Back ArrowLogo
Info
Profile

ਉਹ ਰੁੱਕ ਗਿਆ ਅਤੇ ਸਿਰ ਨੀਵਾਂ ਕਰ ਕੇ ਸੋਚਣ ਲੱਗ ਪਿਆ।

"ਧੰਨਵਾਦ", ਮੈਂ ਆਖਿਆ। "ਤੁਸਾਂ ਮੈਨੂੰ ਬਹੁਤ ਕੁਝ ਦੱਸਿਆ ਹੈ ਜੋ ਬਹੁਤ ਹੀ ਦਿਲਚਸਪ ਹੈ।"

ਉਸ ਸਿਰ ਚੁੱਕਿਆ ਤੇ ਉਦਾਸ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ।

"ਹ-ਹਾਂ ਇਹ ਸੱਚਮੁੱਚ ਦਿਲਚਸਪ ਹੈ", ਉਸ ਹੌਲੀ ਹੌਲੀ ਸੋਚਵਾਨ ਲਹਿਜੇ ਵਿੱਚ ਆਖਿਆ। "ਪਰ ਇਸ ਨੇ ਮੈਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਟੱਬਰ ਟੀਰ ਵਾਲਾ ਹਾਂ, ਤਿੰਨ ਸਾਲ ਹੋਏ ਆਪਣਾ ਘਰ ਬਣਾਇਆ ਸੀ... । ਮੈਂ ਹੁਣ ਥੋੜ੍ਹਾ ਕੁ ਆਰਾਮ ਕਰਨਾ ਲੋਚਦਾ ਹਾਂ। ਇਹ ਬਹੁਤ ਹੀ ਥਕਾ ਦੇਣ ਵਾਲਾ ਕੰਮ ਹੈ। ਮੇਰੇ 'ਤੇ ਵਿਸ਼ਵਾਸ ਕਰੋ, ਸ੍ਰਿਸ਼ਟਾਚਾਰ ਦੇ ਕਾਨੂੰਨਾਂ ਲਈ ਸਤਿਕਾਰ ਕਾਇਮ ਰੱਖਣਾ ਕੋਈ ਸੌਖੀ ਗੱਲ ਨਹੀਂ, ਵੇਖੋ, ਸ਼ਰਾਬ ਮੇਰੇ ਲਈ ਭੈੜੀ ਹੈ, ਪਰ ਮੈਨੂੰ ਸ਼ਰਾਬ ਪੀਣੀ ਪੈਂਦੀ ਹੈ, ਮੈਂ ਆਪਣੀ ਪਤਨੀ ਨੂੰ ਪਿਆਰ ਕਰਦਾ ਹਾਂ ਅਤੇ ਸੁਖਾਵਾਂ ਘਰੇਲੂ ਜੀਵਨ ਪਸੰਦ ਕਰਦਾ ਹਾਂ ਅਤੇ ਇੱਥੇ ਮੈਨੂੰ ਰੈਸਟੋਰੈਂਟਾਂ ਵਿਚ ਟੱਕਰਾਂ ਮਾਰਨੀਆਂ ਪੈਂਦੀਆਂ ਹਨ ਤੇ ਲੜਾਈ ਝਗੜੇ ਕਰਨੇ ਪੈਂਦੇ ਹਨ ਅਤੇ ਹਮੇਸ਼ਾ ਮੈਨੂੰ ਅਖ਼ਬਾਰਾਂ ਵਿੱਚ ਆਪਣੇ ਦਰਸ਼ਨ ਕਰਨੇ ਪੈਂਦੇ ਹਨ । ਹਾਂ ਨਕਲੀ ਨਾਂ ਹੇਠ ਪਰ ਫਿਰ ਵੀ । ਕਿਸੇ ਦਿਨ ਮੇਰਾ ਅਸਲੀ ਨਾਂ ਵੀ ਛਪ ਜਾਵੇਗਾ ਅਤੇ ਫਿਰ ਫਿਰ ਮੈਨੂੰ ਇਸ ਸ਼ਹਿਰ ਵਿੱਚੋਂ ਬਾਹਰ ਨਿਕਲਣਾ ਪਵੇਗਾ। ਮੈਨੂੰ ਸਲਾਹ ਦੀ ਲੋੜ ਹੈ । ਮੈਂ ਤੁਹਾਡੇ ਕੋਲੋਂ ਇਸ ਬਹੁਤ ਹੀ ਗੁੰਝਲਦਾਰ ਤੇ ਜ਼ਿੱਚ ਕਰਨ ਵਾਲੇ ਕੰਮ ਬਾਰੇ ਤੁਹਾਡੀ ਰਾਏ ਲੈਣ ਲਈ ਆਇਆ ਹਾਂ !"

