

ਨਾਲ ਇੱਕ ਹੋਰ ਸੱਚ ਦੇ ਗਾਹਕ ਦੀ ਲੋਥ ਪਈ ਹੈ...। ਆਓ ਅਸੀਂ ਇਸ ਨੂੰ ਵੀ ਜਗਾਈਏ। ਆਪਣੇ ਜੀਵਨ ਕਾਲ ਵਿੱਚ ਇਹ ਸਾਰੇ ਅਮਨ ਤੇ ਸ਼ਾਂਤੀ ਨੂੰ ਪਸੰਦ ਕਰਦੇ ਹਨ ਅਤੇ ਇਹ ਵਿਚਾਰ, ਭਾਵਨਾਵਾਂ ਤੇ ਜ਼ਿੰਦਗੀ ਦੇ ਨੇਮ ਢਾਲਣ ਦੀ ਘਾਲਣਾ ਘਾਲਦੇ ਹਨ — ਇੱਕ ਨਵੇਂ ਜਨਮੇ ਵਿਚਾਰਾਂ ਨੂੰ ਭੰਨ੍ਹਦੇ ਤੋੜਦੇ ਹਨ ਅਤੇ ਉਹਨਾਂ ਲਈ ਛੋਟੇ ਛੋਟੇ ਨਿੱਘੇ ਖੱਫਣ ਬਣਾਉਂਦੇ ਹਨ। ਪਰ ਮਰਨ ਮਗਰੋਂ - ਇਹ ਚਾਹੁੰਦੇ ਹਨ ਕਿ ਸਾਨੂੰ ਯਾਦ ਰੱਖਿਆ ਜਾਵੇ...।
"ਉਠ ਉਏ, ਵੱਡਿਆ ਪ੍ਰੋਫੈਸਰਾ। ਮੈਂ ਤੇਰੇ ਕੋਲ ਇੱਕ ਬੰਦਾ ਲਿਆਇਆ ਹਾਂ ਜਿਸ ਨੂੰ ਆਪਣੇ ਵਿਚਾਰਾਂ ਲਈ ਖੱਫਣ ਦੀ ਜ਼ਰੂਰਤ ਹੈ।"
ਅਤੇ ਇੱਕ ਵਾਰ ਫੇਰ ਇੱਕ ਗੰਜੀ ਤੇ ਸੱਖਣੀ, ਬੇੜੀ, ਪੀਲੀ ਪਰ ਸਵੈ ਸੰਤੁਸ਼ਟਤਾ ਨਾਲ ਲਿਸ਼ਕਦੀ ਖੋਪਰੀ ਧਰਤੀ ਵਿੱਚੋਂ ਪ੍ਰਗਟ ਹੋਈ। ਇਹ ਬਹੁਤੇ ਲੰਮੇ ਸਮੇਂ ਤੋਂ ਏਥੇ ਪਿਆ ਹੋਇਆ ਹੋਵੇਗਾ—ਉਸ ਦੀਆਂ ਹੱਡੀਆਂ ਉੱਤੇ ਭੋਰਾ ਜਿੰਨਾ ਵੀ ਮਾਸ ਨਹੀਂ ਸੀ। ਉਹ ਕਬਰ ਦੇ ਪੱਥਰ ਨਾਲ ਲੱਗ ਕੇ ਖਲ੍ਹੋ ਗਿਆ ਅਤੇ ਕਾਲੇ ਪੱਥਰ ਉੱਤੇ ਉਸ ਦੀਆਂ ਪਸਲੀਆਂ ਦਾ ਪਰਛਾਵਾਂ ਇੰਝ ਜਾਪ ਰਿਹਾ ਸੀ ਜਿਵੇਂ ਕਚਹਿਰੀ ਦੇ ਕਿਸੇ ਅਫਸਰ ਨੇ ਧਾਰੀਦਾਰ ਵਰਦੀ ਪਹਿਨੀ ਹੋਵੇ।
"ਇਹ ਆਪਣੇ ਵਿਚਾਰਾਂ ਨੂੰ ਕਿਹੜੀ ਥਾਂ 'ਤੇ ਸੰਭਾਲ ਕੇ ਰੱਖਦਾ ਹੈ ?" ਮੈਂ ਪੁੱਛਿਆ।
"ਆਪਣੀਆਂ ਹੱਡੀਆਂ ਵਿੱਚ, ਮੇਰੇ ਦੋਸਤ, ਆਪਣੀਆਂ ਹੱਡੀਆਂ ਵਿੱਚ। ਇਹਨਾਂ ਦੇ ਵਿਚਾਰ ਗੰਠੀਏ ਜਾਂ ਜੋੜਾਂ ਦੇ ਦਰਦਾਂ ਵਾਂਗ ਹਨ-ਇਹ ਪਸਲੀ ਦੇ ਧੁਰ ਅੰਦਰ ਧੱਸ ਜਾਂਦੇ ਹਨ।”
