

ਨਾਮ ਦਾ ਵਾਸਤਾ
ਜਦੋਂ ਅਕਲ ਦੀ ਵੰਡ ਸੀ ਤੁਸਾਂ ਕੀਤੀ
ਬੰਦੀ ਗੈਰ ਹਾਜ਼ਰ ਤਦੋਂ ਰਹੀ ਸਾਈਆਂ!
ਰਹੀ ਊਂਘਦੀ, ਬੈਠੀ ਸਾਂ ਪਾਸ ਭਾਵੇਂ
ਜਦੋਂ ਮਸਤਕੇ ਤੇ ਕਲਮਾਂ ਤੁਸਾਂ ਵਾਹੀਆਂ।
ਏਥੇ ਆਈ ਤਾਂ ਛਪਨ ਹੋ ਤੁਸੀਂ ਬੈਠੇ
ਇਕ ਨਾਮ ਤੁਸਾਡਾ ਯਾਦ ਰਹਿ ਗਿਆ ਏ,
ਓਸ ਨਾਮ ਦੇ ਵਾਸਤੇ ਘੱਤਦੀ ਹਾਂ
ਜਦੋਂ ਜਦੋਂ ਚੋਟਾਂ ਸਿਰ ਆਣ ਪਈਆਂ॥੬੭॥
(ਬੰਬਈ ੨੦-੨-੧੯੫੨)ਖ.ਸ.੧੯-੬-੧੯੮੦
ਇਕ ਸੁਹਣੀ ਵੀਚਾਰ
ਜੇਹੀ ਮਿਲੀ ਸੁ ਖਾਇਕੇ ਸੌਂ ਕੇ ਪੌਣੀ ਰਾਤ,
ਕਿਰਤ ਕਮਾਈ ਧਰਮ ਦੀ ਕਰ ਕੀਤੀ ਗੁਜ਼ਰਾਨ।
ਭਲਾ ਚਿਤਵਿਆ ਸਭਸ ਦਾ ਕਿਸੇ ਨ ਦਿੱਤਾ ਦੁੱਖ
ਫਿਰ ਜੋ ਸਾਂਈਂ ਪਯਾਰਿਆਂ ਦੇਵੇ ਕਿਉਂ ਕੋਈ ਤਾਅਨ।
ਕਿਉਂ ਆਖਣ ਉਸ: ਭੋਲਿਆ! ਸਾਂਈਂ ਮਗਰ ਨ ਲੱਗ
ਜਦ ਓ ਸਾਰੇ ਹੋ ਰਹੇ ਮਾਇਆ ਦੇ ਪਿਛ-ਲੱਗ
ਮਾਇਆ ਨੇ ਸਿਖਲਾਇਆ ਲੋਚੋ ਅਪਣਾ ਆਪ,
ਖ਼ੁਦਗਰਜ਼ੀ ਦੇ ਲਾਭ ਨੂੰ ਸਾਜੋ ਅਪਣਾ ਮਾਪ।
'ਮੈਂ ਮੈਂ' 'ਮੈਂ ਮੈਂ' ਕੂਕਦੇ ਖਿੱਚ ਰਹੇ ਤਲਵਾਰ।
ਸਾਂਈਆਂ ਜੀ ਤੋਂ ਭੁੱਲਕੇ ਸਭ ਦਾ ਭਲਾ ਵਿਸਾਰ,
ਸੁਖ ਨ ਪੈਦਾ ਹੋਵਣਾ, ਕਰ ਲਓ ਬੈਠ ਵਿਚਾਰ॥੬੮॥
(ਕਸੌਲੀ ੧੫-੯-੫੨) ਖ.ਸ ੩ ਜੁਲਾਈ, ੧੯੮੦