵੀ ਹੈ—ਠੀਕ ਏ? ਪਰ ਤੁਹਾਡੀਆਂ ਬਹੁਤੀਆਂ ਖਾਹਿਸ਼ਾਂ