

ਸੱਜਣ (ਠੱਗ) ਦੀ ਭੈਣ
ਲਟਕ ਰਹੀ ਦਰ ਨਾਲ ਸੁਹਣਿਆਂ! ਸੱਜਣ ਦੀ ਇਕ ਭੈਣ,
ਪਕੜ ਦਲੀਜਾਂ ਦੀ ਦਈ ਰੱਖੀ ਬੋਲ ਰਹੀ ਏ ਬੈਣ:
"ਮਹਿਲ ਅੰਦਰ ਦੇ ਲਾਇਕ ਨਾ ਮੈਂ ਲਗੇ ਰਹਿਣ ਦਰ ਨੈਣ,
"ਦਰ-ਢੱਠਣੀ ਨਾਂ ਖੋਹੀਂ ਦਾਤਾ! ਇਹੋ ਮਿਰਾ ਸੁਖ ਚੈਨ
"ਚਰਣ ਧੂੜ ਦੇ ਕਿਣਕਿਆਂ ਸਿਕਦੀ, ਬੈਠ ਰਹੀ ਹਾਂ ਦ੍ਵਾਰ,
"ਕਿਣਕੇ ਕਦੀ ਉੜੀਂਦੇ ਕੁਛ ਤਾਂ ਮੈਂ ਨੈਣਾਂ ਵਿਚ ਪੈਣ।
"ਆਪ ਗਏ ਟੁਰ ਸੱਜਣ ਦ੍ਵਾਰੇ ਕੌਡੇ ਦੇ ਤੁਰ ਧਾਮ,
"ਦੁਹੁਂ ਤੋਂ ਬੜੀ ਕੁਟਿਲ ਦਰ ਤੇਰੇ ਬੈਠ ਰਹੀ ਦਿਨ ਰੈਣ।
"ਟੱਪਣ ਦੇਣ ਦਲ਼ੀਜ ਨ ਮੈਨੂੰ ਮੇਰੇ ਆਪਣੇ ਦੋਸ਼,
“ਪਕੜ ਮੁਹਾਠ ਤੇਰੀ ਦੀ ਸਾਈਆਂ! ਇਸ ਵਿਚ ਮੰਨਾਂ ਚੈਨ
"ਤ੍ਰਠਾ ਰਹੀਂ, ਦਈ ਮੈਂ ਰੱਖੀਂ, ਦਰ ਲਟਕਣ ਦੀ ਦਾਤ,
"ਝਾਤ ਬੰਨ੍ਹ ਅੰਦਰ ਨੂੰ ਤਕਦੇ ਸਦਾ ਰਹਿਣ ਮੈਂ ਨੈਣ॥੭੧॥
(ਕਸੌਲੀ ੨੬-੯-੧੯੫੧)ਖ.ਸ. ੧੧-੯-੧੯੮੦
ਤੜਪ
ਪਈ ਤੜਪਾਂਦੀ ਅੰਦਰ ਸਿਕ ਕੁਈ ਧੂ ਪਾਂਦੀ ਹੈ
ਅਣ ਬੁਝਦੀ ਕੁਈ ਡੰਝ ਕਾਲਜਾ ਖੁਹ ਖੂਹ ਕੇ ਲਈ ਜਾਂਦੀ ਹੈ
ਕੁਝ ਹੁੰਦਾ ਕੁਝ ਹੁੰਦਾ ਭਾਸੇ, ਕੀ ਭਾਸੇ? ਕੁਈ ਸਮਝ ਨਹੀਂ
ਪੀੜ ਕਲੇਜੇ, ਨੀਰ ਨੈਣ ਵਿਚ ਘੁਲਦੀ ਜਿੰਦੜੀ ਜਾਂਦੀ ਹੈ॥੭੨॥
––––––––––––––––
ਇਹ ਕਵਿਤਾ ਸ੍ਰੀ ਕਲਗੀਧਰ ਚਮਤਕਾਰ (ਉਤ੍ਰਾਰਧ) ਅਧਿਆਏ 84 "ਇਬਰਾਹੀਮ ਅਜਮੇਰ ਸਿੰਘ" ਪੰਨਾ-206 ਤੇ ਹੈ। -ਸੰਪਾਦਕ