ਕੇਂਦਰ-ਬਿੰਦੂ ਵੀ ਧਰਮ ਹੀ ਹੈ। ਉਨ੍ਹਾਂ ਨੂੰ ਪ੍ਰਕਿਰਤੀ ਵੀ ਕਿਸੇ ਧਾਰਮਿਕ ਲੀਲਾ ਦਾ ਹੀ ਵਿਸਤਾਰ ਨਜ਼ਰ ਆਉਂਦਾ ਹੈ। ਏਸ ਦ੍ਰਿਸ਼ਟੀ ਤੋਂ ਕੁਝ ਗੱਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਜਿਥੇ ਉਨ੍ਹਾਂ ਦੀ ਵਾਰਤਕ ਵਿਚ ਬਹੁਤੀ ਮਹੱਤਤਾ ਧਾਰਮਿਕ ਇਤਿਹਾਸ ਨੂੰ ਮਿਲੀ ਉਥੇ ਉਨ੍ਹਾਂ ਦੀਆਂ ਕਾਵਿ-ਕਿਰਤਾਂ ਦਾ ਮੁਖ ਪ੍ਰੇਰਨਾ-ਸਰੋਤ ਅਰੂਪ ਪ੍ਰਭੂ ਦਾ ਪ੍ਰੇਮ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਦੀਆਂ ਪ੍ਰੇਮ-ਰਚਨਾਵਾਂ ਵਿਚ ਨਾ ਪ੍ਰੇਮ- ਪਾਤਰ ਦੀ ਨੁਹਾਰ ਸਪਸ਼ਟ ਹੈ ਅਤੇ ਨਾ ਪ੍ਰੇਮ-ਲੀਲਾ ਦੇ ਸਮੇਂ-ਸਥਾਨ ਦਾ ਹੀ ਪਛਾਨਣਯੋਗ ਬਿੰਬ ਨਜ਼ਰ ਆਉਂਦਾ ਹੈ। ਸਾਡੇ ਯੁਗ ਦਾ ਪ੍ਰੇਮ- ਕਾਵਿ ਮਨੁਖ-ਕੇਂਦਰਿਤ ਹੈ
, ਭਾਈ ਸਾਹਿਬ ਦਾ ਪ੍ਰੇਮ-ਕਾਵਿ ਪ੍ਰਭੂ- ਕੇਂਦਰਿਤ ਹੈ ਅਤੇ ਦੋਹਾਂ ਵਿਚ ਅੰਤਰ ਸਪਸ਼ਟ ਵਿਖਾਈ ਦੇਂਦਾ ਹੈ। ਏਸ ਨਿਖੇੜੇ ਦਾ ਇਕ ਬੜਾ ਹੀ ਸਪੱਸ਼ਟ ਵੇਰਵਾ ਇਹ ਹੈ ਕਿ ਪ੍ਰੇਮ- ਵਰਣਨ ਵਿਚ ਪ੍ਰੇਮ-ਪਾਤਰ ਦਾ ਚਿਹਰਾ-ਮੂਹਰਾ ਜਾਂ ਹਾਵ-ਭਾਵ ਅੱਖੋਂ ਪਰੋਖੇ ਰਹੇਗਾ, ਪਰ ਪ੍ਰੇਮ ਕਰਨ ਵਾਲੇ ਦੀ ਮਾਨਸਿਕ ਅਤੇ ਸਰੀਰਕ ਹਾਲਤ ਦਾ ਬਿੰਬ ਪੂਰੀ ਤਰ੍ਹਾਂ ਉਜਾਗਰ ਹੋ ਜਾਂਦਾ ਹੈ। ਕੇਵਲ ਇਕ ਉਦਾਹਰਣ ਪੇਸ਼ ਹੈ:
ਅਣਡਿਠਾ ਰਸਦਾਤਾ
ਬੁਲ੍ਹਾਂ ਅਧਖੁਲ੍ਹਿਆਂ ਨੂੰ, ਹਾਇ
ਮੇਰੇ ਬੁਲ੍ਹਾਂ ਅਧਮੀਟਿਆਂ ਨੂੰ
ਛੁਹ ਗਿਆ ਨੀ, ਲਗ ਗਿਆ ਨੀ
ਕੌਣ, ਕੁਝ ਲਾ ਗਿਆ?
ਸ੍ਵਾਦ ਨੀ ਅਗੰਮੀ ਆਈਆ
ਰਸ ਝਰਨਾਟ ਛਿੜੀ
ਲੂੰ ਲੂੰ ਲਹਿਰ ਉਠਿਆ
ਤੇ ਕਾਂਬਾ ਮਿੱਠਾ ਆ ਗਿਆ
ਹੋਈ ਹਾਂ ਸੁਆਦ ਸਾਰੀ
ਆਪੇ ਤੋਂ ਮੈਂ ਆਪ ਵਾਰੀ