Back ArrowLogo
Info
Profile

"ਹਰ ਔਰਤ ਇੱਕ ਮਰਦ ਦੀ ਮਲਕੀਅਤ ਹੋਣੀ ਚਾਹੀਦੀ ਹੈ... ।"

ਇੱਕ ਹੋਰ ਅਵਾਜ਼ ਉਸ ਦੀ ਫੁਸ ਫੁਸ ਉੱਤੇ ਭਾਰੂ ਹੋ ਗਈ ਅਤੇ ਜਿਹੜੇ ਸ਼ਬਦ ਉਸ ਆਖੇ ਉਹ ਕਿਸੇ ਹੋਰ ਦੇ ਭਾਸ਼ਣ ਵਿੱਚ ਰਲਗਡ ਹੋ ਗਏ।

"ਕੇਵਲ ਮੁਰਦਿਆਂ ਨੂੰ ਹੀ ਸੱਚ ਦਾ ਗਿਆਨ ਹੁੰਦਾ ਹੈ... ।"

ਕਈ ਹੋਰ ਸ਼ਬਦ ਸੁਣਾਈ ਦਿੱਤੇ:

"ਪਿਓ, ਮੈਂ ਆਖਿਆ ਸੀ, ਇੱਕ ਮੱਕੜੀ ਵਾਂਗ ਹੈ... ।"

"ਧਰਤੀ ਉੱਤੇ ਸਾਡੀ ਜ਼ਿੰਦਗੀ ਇੱਕ ਭਰਮਾਂ ਦਾ ਝਮੇਲਾ ਹੈ, ਨਿਪਟ ਅਗਿਆਨਤਾ ਦਾ ਛਲਾਵਾ ਹੈ।"

"ਮੈਂ ਤਿੰਨ ਵਾਰ ਵਿਆਹਿਆ ਗਿਆ, ਅਤੇ ਤਿੰਨੋਂ ਵਾਰ ਗਿਰਜੇ ਵਿੱਚ...।"

“ਸਾਰੀ ਉਮਰ ਉਹ ਪਰਿਵਾਰ ਦੀ ਭਲਾਈ ਦੀ ਝਾਲਰ ਨਿਰੰਤਰ ਉਣਦਾ ਹੈ... ।"

"ਅਤੇ ਇੱਕ ਸਮੇਂ ਇੱਕ ਔਰਤ ਨਾਲ...।“

ਅਚਾਨਕ ਇੱਕ ਨਵਾਂ ਪਿੰਜਰ ਪ੍ਰਗਟ ਹੋਇਆ। ਉਸ ਦੀਆਂ ਪੀਲੀਆਂ ਮੁਸਾਮਦਾਰ ਹੱਡੀਆਂ ਚੀਰਵੀਂ ਅਵਾਜ਼ ਵਿੱਚ ਖੜਕੀਆਂ। ਉਸ ਨੇ ਆਪਣਾ ਅੱਧ-ਪਚੱਧਾ ਮੂੰਹ ਸ਼ੈਤਾਨ ਦੀਆਂ ਅੱਖਾਂ ਤੱਕ ਲਿਆਂਦਾ ਤੇ ਬੋਲਿਆ:

"ਹਾਂ, ਮੈਂ ਆਤਸ਼ਕ ਨਾਲ ਮਰਿਆ ਸਾਂ। ਪਰ ਫਿਰ ਵੀ ਮੈਂ ਸਮਾਜ ਦੇ ਸ੍ਰਿਸ਼ਟਾਚਾਰਾਂ ਦਾ ਸਤਿਕਾਰ ਕਰਦਾ ਸਾਂ । ਜਦੋਂ ਹੀ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਮੇਰੇ ਪ੍ਰਤੀ ਬੇਵਫਾ ਹੈ, ਮੈਂ ਆਪ ਅਦਾਲਤ ਤੇ ਸਮਾਜ ਨੂੰ ਉਸ ਦੀ ਬਦਚਲਨੀ ਬਾਰੇ ਫੈਸਲਾ ਕਰਨ ਲਈ ਆਖਿਆ ਸੀ।"

