Back ArrowLogo
Info
Profile

ਉਹ ਕੁਝ ਫੜ੍ਹਾਂ ਮਾਰਨ ਲੱਗ ਪਿਆ ਤੇ ਕੁਝ ਸਰੋਦੀ ਰੌਂ ਵਿੱਚ ਆ ਗਿਆ ਸੀ, ਜੋ ਇੱਕ ਸ਼ੈਤਾਨ ਲਈ ਓਪਰੀ ਜਿਹੀ ਗੱਲ ਹੈ। ਮੈਂ ਉਸ ਨੂੰ ਮੁਆਫ ਕਰ ਦਿੱਤਾ। ਤੁਸੀਂ ਹੋਰ ਕਰ ਵੀ ਕੀ ਸਕਦੇ ਹੋ ? ਜ਼ਿੰਦਗੀ ਸ਼ੈਤਾਨ ਦੀ ਵੀ ਮੱਤ ਮਾਰ ਦੇਂਦੀ ਹੈ, ਆਪਣੇ ਜ਼ਹਿਰੀਲੇ ਦੰਦਾਂ ਨਾਲ ਉਸ ਦੀ ਮਜ਼ਬੂਤੀ ਨਾਲ ਢਲੀ ਰੂਹ ਨੂੰ ਵੀ ਖਾ ਜਾਂਦੀ ਹੈ ਅਤੇ ਫਿਰ ਸਾਰੇ ਮਨੁੱਖਾਂ ਦੇ ਸਿਰ ਗੋਲ ਹੁੰਦੇ ਹਨ, ਪਰ ਉਹਨਾਂ ਦੇ ਵਿਚਾਰ ਚਪਟੇ ਹੁੰਦੇ ਹਨ ਅਤੇ ਹੋਰ ਕੋਈ ਜਦੋਂ ਸ਼ੀਸ਼ੇ ਵਿੱਚ ਵੇਖਦਾ ਹੈ ਇੱਕ ਖੂਬਸੂਰਤ ਚਿਹਰਾ ਹੀ ਵੇਖਦਾ ਹੈ।

ਕਬਰਾਂ ਵਿੱਚ ਕੁਝ ਕੁ ਅੱਕਟਦਿਆਂ, ਸ਼ੈਤਾਨ ਇੱਕ ਮਾਲਕ ਦੇ ਲਹਿਜੇ ਵਿੱਚ ਕੜਕ ਕੇ ਬੋਲਿਆ:

"ਤੁਹਾਡੇ ਵਿੱਚੋਂ ਕੌਣ ਸਿਆਣਾ ਤੇ ਈਮਾਨਦਾਰ ਹੈ ?"

ਇੱਕ ਛਿਨ ਦੀ ਖਾਮੋਸ਼ੀ ਰਹੀ, ਫਿਰ ਅਚਾਨਕ ਮੇਰੇ ਪੈਰਾਂ ਹੇਠਲੀ ਧਰਤੀ ਹਿੱਲ ਗਈ ਜਿਵੇਂ ਹਜ਼ਾਰਾਂ ਬਿਜਲੀਆਂ ਨੇ ਧਰਤੀ ਨੂੰ ਅੰਦਰੋਂ ਫਾੜੀ ਫਾੜੀ ਕਰ ਦਿੱਤਾ ਹੋਵੇ ਜਾਂ ਜਿਵੇਂ ਕਿਸੇ ਬਹੁਤ ਭਾਰੀ ਦਾਨਵ ਨੇ ਧਰਤੀ ਦੀਆਂ ਡੂੰਘਾਈਆਂ ਵਿੱਚ ਪਲਸੇਟੇ ਮਾਰੇ ਹੋਣ। ਇੰਝ ਜਾਪਣ ਲੱਗਾ ਜਿਵੇਂ ਗੰਦੀ ਬਰਫ ਦੇ ਟਿੱਲੇ ਏਧਰ ਉੱਧਰ ਝੁਲਣ ਲੱਗ ਪਏ ਹਨ। ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਗੰਦੀ ਪਲਿੱਤਣ ਵਿੱਚ ਬਦਲ ਗਈ ਤੇ ਹਰ ਪਾਸੇ ਪਿੰਜਰ ਹਵਾ ਵਿੱਚ ਘਾਹ ਦੀਆਂ ਸੁੱਕੀਆਂ ਤਿੜਾਂ ਵਾਂਗ ਹਿੱਲਣ ਲੱਗੇ, ਆਲੇ ਦੁਆਲੇ ਦੀ ਖਾਮੋਸ਼ੀ ਨੂੰ ਹੱਡੀਆਂ ਦੇ ਆਪੋ ਵਿੱਚ ਅਤੇ ਜੋੜਾਂ ਦੀ ਇੱਕ ਦੂਜੇ ਨਾਲ ਅਤੇ ਕਬਰ ਦੇ ਪੱਥਰਾਂ ਨਾਲ ਰਗੜੇ ਜਾਣ ਦੀ ਅਵਾਜ਼ ਨੇ ਭਰ ਦਿੱਤਾ। ਇੱਕ ਦੂਜੇ ਨੂੰ ਮੋਢਾ ਮਾਰਦਿਆਂ ਪਿੰਜਰ ਕਬਰਾਂ ਵਿੱਚੋਂ ਨਿਕਲ ਕੇ ਪੱਥਰਾਂ ਉੱਤੇ ਆ ਬੈਠੇ, ਹਰ ਥਾਂ 'ਤੇ ਪੋਪਰੀਆਂ ਪੀਲੇ ਫਲਾਂ ਵਾਂਗ ਤਿੜਤਿੜ ਕਰਦੀਆਂ ਉੱਭਰ ਆਈਆਂ, ਪਸਲੀਆਂ ਦੀ ਇੱਕ ਮੋਟੀ ਕਤਾਰ ਨੇ ਤੰਗ ਪਿੰਜਰੇ ਵਾਂਗ ਮੈਨੂੰ ਘੇਰ ਲਿਆ ਤਾਂ ਪਿੰਜਰਾਂ ਦੀਆਂ ਪਿੰਡਲੀਆਂ ਦੀਆਂ ਹੱਡੀਆਂ ਭਿਆਨਕ ਵਿਰਲਾਂ ਵਾਲਿਆਂ ਕੂਲਿਆਂ ਦੀਆਂ ਹੱਡੀਆਂ ਦੇ ਭਾਰ ਥੱਲੇ ਕੰਬ ਰਹੀਆਂ ਸਨ, ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਸਰਗਰਮੀ ਦੇ ਖਾਮੇਸ਼ ਜੋਸ਼ ਨਾਲ ਉੱਬਲ ਰਹੀ ਸੀ...।

