३.
ਮੇਰੀ ਅੰਮੀ ਤੇ ਬਾਪੂ ਜੀ ਨੂੰ ਬੜਾ ਡਰ ਸੀ ਕਿ ਇਸ ਚੰਗੇ ਮਨੁੱਖ ਦੇ ਮਰ ਜਾਣ ਦੇ ਦੁਖ ਵਿਚ ਕਾਕੀ ਕਿਤੇ ਮਰ ਹੀ ਨਾ ਜਾਵੇ; ਪਰ ਮੇਰੇ ਧੀਰਜ ਨੂੰ ਵੇਖਕੇ ਓਹ ਹਸ਼ਾਣ ਤੋ ਖੁਸ਼ ਸਨ। ਦਿਨ ਬੀਤ ਗਏ, ਪਰ ਮੇਰੀਆਂ ਖੇਡਾਂ, ਮੇਰੇ ਆਹਰ ਤੇ ਮੌਜਾਂ ਨਾ ਮੁੜੇ। ਇਨ੍ਹਾਂ ਵਿਚੋਂ ਮੇਰਾ ਜੀ ਕਿਸੇ ਵਿਚ ਨਾ ਰੁੱਝਾ। ਬਾਪੂ ਜੀ ਨੇ ਬੜੇ ਜਤਨ ਕੀਤੇ ਪਰ ਪੇਸ਼ ਨਾ ਗਈ। ਰੋਂਦੀ ਮੈਂ ਨਹੀਂ ਸਾਂ: ਪਰ ਉਹ ਖੁਸ਼ੀਆਂ, ਜੋ ਮੇਰੇ ਲਈ ਮਾਤਾ ਪਿਤਾ ਦੇ ਮਹਿਲਾਂ ਵਿਚ ਸੁਰਗ ਸਨ, ਬੰਦ ਹੋ ਗਈਆਂ। ਉਹ ਡਰਦੇ ਮੈਨੂੰ ਕੁਛ ਨਾ ਆਖਦੇ ਕਿ ਮਤਾਂ ਵਧੇਰੇ ਦੁਖੀ ਨਾ ਹੋ ਜਾਵੇ। ਮੈਂ ਕਦੇ ਕਦੇ ਹੱਸ ਬੀ ਪੈਂਦੀ, ਬਾਪੂ ਜੀ ਨੂੰ ਗਲਵੱਕੜੀ ਪਾਕੇ ਮਿਲ ਬੀ ਲੈਂਦੀ, ਅੰਮੀਂ ਦੀ ਗੋਦ ਵਿਚ ਜਾ ਬੀ ਬਹਿੰਦੀ, ਪਰ ਓਹ ਹੁਲਾਰੇ ਤੇ ਓਹ ਚਾਉ, ਓਹ ਖੜਮਸਤੀਆਂ ਤੇ ਬੈਂਕਣੇ ਸੁਪਨਾ ਹੋ ਗਏ। ਮੇਰੀਆਂ ਅੱਖਾਂ ਅੱਗੇ ਸਭ ਤੋਂ ਚੰਗ ਦੀ ਮੂਰਤ ਹਰ ਵੇਲੋ ਫਿਰਦੀ ਦਿੱਸਦੀ ਤੇ ਜੀਭ ਓਸਦੇ ਪਿਆਰ ਨੂੰ ਵਾਜਾਂ ਮਾਰਦੀ ਤੇ ਮਨ ਏਸ ਤਾਂਘ ਵਿਚ ਟੁਰਿਆ ਚਲਦਾ ਕਿ ਪਿਆਰੇ ਦਾ ਪਿਆਰਾ ਆਵੇਗਾ।