ਪਰ ਉਸ ਨੂੰ ਪਰ੍ਹਾਂ ਧੱਕ ਦਿੱਤਾ ਗਿਆ ਤੇ ਉਹ ਦੂਜੇ ਪਿੰਜਰਾਂ ਦੀਆਂ ਹੱਡੀਆਂ ਨਾਲ ਖਹਿਸਰਦਾ ਹੋਇਆ ਪਿਛਾਂਹ ਡਿੱਗ ਪਿਆ, ਅਤੇ ਫਿਰ ਹਰ ਪਾਸਿਓਂ ਆਵਾਜ਼ਾਂ ਦੀ ਮੱਧਮ ਜਿਹੀ ਹਵਾਂਕਣੀ ਇਸ ਤਰ੍ਹਾਂ ਸ਼ੁਰੂ ਹੋ ਗਈ ਜਿਵੇਂ ਚਿਮਨੀ ਵਿੱਚੋਂ ਹਵਾ ਨਾਲ ਪੈਦਾ ਹੁੰਦੀ ਹੈ।

"ਮੈਂ ਬਿਜਲਈ ਕੁਰਸੀ ਈਜਾਦ ਕੀਤੀ ਸੀ। ਇਹ ਬਿਨਾਂ ਕਿਸੇ ਪੀੜ ਦੇ ਬੰਦੇ ਨੂੰ ਮਾਰਦੀ ਹੈ...।"

"ਮੈਂ ਲੋਕਾਂ ਨੂੰ ਦਿਲਾਸਾ ਦਿੰਦਿਆਂ ਆਖਿਆ ਸੀ ਕਿ ਮੌਤ ਦੇ ਮਗਰੋਂ ਇੱਕ ਸਦੀਵੀ ਖੁਸ਼ੀ ਤੁਹਾਨੂੰ ਉਡੀਕ ਰਹੀ ਹੈ...।"

"ਪਿਓ ਬੱਚਿਆਂ ਨੂੰ ਜ਼ਿੰਦਗੀ ਤੇ ਖੁਰਾਕ ਦੇਂਦਾ ਹੈ... ਇੱਕ ਮਰਦ ਓਦੋਂ ਹੀ ਪੂਰਨ ਮਰਦ ਹੁੰਦਾ ਹੈ ਜਦੋਂ ਉਹ ਪਿਓ ਬਣਦਾ ਹੈ, ਉਸ ਤੋਂ ਪਹਿਲਾਂ ਤੱਕ ਉਹ ਪਰਿਵਾਰ ਦਾ ਇੱਕ ਜੀਅ ਹੀ ਹੁੰਦਾ ਹੈ...।"

ਅੰਡੇ ਵਰਗੀ ਸ਼ਕਲ ਦੀ ਖੋਪਰੀ ਵਾਲਾ ਇੱਕ ਪਿੰਜਰ, ਜਿਸ ਦੇ ਮੂੰਹ ਉੱਤੇ ਮਾਸ ਦੇ ਸਿੱਕੜ ਜੰਮੇ ਹੋਏ ਸਨ, ਦੂਜਿਆਂ ਦੇ ਸਿਰਾਂ ਤੋਂ ਉਤਾਂਹ ਹੋ ਕੇ ਬੋਲਿਆ:

"ਮੈਂ ਇਹ ਸਿੱਧ ਕੀਤਾ ਸੀ ਕਿ ਕਲਾ ਨੂੰ ਸਮਾਜ ਦੇ ਵਿਚਾਰ ਤੇ ਰਾਵਾਂ, ਆਦਤਾਂ ਤੇ ਲੋੜਾਂ ਦੇ ਸਮੁੱਚੇ ਜੁੱਟ ਦੇ ਅਨੁਕੂਲ ਢਾਲਣਾ ਚਾਹੀਦਾ ਹੈ... ।"

96 / 162
Previous
Next