

ਇਹ ਕਹਿਣਾ ਸੀ ਕਿ ਮੇਰੇ ਨੈਣ ਭਰ ਆਏ, ਕਲੇਜਾ ਟੁੱਟ ਗਿਆ, ਅੰਧਕਾਰ ਛਾ ਗਿਆ। ਸੁਪਨੇ ਦੀਆਂ ਗੱਲਾਂ ਤੇ ਉੱਚੇ ਮਾਣ-ਜੋ ਮੈਂ ਸਰੀਰ ਤੋਂ ਉੱਚੀ ਹਾਂ- ਉੱਡ ਗਏ। ਚੰਗੇ ਦੇ ਦੋਵੇਂ ਹੱਥ ਘੁਟਕੇ ਮੈਂ ਕਿਹਾ-‘ਟੁਰੋ ਨਾ, ਜੇ ਟੁਰੋ ਤਾਂ ਮੈਨੂੰ ਨਾਲ ਲੈ ਚਲੋ'। ਕਹਿਣ ਲੱਗੇ 'ਮੇਰਾ ਸਰੀਰ ਤਾਂ ਨਹੀਂ ਟੁਰ ਚੱਲਿਆ, ਸਰੀਰ ਤਾਂ ਰਹੇਗਾ ਏਥੇ ਹੀ, ਪਰ ਮੈਂ ਨਹੀਂ ਰਹਾਂਗਾ। ਹਕੀਮਾਂ ਵੈਦਾਂ ਨੇ ਬਹੁਤ ਜ਼ੋਰ ਲਾਇਆ ਹੈ, ਤੁਸਾਂ ਬਹੁਤ ਸੇਵਾ ਕੀਤੀ ਹੈ, ਮੈਂ ਤੁਹਾਡੀਆਂ ਦੇਣੀਆਂ ਨਹੀਂ ਦੇ ਸਕਦਾ, ਪਰ ਮੈਂ ਹੁਣ ਜੀਉਂ ਨਹੀਂ ਸਕਦਾ। ਮੇਰੇ ਪਿਛੋਂ ਪੰਡਤ ਦੇ ਕਹੇ ਤੇ ਦੁਖ ਨਾ ਕਰਨਾ ਜੋ ਤੁਸਾਂ ਪਾਪ ਕੀਤਾ ਹੈ ਤੇ ਮੈਂ ਬਦਲਾ ਲਵਾਂਗਾ। ਤੁਸਾਂ ਜੇ ਕੁਛ ਕੀਤਾ ਹੈ ਅਨਜਾਣੇ ਕੀਤਾ ਹੈ, ਮੇਰੇ ਕਰਮ ਏਸੇ ਤਰ੍ਹਾਂ ਸਨ। ਜੇ ਹੁਣ ਬੀ ਤੁਸੀਂ ਅਪਣੇ ਅੰਦਰੋਂ ਪਾਪ ਦਾ ਖਯਾਲ ਕਿ 'ਮੈਂ ਤੀਰ ਮਾਰਕੇ ਪਾਪ ਕੀਤਾ ਹੈ' ਨਾ ਕੱਢ ਸਕੇ ਤਾਂ ਮੈਂ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਬਖਸਿਆ, ਮਾਫ ਕੀਤਾ, ਸੋ ਨਿਰਭੈ ਹੋ ਜਾਓ। ਜੋ ਮੈਂ ਆਖਿਆ ਹੈ-'ਤੂੰ ਆਤਮਾ ਹੈਂ ਇਹ ਚੇਤੇ ਰੱਖਣਾ, ਪਰ ਇਹ ਚੇਤੇ ਰਹਿਣਾ ਉਖੇਰਾ ਹੈ।" ਮੈਂ ਹੁਣ ਫੇਰ ਭੁੱਬਾਂ ਮਾਰ ਕੇ ਰੋਈ, ਸਭ ਤੋਂ ਚੰਗਾ ਮਨੁੱਖ, ਜਿਸ ਦੇ ਡਿੱਠੇ ਬਿਨਾਂ ਮੈਂ ਇਕ ਪਲ ਨਹੀਂ ਰਹਿ ਸਕਦੀ ਹਾਂ, ਜਿਸ ਦੀ ਸੇਵਾ ਵਿਚ ਸੁਖ ਹੈ, ਜਿਸ ਦੀ ਖਿੱਚ ਮੈਨੂੰ ਅਪਣੇ ਆਪ ਨਾਲ ਬੰਨ੍ਹੀ ਰੱਖਦੀ ਹੈ, ਜਿਸ ਦੇ ਚੰਗੇ ਲੱਗਣ ਨੇ ਸਭ ਮੋਜਾਂ, ਖੇਡਾਂ, ਸੁਖ ਰੰਗ ਭੁਲਾ ਦਿੱਤੇ ਹਨ ਉਹ ਆਖਦਾ ਹੈ ਕਿ ਮੈਂ ਮਰ ਜਾਣਾ ਹੈ। ਵੈਦ ਜੀ ਕਹਿੰਦੇ ਸਨ- ਰਾਜ਼ੀ ਹੋ ਗਿਆ ਹੈ" ਏਹ ਕਹਿੰਦੇ ਹਨ- 'ਮਰ ਜਾਣਾ ਹੈ! ਪਰ ਵੈਦ ਤਾਂ ਲੋਕਾਂ ਵਰਗਾ ਹੈ, ਉਹ ਕੀ ਜਾਣਦਾ ਹੈ? ਇਹ ਸਭ ਤੋਂ ਚੰਗਾ ਹੈ, ਇਹ ਜਾਣਦਾ ਹੈ, ਇਸ ਕਰਕੇ ਜੋ ਇਹ ਕਹਿ ਰਿਹਾ ਹੈ ਠੀਕ ਹੈ! 'ਉਈ'! ਮੈਂ ਬੋਲੀ:-'ਮੈਂ ਨਾਲ ਹੀ ਮਰਾਂਗੀ। ਓਹੋ ਤੀਰ ਛਾਤੀ ਵਿਚ ਖੋਡਾਂਗੀ, ਤੇਰੀ ਚਿਖਾ ਵਿਚ ਛਾਲ ਮਾਰਾਂਗੀ। ਓਹ ਚੁਪ ਕਰ ਰਹੇ ਨੈਣ ਮੀਚ ਲਏ, ਪਰ ਫੇਰ ਖੋਲ੍ਹੇ ਤੇ ਬੋਲੇ-'ਤੂੰ ਆਤਮਾ ਹੈਂ, ਨਾ ਤੀਰ ਖੋਭੀ, ਨਾ ਸੜੀਂ, ਜਿਥੋਂ ਮੈਂ ਜਾਂਦਾ ਹਾਂ ਤੂੰ ਜੇ ਆਪ ਨੂੰ ਮਾਰਿਆ ਤਾਂ ਓਥੇ ਨਾ ਆਵੇਂਗੀ। ਜੇ ਮੇਰੇ ਆਖੇ ਲੱਗੀ ਤਾਂ ਜਦੋਂ ਤੂੰ ਆਪੇ ਮਰੇਂਗੀ ਓਥੇ ਆਵੇਂਗੀ। 'ਮੈਂ ਰੋ ਕੇ ਕਿਹਾ ਕੀਕੂੰ ਆਵਾਂਗੀ? ਮੈਂ ਖੇਡਾਂ ਨੇ ਮੁੱਠੀ, ਮੈਂ ਖੁਸ਼ੀਆਂ ਨੇ ਮੁੱਠੀ, ਹੋ ਚੰਗਿਆ। ਤੂੰ ਮੇਰੇ ਚਿੱਲੇ ਤੋਂ ਤੀਰ ਛੂਟਣ ਤੋਂ ਪਹਿਲੋਂ ਮਿਲਦੈਂ।' ਤਾਂ ਉਹ ਬੋਲਿਆ" 'ਇਕ ਹੋਰ ਆਦਮੀ ਹੈ, ਆਦਮੀਆਂ ਦਾ ਸਰਦਾਰ ਤੇ ਉਚਿਆਂ ਦੀ ਸਰਕਾਰ, ਜੋ ਸੰਸਾਰ ਵਿਚ ਸਭ ਤੋਂ ਚੰਗਾ ਹੈ, ਜਿਸ