ਸ਼ੈਤਾਨ ਦੇ ਅੱਖੜ ਹਾਸੇ ਵਿੱਚ ਸਾਰੀਆਂ ਅਵਾਜ਼ਾਂ ਡੁੱਬ ਗਈਆਂ।

"ਵੇਖੋ! ਇਹ ਸਾਰੇ ਰੀਂਗਦੇ ਹੋਏ ਬਾਹਰ ਆ ਗਏ, ਕੋਈ ਵੀ ਬਾਕੀ ਨਹੀਂ ਰਿਹਾ।” ਉਸ ਨੇ ਆਖਿਆ।"ਇਥੋਂ ਤੱਕ ਕਿ ਸ਼ਹਿਰ ਦੇ ਬੁੱਧੂ ਵੀ। ਧਰਤੀ ਨੇ ਉਲਟੀ ਕਰ ਦਿੱਤੀ ਹੈ, ਉਸ ਨੇ ਆਪਣੀ ਕੁੱਖ ਵਿੱਚੋਂ ਮਨੁੱਖਾਂ ਦੀ ਮੁਰਦਾ ਸਿਆਣਪ ਨੂੰ ਬਾਹਰ ਉਗਲੱਛ ਦਿੱਤਾ ਹੈ... ।"

ਸਹਿਜੇ ਸਹਿਜੇ ਪੁੱਚ ਪੁੱਚ ਦੀ ਆਵਾਜ਼ ਆਉਣੀ ਲੱਗੀ- ਇਹ ਇਸ ਤਰ੍ਹਾਂ ਦੀ ਸੀ ਜਿਵੇਂ ਕੋਈ ਅਦਿੱਖ ਹੱਥ ਉਸ ਸਿਲ੍ਹੇ ਗੰਦ ਮੰਦ ਦੇ ਢੇਰ ਨੂੰ ਫਰੋਲ ਰਿਹਾ ਹੋਵੇ ਜਿਹੜਾ ਭੰਗੀ ਨੇ ਹੂੰਝ ਕੇ ਵਿਹੜੇ ਦੀ ਨੁਕਰ ਵਿੱਚ ਇਕੱਠਾ ਕਰ ਦਿੱਤਾ ਸੀ।

"ਰਤਾ ਸਿਆਣਿਆਂ ਤੇ ਇਮਾਨਦਾਰ ਬੰਦਿਆਂ ਦੀ ਗਿਣਤੀ ਤੇ ਨਜ਼ਰ ਮਾਰ ਜਿਹੜੇ ਸੰਸਾਰ ਵਿੱਚ ਰਹਿੰਦੇ ਸਨ।" ਸ਼ੈਤਾਨ ਨੇ, ਆਪਣੇ ਖੰਭ ਟੁੱਟੇ ਭੱਜੇ ਉਹਨਾਂ ਹਜ਼ਾਰਾਂ ਟੁਕੜਿਆਂ ਉਤੇ ਫੈਲਾਅ ਦਿੱਤੇ ਜਿਨ੍ਹਾਂ ਨੇ ਉਸ ਨੂੰ ਸਾਰਿਆਂ ਪਾਸਿਆਂ ਤੋਂ ਨਪੀੜਿਆ ਹੋਇਆ ਸੀ।

93 / 162
Previous
Next