ਇਹ ਸੁਣਕੇ ਮੈਂ ਸੋਚ ਵਿਚ ਪੈ ਗਈ, ਪਰ ਜਮਾਂਦਰੂ ਮੇਰਾ ਸੁਭਾਵ ਸੋਚਾਂ ਦਾ ਘੱਟ ਸੀ, ਜੇ ਆਈ ਝੱਟ ਸਮਝੀ ਤੇ ਸਿੱਧੀ ਗੱਲ ਖਿਆਲੀ ਤੇ ਫਾਹ ਮਾਰੀ, ਓਸੇ ਤਰ੍ਹਾਂ ਹੁਣ ਇਕ ਸਿੱਧੀ ਗੱਲ ਮੈਂ ਸੋਚੀ ਤੇ ਮਾਂ ਨੂੰ ਆਖਿਆ- "ਅੰਮੀਂ ਜੀ! ਜੇ ਇਕ ਵੀਰ ਜੀ ਆ ਜਾਣ ਤਾਂ ਫੇਰ ਕਿਸੇ ਸਲਾਹੁਤੀਏ ਦੀ ਪੇਸ਼ ਨਹੀਂ ਜਾ ਸਕਦੀ? ਮਾਂ ਹੱਸਕੇ ਬੋਲੀ:- "ਹੈ ਤਾਂ ਗੱਲ ਏਹੋ, ਪਰ ਕਾਫੀ ਇਹ ਕੋਈ ਵੱਸ ਦੀ ਖੇਡ ਹੈ? ਤੇਰੇ ਵੀਰ ਦਾ ਰਾਹ ਤੱਕਦਿਆਂ ਤੇ ਸੁਖਾਂ ਸੁਖਦਿਆਂ ਨੂੰ ਆਹ ਦਿਨ ਆ ਗਏ, ਪਰ ਸਾਂਈਂ ਦੀ ਮਰਜ਼ੀ, ਸਾਡੇ ਭਾਗਾਂ ਵਿਚ ਇਹ ਸੁਖ ਨਹੀਂ ਹੋਣਾ ਜੋ ਆਸ ਨਾ ਪੁੰਨੀ, ਪਰ ਨਾ ਪੁੰਨੀ। " ਮੈਂ ਆਖਿਆ:- "ਮਾਂ ਜੀ! ਤੁਸੀਂ ਡੋਲੇ ਨਹੀਂ, ਮੇਰਾ ਅੰਦਰਲਾ, ਜੇ ਖੁਸ਼ੀ ਦੇ ਫਰਾਟੇ ਕਦੇ ਕਦੇ ਮਾਰਿਆ ਕਰਦਾ ਹੈ, ਮੈਨੂੰ ਆਖਦਾ ਹੈ ਕਿ ਸਭ ਤੋਂ ਚੰਗੇ ਮਨੁੱਖ ਦਾ ਜੋ ਪਿਆਰਾ ਹੈ; ਉਹ ਬਹੁਤ ਬਲ ਵਾਲਾ ਤੇ ਰਾਠਾਂ ਦਾ ਕੋਈ ਸਰਦਾਹ ਰਾਣ ਹੈ ਭਾਵੇਂ ਮੈਂ ਉਸ ਨੂੰ ਡਿੱਠਾ ਨਹੀਂ ਪਰ ਉਹ ਉਂਞ ਮੈਨੂੰ ਕੋਲੇ ਕੋਲੇ ਲੱਗਦਾ ਹੈ। ਉਹ, ਉਹ... ਹਾਂ ਉਹ ਤਦੋਂ ਦੇ ਹੀ ਮੈਨੂੰ ਕਦੇ ਭੁੱਲੇ ਨਹੀਂ ਹਨ। ਮੇਰੇ ਅੰਦਰ ਐਸ ਤਰ੍ਹਾਂ ਦੀ ਲਹਿਰ ਬੀ ਵੱਜਦੀ ਹੈ ਕਿ ਉਹ ਜਾਣਦੇ ਹਨ ਜੋ ਮੈਂ ਉਹਨਾਂ ਨੂੰ ਹਰ ਦਮ ਯਾਦ ਰੱਖਦੀ ਹਾਂ। ਜੇ ਮੈਂ ਉਹਨਾਂ ਨੂੰ ਆਖਾਂ ਕਿ ਉਹ ਇਕ ਵੀਰ ਜੀ ਸਾਨੂੰ ਦੇ ਦੋਣ, ਤਾਂ ਪਤਾ ਨਹੀਂ ਕਿਉਂ? ਪਰ ਮੇਰਾ ਦਿਲ ਸ਼ਾਹਦੀ ਦੇਂਦਾ ਹੈ ਕਿ ਉਹ ਸੁਣ ਬੀ ਲੈਣਗੇ ਤੇ ਦੇ ਬੀ ਦੇਣਗੇ।
ਅੰਮੀ ਸੁਣਕੇ ਹੱਸ ਪਈ: "ਬਚੀਏ! ਤੂੰ ਜਿਹੀ ਕੁ ਬੇਪਰਵਾਹ ਹੁੰਦੀ ਮੈਂ ਉਜਿਹੀ ਵਹਿਮਣ ਹੋ ਗਈ ਹੈਂ।" ਮੈਂ ਰੋ ਪਈ ਤੇ ਫੇਰ ਗਲੱਕੜੀ ਪਾਕੇ