

ਨੋਟ:- ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸੰਨ ੧੯੩੩ ਵਿਚ ਮਾਊਂਟ ਆਬੂ ਪਧਾਰੇ ਸਨ। ਆਪ ੧੬ ਸਤੰਬਰ ੧੯੩੩ ਨੂੰ ਡੇਹਰਾਦੂਨ ਤੋਂ ਚੱਲਕੇ ਰਾਤੀਂ ਦਿੱਲੀ ਅੱਪੜੇ। ੧੭ ਨੂੰ ਉਥੋਂ ਚੱਲਕੇ ਅਜਮੇਰ ਪੁਜੇ। ਸ਼ਾਮਾਂ ਨੂੰ ਅੱਨਾ ਸਾਗਰ ਝੀਲ ਵੇਖੀ ਤੇ ਫੇਰ ਪੁਸ਼ਕਾਰ ਪਧਾਰੇ। ਜਿਥੇ ਜਿਥੇ ਬੀ ਆਪ ਪਧਾਰੇ ਉਥੋਂ ਦੀ ਯਾਦ ਨਾਲ ਅਲੰਕ੍ਰਿਤ ਕਾਵ੍ਯ ਤਰੰਗ ਨਾਲੋ ਨਾਲ ਅੰਕਤ ਹੁੰਦੇ ਰਹੇ। ੨੦ ਸਤੰਬਰ ਨੂੰ ਸਵੇਰੇ ਮਾਊਂਟ ਆਬੂ ਪਹੁੰਚ ਗਏ। ਪੁਸ਼ਕਰ ਤੀਰਥ ਤੱਕ ਕੇ ਆਪ ਨੇ ਇਕ ਰੁਬਾਈ ਲਿਖੀ ਸੀ। (ਦੇਖੋ ਇਸੇ ਪੁਸਤਕ ਦੀ ਕਵਿਤਾ ਨੰ: ੫) -ਸੰਪਾਦਕ
ਅੱਨਾ ਸਾਗਰ ਝੀਲ
ਇਹ ਨਾ ਝੀਲ, ਹੈ ਸੁੰਦਰੀ ਪਾਣੀਆਂ ਦੀ,
ਦੋਹੁੰ ਗੋਦੀਆਂ ਵਿਚ ਜੋ ਲੇਟ ਰਹੀ ਏ।
ਲੜੀ ਪੱਬੀਆਂ ਦੀ ਕੁਦਰਤ ਛਬੀ ਵਾਲੀ,
ਇਕ ਪਾਸੇ ਇਸ ਗੋਦ ਵਿਚ ਖੇਡ ਰਹੀ ਏ
ਕਾਰੀਗਰੀ ਦੀ ਗੋਦ ਹੈ ਦੂਏ ਪਾਸੇ,
ਵਿਚ ਹੱਸਦੀ ਹੋ ਨਿਲੇਟ ਰਹੀ ਏ।
ਆਪ ਸੋਹਿਣੀ ਸੁਹਜ ਚੁਫੇਰਿਓਂ ਲੈ,
ਸੁਹਜ ਵੰਡਦੀ ਸੁਹਜ ਸਮੇਟ ਰਹੀ ਏ। ੫੨
(ਅਜਮੇਰ ੧੭-੯-੧੯੩੩) ਖਾ.ਸ. ੭-੧੧-੧੯੭੯
ਸੂਚਨਾ:- ਦੱਸਦੇ ਹਨ ਕਿ ਅਜਮੇਰ ਰਾਜਾ ਅਜਾਪਾਲ ਨੇ ਵਸਾਇਆ ਸੀ। ਇਸ ਦੇ ਪੁਤਰ ਅਰਨੋ ਯਾ ਅੱਨਾ ਨੇ ਝੀਲ ਦੇ ਇਕ ਪਾਸੇ ਪੱਕਾ ਕਿਨਾਰਾ ਬਨਵਾਇਆ ਜਿਸ ਪਰ ਸ਼ਾਹਜਹਾਨ ਨੇ ਆਪਣੇ ਸਮੇਂ ਸੰਗਮਰਮਰ ਦੀਆਂ ਬਾਰਾਂ ਦਰੀਆਂ ਵਰਗੀਆਂ ਸੁਹਣੀਆਂ ਇਮਾਰਤਾਂ ਉਸਰਵਾਈਆਂ। ਅੱਨਾ ਤੋਂ ਝੀਲ ਦਾ ਨਾਮ ਅੱਨਾ ਸਾਗਰ ਪਿਆ ਹੈ। ਪਤਾ ਲਗਾ ਹੈ ਕਿ ਅੱਨਾ ਸੰਨ ੧੧੫੦ ਈ. ਵਿਚ ਜੀਉਂਦਾ ਸੀ। ਅਜਾਪਾਲ ਰਾਜਾ ਨੂੰ ਪੱਛਮੀ ਖੋਜੀ ੧੧੦੦ ਵਿਚ ਹੋਇਆ ਸਹੀ ਕਰਦੇ ਹਨ। -ਸੰਪਾਦਕ
––––––––––––
ਇਕ ਫੁੱਲ ਦਾ ਨਾਮ -water lily.