"ਬੋਲੀ ਚੱਲੋ!" ਮੈਂ ਉਸ ਨੂੰ ਆਖਿਆ।

"ਵੇਖੋ ਕੁਝ ਇਸ ਤਰ੍ਹਾਂ ਦੀ ਗੱਲ ਹੈ, ਉਹ ਬੋਲਣ ਲੱਗਾ।

"ਹੇਠਾਂ ਦੱਖਣੀ ਰਿਆਸਤ ਵਿੱਚ ਉਪਰਲੀਆਂ ਜਮਾਤਾਂ ਨੇ ਪਿੱਛੇ ਜਿਹੇ ਤੋਂ ਨੀਗਰੋ ਰਖੇਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ... ਇੱਕੋ ਸਮੇਂ ਦੋ ਤੇ ਤਿੰਨ। ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਤਨੀਆਂ ਇਹ ਪਸੰਦ ਨਹੀਂ ਕਰਦੀਆਂ। ਕੁਝ ਅਖਬਾਰਾਂ ਨੂੰ ਔਰਤਾਂ ਵੱਲੋਂ ਅਜਿਹੀਆਂ ਚਿੱਠੀਆਂ ਮਿਲੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਆਪਣੇ ਪਤੀਆਂ ਨੂੰ ਨੰਗਾ ਕੀਤਾ ਹੈ। ਇੱਕ ਬਹੁਤ ਵੱਡਾ ਸਕੈਂਡਲ ਹੋ ਸਕਦਾ ਹੈ। ਬਿਊਰੋ ਨੇ ਤੁਰੰਤ 'ਜਵਾਬੀ ਤੱਥ' ਜਿਵੇਂ ਕਿ ਅਸੀਂ ਉਹਨਾਂ ਨੂੰ ਆਖਦੇ ਹਾਂ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ। ਮੇਰੇ ਸਮੇਤ ਤੇਰ੍ਹਾਂ ਏਜੰਟਾਂ ਨੂੰ ਨੀਗਰੋ ਰਖੇਲਾਂ ਰੱਖਣ ਦਾ ਹੁਕਮ ਦੇ ਦਿੱਤਾ ਗਿਆ ਹੈ। ਇੱਕੋ ਸਮੇਂ ਦੋ ਜਾਂ ਤਿੰਨ..।"

ਉਹ ਅਬੜਵਾਹੇ ਉਛਲਿਆ ਅਤੇ ਆਪਣਾ ਹੱਥ ਛਾਤੀ ਵਾਲੀ ਜੇਬ੍ਹ ਵਿੱਚ ਤੁੰਨਦਿਆਂ ਉਸ ਐਲਾਨ ਕੀਤਾ: "ਮੈਂ ਇਹ ਕੰਮ ਨਹੀਂ ਕਰ ਸਕਦਾ ! ਮੈਂ ਆਪਣੀ ਪਤਨੀ ਨੂੰ ਪਿਆਰ ਕਰਦਾ ਹਾਂ ਤੇ ਉਹ ਮੈਨੂੰ ਕਦੇ ਵੀ ਇਸ ਦੀ ਆਗਿਆ ਨਹੀਂ ਦੇਵੇਗੀ। ਭਾਵੇਂ ਮੈਂ ਕੇਵਲ ਇੱਕ ਹੀ ਕਿਉਂ ਨਾ ਰੱਖਾਂ।"

"ਤੁਸੀਂ ਇਨਕਾਰ ਕਿਉਂ ਨਹੀਂ ਕਰ ਦੇਂਦੇ ?" ਮੈਂ ਸਲਾਹ ਦਿੱਤੀ।

81 / 162
Previous
Next