

ਜੀਓ ਜੀ! ਮੈਂ ਵਾਜਾਂ ਜੁ ਮਾਰੀਆਂ,
ਵਾਜਾਂ ਤਾ ਮੇਰੀਆਂ ਸਾਰਾ ਦਿਨ ਸਹਿਜੇ ਸਹਿਜੇ ਟੁਰੀਆਂ ਰਹੀਆਂ,
ਤੁਸੀਂ ਸੁਣਦੇ ਹੀ ਰਹੇ ਹੋ ਨਾ।
ਪਰ ਦਾਤਾ! ਦੇਖੋ ਓ ਓਥੇ ਬੀ ਆ ਪਹੁੰਚੇ।
ਮੈਂ ਦਾਰੀ ਕੀਤੀ, ਪਰ ਮੈਂ ਵਿਆਕੁਲ ਸਾਂ,
ਮੇਰੇ ਸੀਨੇ ਵਿਚ ਗਲ ਤੜਪ ਰਹੀ ਸੀ ਕਿ ਕਿਵੇਂ ਤੁਸੀਂ ਮਿਲੋ
ਤੇ ਕੰਨ ਵਿਚ ਗਲ ਕਰ ਲਵਾਂ।
ਫੇਰ ਸਾਂਈਆਂ ਜੀਓ!
ਮੈਂ ਕਿਹਾ ਮੈਂ ਹੁਣ ਜੇ ਆਪਣੇ ਘਰ ਜਾਵਾਂ ਤਾਂ ਜ਼ਰੂਰ ਇਕੱਲ ਹੋਊ।
ਮੈਂ ਉਡਕੇ ਜਾਵਾਂ।
ਫੇਰ ਸਾਈਆਂ ਜੀਓ!
ਮੈਂ ਉਥੋਂ ਘਰ ਆਯਾ, ਗੁਲਾਬਾਂ ਦੇ ਪਿਛੋਂ ਪਿਛੋਂ,
ਮਲਕੜੇ ਮਲਕੜੇ, ਬਜਰੇ ਵਿਚ ਬੈਠ ਕੇ ਮੈਂ ਕਿਹਾ,
ਮੈਂ ਸਹਜੇ ਅੰਦਰ ਵੜਕੇ ਬੂਹੇ ਮਾਰਕੇ ਤੁਸਾਂ ਨਾਲ
ਵਖਰਿਆਂ ਗਲ ਕਰ ਲਵਾਂਗਾ।
ਪਰ ਦਾਤਾ ਜੀਓ!
ਮੇਰੇ ਅੱਪੜਨ ਤੋਂ ਪਹਿਲਾਂ ਉਹ ਬੂਹੇ ਅਗੇ ਖੜੇ ਸਨ ਤੁਹਾਡੇ ਨਾਮ ਲੇਵਾ।
ਮੈਂ ਕਿਹਾ ਸੀ ਮੈਂ ਤੁਸਾਂ ਨਾਲ ਅੱਜ ਇਕ ਕੰਨ ਵਿਚ ਗਲ ਕਰਨੀ ਹੈ।
ਪਰ ਉਹ ਬੈਠੇ ਰਹੇ, ਬੈਠੇ ਰਹੇ, ਮੈਂ ਸਾਰੀ ਦਾਰੀ ਕੀਤੀ ਓਹ ਨਹੀਂ ਗਏ!
ਦਾਤਾ ਜੀਓ, ਹੁਣ ਉਠੇ ਹਨ।
ਹੁਣ ਕਿੰਝ ਗਲ ਕਰਾਂ? ਤੁਸੀਂ ਕਿੰਞ ਆਓ?
ਸਾਂਈਆਂ ਜੀਓ!
ਨੈਣ ਝੁਕ ਝੁਕ ਕੇ ਪੈ ਰਹੇ ਹਨ, ਜੀਭ ਹਾਰ ਚੁਕੀ ਹੈ,
ਤਨ ਸਿਥਿਲ ਹੈ। ਵਾਜਾਂ ਤਾਂ ਮੇਰੀਆਂ ਅਜੇ ਬੀ ਜਾਰੀ ਹਨ,
ਹਾਂ ਵਾਜਾਂ ਜਾਰੀ ਹਨ, ਤੁਸੀਂ ਸੁਹਣੇ ਸੁਹਣੇ ਜੀਓ ਸੁਣ ਹੀ ਰਹੇ ਹੋ।