Back ArrowLogo
Info
Profile

ਆਪਣੀ ਮਾਸ ਵਿਹੂਣੀ ਉਂਗਲ ਨਾਲ ਇਸ਼ਾਰਾ ਕਰਦਿਆਂ ਉਹ ਬੜੇ ਠਰਮੇ ਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਬੋਲਿਆ:

"ਮੈਂ ਦਸ ਪੁਸਤਕਾਂ ਲਿਖੀਆਂ ਜਿਨ੍ਹਾਂ ਨੇ ਚਿੱਟੀ ਨਸਲ ਦੀ ਰੰਗਦਾਰ ਨਸਲ ਉੱਤੇ ਉੱਚਤਾ ਦੇ ਮਹਾਨ ਵਿਚਾਰ ਨੂੰ ਲੋਕਾਂ ਦੇ ਮਨਾਂ ਵਿੱਚ ਬਿਠਾਇਆ...।"

"ਜੇ ਸਫਾਈ ਦੀ ਭਾਸ਼ਾ ਵਿੱਚ ਅਨੁਵਾਦ ਕਰੀਏ" ਸ਼ੈਤਾਨ ਨੇ ਫਬਤੀ ਕਸਦਿਆਂ ਆਖਿਆ, "ਤਾਂ ਇਸ ਦਾ ਅਰਥ ਇੰਝ ਹੋ ਸਕਦਾ ਹੈ: ਮੈਂ, ਇੱਕ ਬਾਂਝ ਬੁੱਢੀ ਨੌਕਰਾਣੀ ਆਪਣੀ ਸਾਰੀ ਉਮਰ ਆਪਣੇ ਦਿਮਾਗ ਦੀ ਖੁੰਢੀ ਸੂਈ ਨਾਲ ਖੁੱਥੜ ਵਿਚਾਰਾਂ ਦੀ ਉੱਧੜੀ ਹੋਈ ਉੱਨ ਤੋਂ ਉਹਨਾਂ ਲਈ ਕਲੰਦਰੀ ਟੋਪੀਆਂ ਉਣਦੀ ਰਹੀ ਹਾਂ ਜਿਹੜੇ ਆਪਣੀਆਂ ਖੋਪਰੀਆਂ ਨੂੰ ਨਿੱਘਾ ਤੇ ਸੁੰਦਰ ਰੱਖਣਾ ਲੋਚਦੇ ਸਨ...।"

"ਕੀ ਤੈਨੂੰ ਇਸ ਦੀ ਬੇਹੁਰਮਤੀ ਕਰਦਿਆਂ ਡਰ ਨਹੀਂ ਲੱਗਦਾ," ਮੈਂ ਦਬਵੀਂ ਅਵਾਜ਼ ਵਿੱਚ ਸ਼ੈਤਾਨ ਤੋਂ ਪੁੱਛਿਆ।

"ਓ।" ਉਹ ਚੀਕਿਆ। “ਬੁੱਧੀਮਾਨ ਲੋਕ, ਜੀਉਂਦਿਆਂ ਵੀ ਸੱਚਾਈ ਵੱਲ ਬਿਲਕੁੱਲ ਕੰਨ ਨਹੀਂ ਧਰਦੇ ।"

"ਕੇਵਲ ਇੱਕ ਸਫੈਦ ਨਸਲ ਹੀ", ਬੁੱਧੀਮਾਨ ਨੇ ਬੋਲਣਾ ਜਾਰੀ ਰੱਖਿਆ, "ਇੱਕ ਇਤਨੀ ਵਿਕਸਤ ਸੱਭਿਅਤਾ ਰਚ ਸਕਦੀ ਹੈ ਅਤੇ ਇਤਨੇ ਕਰੜੇ ਸ੍ਰਿਸ਼ਟਾਚਾਰੀ ਅਸੂਲ ਤਿਆਰ ਕਰ ਸਕਦੀ ਹੈ, ਇਹ ਸਭ ਇਸ ਦੀ ਚਮੜੀ ਦੇ ਰੰਗ ਦੀ ਅਤੇ ਇਸ ਦੇ ਲਹੂ ਰਸਾਇਣਕ ਬਣਤਰ ਦੀ, ਜਿਵੇਂ ਮੈਂ ਸਿੱਧ ਕੀਤਾ ਹੈ, ਮਿਹਰਬਾਨੀ ਹੈ...।"