"ਮਾਲਕ, ਮੇਰੀ ਪੁਸਤਕ ਕਿਵੇਂ ਵਿਕ ਰਹੀ ਏ ?" ਪਿੰਜਰ ਨੇ ਇੱਕ ਸਪਾਟ ਆਵਾਜ਼ ਵਿੱਚ ਪੁੱਛਿਆ।
"ਇਹ ਅਜੇ ਵੀ ਅਲਮਾਰੀਆਂ ਦੇ ਖਾਨਿਆਂ ਵਿੱਚ ਬੰਦ ਪਈ ਏ, ਪ੍ਰੋਫੈਸਰ !" ਸ਼ੈਤਾਨ ਨੇ ਉੱਤਰ ਦਿੱਤਾ।
"ਕਿਉਂ, ਕੀ ਲੋਕਾਂ ਨੂੰ ਪੜ੍ਹਨਾ ਭੁੱਲ ਗਿਆ ਏਂ?" ਕੁਝ ਚਿਰ ਸੋਚਣ ਮਗਰੋਂ ਪ੍ਰੋਫੈਸਰ ਬੋਲਿਆ।
"ਨਹੀਂ, ਉਹ ਅਜੇ ਵੀ ਸਭ ਬੇਹੂਦਾ ਚੀਜ਼ਾਂ ਚਾਂਈ ਚਾਂਈ ਪੜ੍ਹਦੇ ਹਨ—ਪਰ ਕਈ ਵਾਰ ਕਈ ਅਕੇਵੇਂ ਭਰੀਆਂ ਬੇਹੂਦਾ ਲਿਖਤਾਂ ਨੂੰ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਣ ਲਈ ਲੰਮਾ ਸਮਾਂ ਉਡੀਕਣਾ ਵੀ ਪੈਂਦਾ ਹੈ ।" ਸ਼ੈਤਾਨ ਨੇ ਮੇਰੇ ਵੱਲ ਮੁੜਦਿਆਂ ਆਖਿਆ, "ਪ੍ਰੋਫੈਸਰ ਨੇ ਇੱਥੇ ਆਪਣੀ ਸਾਰੀ ਜ਼ਿੰਦਗੀ ਇਹ ਸਿੱਧ ਕਰਨ ਲਈ ਔਰਤਾਂ ਦੀਆਂ ਖੋਪਰੀਆਂ ਮਿਣਦਿਆਂ ਹੀ ਗੁਜ਼ਾਰ ਦਿੱਤੀ ਹੈ ਕਿ ਇੱਕ ਔਰਤ ਮਨੁੱਖੀ ਜੀਵ ਨਹੀਂ ਹੁੰਦੀ। ਇਸ ਨੇ ਸੈਂਕੜੇ ਖੋਪਰੀਆਂ ਮਿਣੀਆਂ, ਇਸ ਦੇ ਦੰਦਾਂ ਦੀ ਗਿਣਤੀ ਕੀਤੀ, ਇਸ ਦੇ ਕੰਨਾਂ ਦਾ ਨਾਪ ਲਿਆ, ਇਸ ਨੇ ਮੁਰਦਾ ਦਿਮਾਗ ਦਾ ਪਦਾਰਥ ਤੋਲਿਆ । ਮੁਰਦਾ ਦਿਮਾਗਾਂ ਉੱਤੇ ਕੰਮ ਕਰਨਾ ਪ੍ਰੋਫੈਸਰ ਦਾ ਮਨ ਪਸੰਦ ਪੇਸ਼ਾ ਸੀ। ਇਸ ਦੀਆਂ ਸਾਰੀਆਂ ਪੁਸਤਕਾਂ ਇਸ ਗੱਲ ਦਾ ਸਬੂਤ ਹਨ। ਕੀ ਤੂੰ ਉਹ ਪੜ੍ਹੀਆਂ ਹਨ ?"
"ਮੈਂ ਇੱਕ ਸ਼ਰਾਬਖਾਨੇ ਰਾਹੀਂ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰਦਾ", ਮੈਂ ਉੱਤਰ ਦਿੱਤਾ,