

ਸੁਤੰਤ੍ਰਤਾ ਦੀ ਦੇਵੀ
ਓਹੋ ਚੰਦ ਚੜਿਆ ਅਸਮਾਨੀ, ਓਹੋ ਸੂਰਜ ਉਦੇ ਹੋਇਆ,
ਉਹੋ ਨਛਤਰ ਘੁੰਮਦੇ ਸਿਰ ਤੇ, ਉਹੋ ਚਾਨਣ ਉਹੋ ਲੋਇਆ।
ਗ੍ਰਹਿ ਮਾਲਾ ਹੈ ਉਹੋ ਉਦਾਲੇ ਭਉਂਦੀ ਚੱਕਰ ਲਾਂਦੀ ਏ,
ਸੂਰਜ ਤੋਂ ਲੈ ਚਾਨਣ, ਚਾਨਣ ਦੁਆਲੇ ਵੰਡਦੀ ਜਾਂਦੀ ਏ।
ਰਿਸ਼ਮ ਰਿਸ਼ਮ ਪਰ ਇਸਦੀ, ਤੱਕੋ 'ਤਾਣ' ਲਿਸ਼ਕ ਲਿਸ਼ਕੇਂਦੀ ਏ
ਛੁਹ ਅਪਨੀ ਲਾ ਲਾ ਕੇ ਨੈਣਾਂ ਜਾਂਦੀ ਤਾਣ ਭਰੇਂਦੀ ਏ।
ਪੌਣ-ਜੁ ਸਦਾ ਉਦਾਲੇ ਰਹਿੰਦੀ ਉਹੋ ਪੌਣ ਪਈ ਘੁੱਲਦੀ ਏ
ਪਰ ਅਜ ਨਖ਼ਰੇ ਹੋਰ ਕਿਸੇ ਵਿਚ ਮੰਦ ਮੰਦ ਪਈ ਝੁਲਦੀ ਏ,
ਹਾਂ ਅਜ ਜਫੀਆਂ ਪਾ ਪਾ ਮਿਲਦੀ ਭਰੀ ਉਮਾਹ ਵਿਚ ਆਂਦੀ ਏ
ਚੜਦੀ ਕਲਾ ਦੀ ਛੋਹ ਲਗਾਂਦੀ ਲਪਟ ਉਮਾਹ ਦੇ ਜਾਂਦੀ ਏ
ਧਰਤੀ ਉਹੋ, ਮਟਕ ਹੋਰ ਹੈ, ਘਾਹ ਇਸਦੇ ਵਿਚ ਦਮਕ ਰਹੀ,
ਓਹੋ ਪਾਣੀ ਲਹਰ ਲਹਰ ਪਰ, ਹੋਰ ਚਮਕ ਪਰ ਚਮਕ ਰਹੀ।
ਬਦਲ ਗਿਆ ਹੈ ਸੁਹਜ ਤਰ੍ਹਾਂ ਦਾ ਕਿਥੋਂ ਲੈ ਲਿਆ ਰੰਗ ਨਵਾਂ
ਮਾਣ ਭਰਿਆ ਜੋ ਆਖ ਰਿਹਾ ਹੈ-ਹੁਣ ਨਾ ਅਗੇ ਕਿਸੇ ਨਿਵਾਂ।
ਉਹੀ ਬਾਗ ਬਨ ਬੋਲੇ ਓਹੋ ਓਹੋ ਪਾਵਸ ਲਾਇ ਝੜੀ
ਪਰ ਠੰਢਕ ਅਜ ਰਹੇ ਵੰਨ ਦੀ ਹੋਰ ਸੁਆਦ ਇਕ ਜਾਇ ਭਰੀ।
ਆਪਾ ਸਤਿਕਾਰੇ ਹੈ ਆਪੇ ਮਿਠੀ ਨਾਲ ਫੁਹਾਰ ਪਵੇ:-
ਮਾਣ ਦੁਏ ਦਾ ਭੰਗ ਨ ਕਰਨਾ ਅਪਣਾ ਪਰ ਨਾ ਭੰਗ ਹੁਵੇਂ।
ਉਹੋ ਮਹਿਲ ਮਾੜੀਆਂ ਮੰਦਰ, ਸ਼ਹਿਰ ਗਿਰਾਂ ਤੇ ਬਸਤੀਆਂ ਓ
ਓਹੋ ਪਰਬਤ ਬਰਫ਼ਾਂ ਕੱਜੇ, ਉਹੋ ਵਾਦੀਆਂ ਪਸਤੀਆਂ ਓ।
ਅਜ ਆਪਣੇ ਲਗਣ ਵਧੇਰੇ ਵਧ ਪਿਆਰੇ ਦਿਸਣ ਓ।
ਫ਼ਖ਼ਰ ਭਰਨ ਦਿਲ ਵਿਚ ਉਹ ਸਾਰੇ ਰੰਗ ਨਵੇਂ ਵਿਚ ਲਿਸ਼ਕਣ ਓ।
ਕਿਥੋਂ ਭਈ ਇਹ ਦੱਸੋ ਸਾਨੂੰ ਵੰਨ ਨਵਾਂ ਏ ਲਿਆਏ ਹੋ?
ਸੁੰਦਰਤਾ ਵਿਚ ਪਿਆਰ ਲਗਨ ਏ ਕਿਵੇਂ ਪਏ ਦਿਖਲਾਏ ਓ?