

ਆਖੋ । ਸਾਡਾ ਬਿਊਰੋ ਵੱਡੇ ਵੱਡੇ ਜੁਰਮਾਂ ਨੂੰ ਲੁਕਾਉਣ ਲਈ ਛੋਟੇ ਮੋਟੇ ਖਰੂਦਾਂ ਦਾ ਝੁਰਮਟ ਪਾ ਦੇਂਦਾ ਹੈ।"
ਉਸ ਇੱਕ ਹੌਕਾ ਲਿਆ, ਕਮਰੇ ਦੇ ਵਿਚਕਾਰ ਆ ਕੇ ਖੜ੍ਹਾ ਹੋ ਗਿਆ ਅਤੇ ਕੁਝ ਛਿਨਾਂ ਲਈ ਚੁੱਪ ਰਿਹਾ।
"ਉਦਾਹਰਣ ਵਜੋਂ, ਸ਼ਹਿਰ ਵਿੱਚ ਇਹ ਅਫਵਾਹ ਫੈਲ ਜਾਂਦੀ ਹੈ ਕਿ ਫਲਾਣਾ ਮੰਨਿਆ ਪ੍ਰਮੰਨਿਆ ਤੇ ਪਤਵੰਤਾ ਬੰਦਾ ਆਪਣੀ ਪਤਨੀ ਨੂੰ ਕੁੱਟਦਾ ਹੈ ਤਾਂ ਬਿਊਰੋ ਤੁਰੰਤ ਮੈਨੂੰ ਤੇ ਮੇਰੇ ਵਰਗੇ ਕੁਝ ਹੋਰ ਏਜੰਟਾਂ ਨੂੰ ਹੁਕਮ ਦੇਂਦਾ ਹੈ ਕਿ ਅਸੀਂ ਆਪਣੀਆਂ ਪਤਨੀਆਂ ਨੂੰ ਕੁੱਟੀਏ। ਅਸੀਂ ਉਹਨਾਂ ਨੂੰ ਜ਼ਰੂਰ ਕੁੱਟਦੇ ਹਾਂ। ਨਿਰਸੰਦੇਹ, ਪਤਨੀਆਂ ਇਹ ਸਭ ਕੁਝ ਜਾਣਦੀਆਂ ਹਨ ਅਤੇ ਆਪਣੇ ਪੂਰੇ ਜ਼ੋਰ ਨਾਲ ਚੀਕਦੀਆਂ ਤੇ ਕੁਰਲਾਉਂਦੀਆਂ ਹਨ। ਸਾਰੇ ਅਖ਼ਬਾਰ ਸਾਰੀ ਕਹਾਣੀ ਲਿਖਦੇ ਹਨ, ਜਿਹੜੀ ਹਲਚਲ ਉਹ ਪੈਦਾ ਕਰਦੇ ਹਨ ਉਹ ਉੱਘੇ ਸ਼ਹਿਰੀ ਵੱਲੋਂ ਆਪਣੀ ਪਤਨੀ ਦੀ ਬੇਇਜ਼ਤੀ ਬਾਰੇ ਅਫਵਾਹਾਂ ਨੂੰ ਚੂਸ ਲੈਂਦੀ ਹੈ। ਅਫਵਾਹਾਂ ਬਾਰੇ ਸਿਰ ਖਪਾਉਣ ਦੀ ਭਲਾ ਕੀ ਲੋੜ ਪਈ ਏ।
“ਜਦੋਂ ਠੋਸ ਹਕੀਕਤਾਂ ਤੁਹਾਡੇ ਸਾਹਮਣੇ ਹਨ ? ਜਾਂ ਹੋ ਸਕਦਾ ਹੈ ਇਸ ਬਾਰੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ ਕਿ ਸੈਨੇਟਰ ਰਿਸ਼ਵਤ ਲੈਂਦਾ ਹੈ । ਤਾਂ ਬਿਊਰੋ ਤੁਰੰਤ ਪੁਲਸ ਅਫਸਰਾਂ ਵੱਲੋਂ ਰਿਸ਼ਵਤ ਲੈਣ ਦੇ ਕਈ ਕੇਸ ਤਿਆਰ ਕਰ ਦੇਂਦਾ ਹੈ ਅਤੇ ਉਹਨਾਂ ਦਾ ਭ੍ਰਿਸ਼ਟਾਚਾਰ ਲੋਕਾਂ ਵਿੱਚ ਨੰਗਾ ਕਰਦਾ ਹੈ। ਫਿਰ ਅਫਵਾਹਾਂ ਹਕੀਕਤਾਂ ਵਿੱਚ ਗੁੰਮ ਹੋ ਜਾਂਦੀਆਂ ਹਨ। ਉੱਚੀ ਸਮਾਜ ਵਿੱਚ ਕੋਈ ਵਿਅਕਤੀ ਕਿਸੇ ਔਰਤ ਦੀ ਬੇਹੁਰਮਤੀ ਕਰਦਾ ਹੈ। ਉਸੇ ਵੇਲੇ ਅਜਿਹਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਰੇਨੇਟੋਗੈਂਟਾ ਵਿੱਚ, ਗਲੀਆਂ ਬਾਜ਼ਾਰਾਂ ਵਿੱਚ ਕਾਫੀ ਔਰਤਾਂ ਦੀ ਬੇਇੱਜ਼ਤੀ ਕੀਤੀ ਜਾਵੇ। ਉਚੇਰੀ ਸਮਾਜ ਦੇ ਭੱਦਰ ਪੁਰਸ਼ ਵੱਲੋਂ ਕੀਤਾ ਜੁਰਮ ਇਸੇ ਤਰ੍ਹਾਂ ਦੇ ਜੁਰਮਾਂ ਦੇ ਸਿਲਸਿਲੇ ਵਿੱਚ ਉੱਕਾ ਹੀ ਦਿਸਣੋ ਹੱਟ ਜਾਂਦਾ ਹੈ ਅਤੇ ਹਮੇਸ਼ਾ ਹਰ ਗੱਲ ਵਿੱਚ ਇੰਝ ਹੀ ਹੁੰਦਾ ਹੈ। ਇੱਕ ਵੱਡੀ ਚੋਰੀ ਦੇ ਸਿਰੇ ਉੱਤੇ ਨਿਕਚੂ ਨਿਕਚੂ ਚੋਰੀਆਂ ਦਾ ਢੇਰ ਉਸਰਿਆ ਹੁੰਦਾ ਹੈ ਅਤੇ ਸਾਰੇ ਵੱਡੇ ਜੁਰਮ ਤੁੱਛ ਜਿਹੇ ਕੁਕਰਮਾਂ ਦੀ ਬਰਫ ਹੇਠ ਦੱਬੇ ਹੁੰਦੇ ਹਨ। ਇਹ ਹੈ ਉਹ ਕੰਮ ਜੋ ਬਿਊਰੋ ਕਰਦਾ ਹੈ।"
ਉਹ ਤੁਰਦਾ ਹੋਇਆ ਖਿੜਕੀ ਕੋਲ ਗਿਆ, ਬੜੀ ਸਾਵਧਾਨੀ ਨਾਲ ਗਲੀ ਵਿੱਚ ਝਾਕਿਆ ਤੇ ਦੁਬਾਰਾ ਬਹਿ ਗਿਆ ਤੇ ਫਿਰ ਮੱਧਮ ਜਿਹੀ ਅਵਾਜ਼ ਵਿੱਚ ਬੋਲਣ ਲੱਗਾ:
"ਬਿਊਰੋ ਅਮਰੀਕੀ ਸਮਾਜ ਦੀ ਉਪਰਲੀ ਜਮਾਤ ਨੂੰ ਲੋਕਾਂ ਦੇ ਫੈਸਲਿਆਂ ਤੋਂ ਬਚਾਉਂਦੀ ਹੈ ਅਤੇ ਉਸੇ ਸਮੇਂ ਸ੍ਰਿਸ਼ਟਾਚਾਰ ਦੀਆਂ ਉਲੰਘਣਾਵਾਂ ਬਾਰੇ ਨਿਰੰਤਰ ਸ਼ੋਰ ਸ਼ਰਾਬੇ ਰਾਹੀਂ ਧਨਾਢਾਂ ਦੇ ਕੁਕਰਮਾਂ ਨੂੰ ਲੁਕਾਉਣ ਲਈ ਕੀਤੇ ਗਏ ਛੋਟੇ ਛੋਟੇ ਕੁਕਰਮਾਂ ਨਾਲ ਲੋਕਾਂ ਦੇ ਦਿਮਾਗਾਂ ਨੂੰ ਭਰਦਾ ਹੈ। ਲੋਕ ਕਾਮਣ ਦੀ ਹਾਲਤ ਵਿੱਚ ਹਨ, ਉਹਨਾਂ ਕੋਲ ਆਪਣੇ ਬਾਰੇ ਸੋਚਣ ਲਈ ਸਮਾਂ ਨਹੀਂ ਹੈ ਅਤੇ ਕੇਵਲ ਉਸੇ 'ਤੇ ਵਿਸ਼ਵਾਸ ਕਰਦੇ ਹਨ ਜੋ ਅਖ਼ਬਾਰ ਉਹਨਾਂ ਨੂੰ ਦੱਸਦੇ ਹਨ। ਅਖ਼ਬਾਰ ਕਰੋੜਪਤੀਆਂ ਦੇ ਹੁੰਦੇ ਹਨ ਅਤੇ ਬਿਊਰੋ ਦੀ ਵੀ ਪ੍ਰਾਪਤੀ ਉਹੋ ਕਰਦੇ ਹਨ... । ਕੁਝ ਪਿਆ ਪੱਲੇ ? ਇਹ ਬੜਾ ਚੁਸਤ ਵਿਚਾਰ... ।"