ਮੇਰਾ ਜੀ ਹੁਣ ਕੁਛ ਘਰਾਂ, ਮਾੜੀਆਂ ਤੋਂ ਉਦਾਸ ਹੋ ਗਿਆ। ਮੈਂ ਬਾਪੂ ਜੀ ਨੂੰ ਆਖਿਆ: 'ਮੈਨੂੰ ਬਨ ਵਿਚ ਇਕ ਕੋਠਾ ਪਾ ਦਿਓ ਜਿਥੇ ਮੈਂ ਜੀ ਪਰਚਾਉਣ ਜਾਇਆ ਕਰਾਂ।" ਬਾਪੂ ਜੀ ਖੁਸ਼ ਹੋਏ ਕਿ ਕਾਕੀ ਦਾ ਜੀ ਪਰਚੇਗਾ। ਆਖਣ ਲੱਗੇ: 'ਜਿੱਥੇ ਆਖੇਂ ਬਣ ਜਾਵੇਗਾ।" ਮੈਂ ਹੋਰ ਕਿਹੜੀ ਥਾਂ ਭਾਲਣੀ ਸੀ? 'ਚੰਗੇ ਜੀ' ਜਿਸ ਢੱਠੀ ਹੋਈ ਢੇਰੀ ਤੇ ਬੈਠੇ ਸਨ, ਉਨ੍ਹਾਂ ਦੇ ਲਹੂ ਨਾਲ ਪਵਿਤ੍ਰ ਹੋਈ ਤੇ ਆਪਣੀ ਕੀਤੀ ਕਰਤੂਤ ਤੋਂ ਕਿਸੇ ਹੋਰ ਲਗਨ ਵਿਚ ਲੱਗ ਜਾਣ ਦੇ ਸ਼ੁਕਰ ਵਿਚ ਮੈਂ ਏਹੋ ਥਾਂ ਪਸੰਦ ਕੀਤੀ। ਬਾਪੂ ਜੀ ਅਟਾਹੀ ਪਵਾ ਦੇਣ ਲਗੇ ਸੋ, ਪਰ ਮੈਂ ਕਿਹਾ ਕਿ 'ਪੁਰਾਣੀਆਂ ਇੱਟਾਂ ਪੱਥਰ ਤੇ ਸਾਮਾਨ ਢੇਰੀ ਵਿਚੋਂ ਕੱਢੇ ਤੋ ਛੋਟਾ ਜਿਹਾ ਥਾਂ ਉਸਾਰੇ। ਡਿੱਗੀ ਵਿਚ ਜਾਨ ਪਾ ਦਿਓ ਤੇ ਉਨਾਂ ਹੀ ਨਹੀਂ ਤਾਂ ਉਸੇ ਤਰ੍ਹਾਂ ਦਾ ਬਣਾ ਦਿਓ। ਸੌ ਕਾਰੀਗਰਾਂ ਨੇ ਢੇਰੀ ਵਿਚੋਂ ਸਾਮਾਨ ਲੱਭੇ, ਕੁਛ ਹੋਰ ਪਾਏ ਤੇ ਇਸ ਨੂੰ ਉਸਾਰਿਆ। ਮੇਰੀ ਹੁਣ ਇਹੋ ਰੰਗ ਭੂਮੀ ਸੀ। ਤੜਕੇ ਪਹਿਰ ਭਰ, ਸੰਝ ਨੂੰ ਪਹਿਰ ਭਰ ਮੈਂ ਏਥੇ ਆਕੇ ਪਿਆਰੇ ਦੇ ਪਿਆਰੇ ਨੂੰ ਦਿਲ ਖੋਲ੍ਹਕੇ ਵਾਜਾਂ ਮਾਰਦੀ ਸਾਂ। ਜੀ ਤਾਂ ਕਰਦਾ ਸੀ ਰਹਵਾਂ ਬੀ ਏਥੇ ਹੀ, ਪਰ ਬਾਪੂ ਜੀ ਤੇ ਅੰਮੀਂ ਜੀ ਇਸ ਗੱਲ ਵਿਚ ਦੁਖ ਮੰਨਦੇ ਸੇ।