ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ।
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥੩੮॥ (ਜਪੁਜੀ)
ਮੈਂ ਉਠ ਬੈਠੀ। ਉਧਰ (ਚੰਗੇ) ਜੀ ਦੇ ਬੁੱਲ ਬੰਦ ਹੋ ਗਏ, ਪਰ ਅਜੇ ਨੈਣ ਖੁੱਲ੍ਹੇ ਸੋ। ਮੈਂ ਪਾਸ ਗਈ ਤੇ ਤੱਕਿਆ, ਮੈਂ ਉਸ ਚੰਗੇ ਮਨੁੱਖ ਦੇ ਹੱਥ ਫੜ ਲਏ ਤੇ ਆਖਿਆ-"ਕੀ ਮੈਂ ਸੱਚਮੁਚ ਆਤਮਾ ਹਾਂ?" ਤਾਂ ਉਸਨੇ ਕਿਹਾ"ਹਾਂ"। ਉਸਨੇ ਮੁਸਕਾਕੇ ਕਿਹਾ-"ਤੂੰ ਬੁਧਿ ਹੈਂ, ਤੂੰ 'ਸਿਧਿ' ਹੈਂ ਹਾਂ ਤੂੰ 'ਸੁਧਿ' ਹੈਂ, ਤੂੰ ਆਤਮਾ ਹੈਂ ਮੈਂ ਕਿਹਾ-"ਇਹ ਤਾਂ ਸੁਪਨੇ ਵਿਚ ਸੁਣਿਆਂ ਸੀ, ਤਾਂ ਉਹ ਸੁਪਨਾ ਨਹੀਂ ਸਾਮਰਤੱਖ ਸੀ? ਫੇਰ ਉਹ ਹੱਸ ਕੇ ਬੋਲੇ 'ਤਿਥੈ ਸੀਤੋ ਸੀਤਾ ਮਹਿਮਾ ਮਾਹਿ'। ਮੈ ਨਾ ਸਮਝੀ ਪਰ ਉਹ ਬੋਲਿਆ"ਤਿਆਰ ਹੋ ਜਾਹ, ਤੂੰ ਤੀਰ ਮਾਰਿਆ ਸੀ, ਤੈਨੂੰ ਤੀਰ ਲੱਗੇਗਾ। ਤੇਰੇ ਤੀਰ ਨੇ ਸਰੀਰ ਮਾਰਿਆ ਸੀ, ਜੋ ਤੀਰ ਤੈਨੂੰ ਲਗੇਗਾ ਉਹ ਤੈਨੂੰ ਸਰੀਰ ਤੋਂ ਆਤਮਾਂ ਬਨਾਏਗਾ।" ਮੈਂ ਫੇਰ ਬੀ ਨਾ ਸਮਝੀ। ਦੋ ਘੜੀਆਂ ਮਗਰੋਂ ਕਹਿਣ ਲੱਗਾ-"ਰੌਣਾ ਨਹੀਂ। ਰੌਣਾ ਸਰੀਰ ਦਾ ਕੰਮ ਤੇ ਮਨ ਦਾ ਸੁਭਾਉ ਹੈ। ਬੁਧਿ ਨਹੀਂ ਹੋਂਦੀ, ਸੁਧਿ ਨਹੀਂ ਹੋਂਦੀ, ਆਤਮਾ ਨਹੀਂ ਰੋਂਦਾ। ਤੂੰ ਹੁਣ ਨਾ ਰੋਵੀਂ"। ਮੈਂ ਕਿਹਾ 'ਮੈਂ ਕਦੇ ਨਹੀਂ ਰੋਈ ਸਾਂ, ਜਦ ਨਿਰਾ ਸਰੀਰ ਸਾਂ ਤਾਂ ਇਹ ਬੀ ਨਹੀਂ ਸਾਂ ਜਾਣਦੀ ਕਿ ਮੈਂ ਸਰੀਰ ਹਾਂ ਕਿ ਕੁਛ ਹੋਰ: ਉਸ ਅਨਗਹਿਲੀ ਵਿਚ ਬੀ ਕਦੇ ਅੱਥਰੂ ਨਹੀਂ ਸੀ ਕਿਰੀ, ਪਰ ਤਾਂ ਰੋਈ ਹਾਂ ਜਾਂ ਤੈਨੂੰ ਮਾਰ ਬੇਠੀ ਹਾਂ ਤੀਰ ਜਾਂ ਤੂੰ ਆਖਿਆ ਹੈ ਕਿ ਤੂੰ ਕੁਛ ਹੋਰ ਬੀ ਹੈ"। ਕਹਿਣ ਲੱਗੇ-'ਹੋਰ ਕੁਛ ਹੋਣ ਨੇ ਨਹੀਂ ਰੁਆਇਆ, ਸਰੀਰ ਦੇ ਵਿਛੋੜੇ ਦੇ ਡਰ, ਸਹਿਮ ਨੇ ਰੁਆਯਾ ਹੈਂ, ਹੁਣ ਤੂੰ ਇਸ ਭੈ ਤੋਂ ਪਾਰ ਹੈਂ, ਹੁਣ ਨਾ ਰੋਵੀਂ।"
ਫੇਰ ਬੋਲੇ- ਪਰ ਤੂੰ ਅਜੇ ਰੋਣਾ ਹੈ, ਪਰ ਰੋਣ ਵਿਚ ਰੁਲ ਨਾ ਜਾਂਵੀਂ; ਸੁਣ ਮੈਂ ਟੂਰ ਜਾਣਾ ਹੈ, ਤੂੰ ਰਾਜ਼ੀ ਰਹੁ ਤੇ ਵਸਦੀ ਰਹੁ।