"ਹਾਂ ਇਸ ਨੇ ਇਹ ਸਿੱਧ ਕੀਤਾ ਸੀ।" ਸ਼ੈਤਾਨ ਸਹਿਮਤੀ ਵਿੱਚ ਸਿਰ ਹਿਲਾਉਂਦਿਆਂ ਚੀਕਿਆ।"ਇਸ ਦੇ ਇਸ ਵਿਸ਼ਵਾਸ ਨਾਲੋਂ ਵਧੇਰੇ ਹੋਰ ਕੋਈ ਉਜੱਡਪੁਣਾ ਨਹੀਂ ਕਿ ਇਕ ਯੂਰਪੀ ਹੋਣ ਕਰਕੇ ਜ਼ੁਲਮ ਕਰਨਾ ਉਸ ਦਾ ਪਦਾਇਸ਼ੀ ਹੱਕ ਹੈ... ।"

"ਈਸਾਈਅਤ ਅਤੇ ਮਾਨਵਵਾਦ ਸਫੈਦ ਨਸਲ ਦੀਆਂ ਉਪਜਾਂ ਹਨ", ਮੋਏ ਬੰਦੇ ਨੇ ਹੋਰ ਆਖਿਆ।

"ਦੇਵਤਿਆਂ ਦੀ ਨਸਲ ਵਿਚੋਂ ਦੁਨੀਆਂ ਉੱਤੇ ਹੋਰ ਕਿਸ ਨੂੰ ਰਾਜ ਕਰਨਾ ਚਾਹੀਦਾ ਹੈ", ਸ਼ੈਤਾਨ ਗੱਲ ਨੂੰ ਵਿੱਚੋਂ ਟੁੱਕਦਿਆਂ ਬੋਲਿਆ। "ਇਸੇ ਲਈ ਇਹ ਇਤਨੇ ਉਤਸ਼ਾਹ ਨਾਲ ਦੁਨੀਆਂ ਨੂੰ ਆਪਣੇ ਮਨ ਪਸੰਦ ਦੇ ਰੰਗ-ਲਾਲ ਰੰਗ ਵਿੱਚ ਰੰਗਦੇ ਹਨ -ਲਹੂ ਦੇ ਰੰਗ ਵਿੱਚ..।"

"ਇਹਨਾਂ ਨੇ ਮਹਾਨ ਸਾਹਿਤ ਰਚਿਆ ਹੈ ਅਤੇ ਚਮਤਕਾਰੀ ਮਸ਼ੀਨਾਂ ਤਿਆਰ ਕੀਤੀਆਂ ਹਨ," ਆਪਣੀ ਉਂਗਲ ਦੀਆਂ ਹੱਡੀਆਂ ਨੂੰ ਮਰੋੜਦਿਆਂ ਮੋਏ ਬੰਦੇ ਨੇ ਆਖਿਆ।

“ਕੋਈ ਤੀਹ ਕੁ ਚੰਗੀਆਂ ਪੁਸਤਕਾਂ ਅਤੇ ਮਨੁੱਖਾਂ ਦੇ ਸਰਵਨਾਸ਼ ਲਈ ਅਣਗਿਣਤ ਬੰਦੂਕਾਂ..." ਸ਼ੈਤਾਨ ਨੇ ਹੱਸਦਿਆਂ ਵਿਆਖਿਆ ਕੀਤੀ। "ਹੋਰ ਕਿਹੜੀ ਥਾਂ 'ਤੇ ਜ਼ਿੰਦਗੀ ਇਤਨੀ ਟੁੱਟੀ ਭੱਜੀ ਹੈ ਅਤੇ ਆਦਮੀ ਇਤਨਾ ਨੀਵਾਂ ਹੋਰ ਕਿੱਥੇ ਹੈ ਜਿਤਨਾ ਗੋਰਿਆਂ ਵਿਚਾਲੇ ?"

86 / 162
Previous
Next