ਜਦ ਬਾਪੂ ਜੀ ਚਲੇ ਗਏ ਤੇ ਮੈਂ ਉੱਠੀ ਤਾਂ ਅੰਮੀਂ ਦੀ ਗੋਦੀ ਵਿਚ ਜਾ ਬੈਠੀ ਤੇ ਗਲਵੱਕੜੀ ਪਾ ਕੇ ਕਿਹਾ: "ਪਿਆਰੀ ਅੰਮੀ! ਜੇ ਤੁਸਾਂ ਅੱਜ ਬਾਪੂ ਜੀ ਨੂੰ ਆਖਿਆ ਹੈ ਮੈਂ ਸੁਣ ਲੀਤਾ ਹੈ, ਮੈਂ ਸੁੱਤੀ ਹੋਈ ਨਹੀਂ ਸਾਂ। ਤੁਸਾਂ ਜੋ ਸਲਾਹ ਦਿੱਤੀ ਹੈ ਮੇਰੇ ਭਲੇ ਲਈ ਦਿੱਤੀ ਹੈ ਤੇ ਮੈਂ ਤੁਹਾਡਾ ਤੇ ਬਾਪੂ ਜੀ ਦਾ ਆਖਿਆ ਮੋੜ ਬੀ ਨਹੀਂ ਸਕਦੀ, ਪਰ ਮੈਂ ਇਸ ਤਰ੍ਹਾਂ ਵਧੇਰੇ ਦੁਖੀ ਹੋ ਜਾਵਾਂਗੀ। ਹੁਣ ਮੈਂ ਕੁਛ ਸੁਖੀ ਹਾਂ। ਭਾਵੇਂ ਖੇਡਦੀ ਮੱਲ੍ਹਦੀ ਨਹੀਂ ਹਾਂ, ਪਰ ਮੈਂ ਹੋਂਦੀ ਤੇ ਕੁਰਲਾਉਂਦੀ ਬੀ ਨਹੀਂ ਹਾਂ, ਅਤੇ ਕਦੇ ਕਦੇ ਐਸਾ ਬੀ ਹੁੰਦਾ ਹੈ ਕਿ ਮੇਰੇ ਅੰਦਰ ਇਕ ਖੁਸ਼ੀ ਦੀ ਝਰਨਾਟ ਛਿੜਦੀ ਹੈ, ਜਿਸ ਨਾਲ ਮੇਰੇ ਲੂੰਆਂ ਥਾਣੀ ਸੁਖ ਦੇ ਫੁਹਾਰੇ ਛੁਟ ਪੈਂਦੇ ਹਨ, ਮੈਂ ਹੌਲੀ ਫੁੱਲ ਤੇ ਠੰਢੀ ਠੰਢੀ ਹੋ ਜਾਂਦੀ ਹਾਂ। ਉਸ ਵੇਲੇ ਮੇਰਾ ਜੀ ਟੱਪਦਾ ਬੁੜ੍ਹਕਦਾ ਨਹੀਂ, ਕੁਛ ਕੰਨਾ ਜਿਹਾ ਹੋ ਜਾਂਦਾ ਹੈ ਤੇ ਇਹ ਕਰਦਾ ਹੈ ਕਿ ਮੈਂ ਏਸੇ ਤਰ੍ਹਾਂ ਬੈਠੀ ਰਹਾਂ। ਇਸ ਤਰ੍ਹਾਂ ਦਾ ਸੁਖ ਕਦੇ ਬਲਕਾਰਾ ਜਿਹਾ ਮਾਰ ਜਾਂਦਾ ਹੈ। ਉਸ ਮਗਰੋਂ ਫੇਰ ਮੈਂ ਤੁਰਦੀ ਫਿਰਦੀ ਦੁਖੀ ਨਹੀਂ ਹੁੰਦੀ। ਜੇ ਤੁਸਾਂ ਕਾਜ ਕਰ ਦਿੱਤਾ ਤਾਂ ਮੇਰਾ ਇਹ ਸੁਖ ਜਾਂਦਾ ਰਹੇਗਾ ਤੇ ਪਹਿਲਾ ਸੁਖ ਮੁੜਨ ਨਹੀਂ ਲੱਗਾ, ਤਦ ਮੈਂ ਹੁਣ ਨਾਲੋਂ ਬੀ ਔਖੀ ਹੋ ਜਾਵਾਂਗੀ। ਇਸ ਮੱਧਮ ਤੇ ਠੰਢੇ ਸੁਖ ਲਈ, ਜੋ ਮੈਨੂੰ ਹੁਣ ਕਦੇ ਕਦੇ ਮਿਲਦਾ ਹੈ ਦੂਸਰੇ ਦੀ ਲੋੜ ਨਹੀਂ, ਇਹ ਅੰਦਰੋਂ ਹੀ ਉਗਮ ਪੈਂਦਾ ਹੈ ਅਰ ਕਈ ਵੇਰ ਮੈਨੂੰ ਸ਼ੱਕ ਪੈਂਦਾ ਹੈ, ਕਿ ਇਹ ਖੁਸ਼ੀ ਹੀ ਕਿਤੇ ਆਤਮਾਂ ਤਾ ਨਹੀਂ ਹੈ, ਜੋ ਚੰਗੇ ਮਨੁੱਖ ਨੇ ਆਖਿਆ ਸੀ ਕਿ ਤੂੰ ਆਤਮਾਂ ਹੈਂ ਅਰ ਤੂੰ ਸਰੀਰ ਨਹੀਂ ਹੈਂ? ਮੈਨੂੰ ਪੱਕਾ ਪਤਾ ਤਾਂ ਕੁਛ ਨਹੀਂ, ਐਤਨਾ ਜਾਣਦੀ ਹਾਂ ਕਿ ਮੈਨੂੰ ਅਪਣੇ ਅੰਦਰੋਂ ਬਿਨਾਂ