ਇਕ ਦਿਹਾੜੇ ਮੈਂ ਏਸੇ ਤਰ੍ਹਾਂ ਇਸ ਸੁਖ ਵਿਚ ਸਾਂ, ਜਿਸ ਨੂੰ ਮੈਂ ਸਮਝਦੀ ਨਹੀਂ ਸਾਂ ਜੋ ਇਹ ਕੀ ਹੈ ਮੈਨੂੰ ਅੰਮੀ ਦੀ ਗੱਲ ਦੀ ਸੋਚ ਫੁਰ ਪਈ, ਮੇਰੇ ਅੰਦਰ ਚਾਹ ਹੋਈ ਜੇ "ਹੇ ਪਿਆਰੇ ਦੇ ਪਿਆਰੇ! ਜਿਸ ਦੀ ਯਾਦ ਵਿਚ ਮੈਂ ਸੁਖੀ ਹਾਂ, ਮੇਰੀ ਮਾਂ ਨੂੰ ਮੇਰਾ ਇਕ ਵੀਰ ਭੇਜ ਦਿਓ ਜੋ ਉਹ ਬੀ ਸੁਖੀ ਹੋ ਜਾਵੇ। ਤੂੰ ਜੋ ਬ੍ਰਿਛ ਬੂਟਿਆਂ ਵਿਚ ਜਿੰਦ ਪਾਕੇ ਮੈਨੂੰ ਦਿਖਾਲਦਾ ਹੈਂ ਕਿ ਉਹ ਸਾਰੇ ਤੈਨੂੰ ਚੇਤੇ ਪਏ ਕਰਦੇ ਹਨ, ਕਿਸੇ ਚੰਗੇ ਜਿਹੇ ਨੂੰ ਸਾਡੇ ਘਰ ਭੇਜ ਦੇਵੇਂ ਤਾ ਤੇਰੇ ਅੱਗੇ ਕੀ ਗਲ ਹੋਣੀ ਹੈ?" ਮੈਨੂੰ ਪਤਾ ਨਹੀਂ ਪਰ ਮੇਰੇ ਅੰਦਰ ਪੱਕ ਨਿਸਚਾ ਸੀ ਕਿ ਮੇਰੀ ਗੱਲ 'ਪਿਆਰੇ ਦੇ ਪਿਆਰ' ਨੇ ਸੁਣ ਲਈ ਹੈ ਤੇ 'ਅੱਛਾ' ਆਖ ਦਿੱਤਾ ਹੈ। ਅੱਜ ਮੈਂ ਭੱਜੀ ਭੱਜੀ ਘਰ ਆਈ। ਬਾਪੂ ਜੀ ਡਿਉਢੀ ਵਿਚ ਖੜੇ ਸਨ, ਮੈਂ ਗਲਵੱਕੜੀ ਪਾ ਲਈ ਤੇ ਕੰਨ ਨਾਲ ਮੂੰਹ ਲਾਕੇ ਆਖਿਆ: "ਬਾਪੂ ਜੀਓ, ਜੀਓ ਜੀ! ਵੀਰ ਜੀ ਆਉਂਦੇ ਪਏ ਹਨ।" ਪਿਤਾ ਜੀ ਨੇ ਹਯਾਨ ਹੋਕੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗੇ: 'ਕਿਹੜੇ ਲਾਲੀ! ਵੀਰ ਜੀ?" ਮੈਂ ਆਖਿਆ: "ਜਿਹੜੇ ਆਕੇ ਤੁਹਾਡੀ ਗੋਦੀ ਮੇਰੇ ਵਾਂਝ ਖੇਡਣਗੇ ਤੇ ਤੁਹਾਨੂੰ ਸੁਖੀ ਕਰਨਗੇ।" ਇਹ ਸੁਣਕੇ ਉਹ ਸਮਝ ਗਏ ਕਿ ਮੈਂ ਕੋਈ ਵਹਿਮ ਦੀ ਗੱਲ ਪਈ ਕਰਦੀ ਹਾਂ, ਪਰ ਮੇਰੇ ਵਹਿਮ ਤੇ ਹੀ ਮੈਨੂੰ ਲਾਡ ਕਰਦੇ ਅੰਦਰ ਲੈ ਆਏ। ਮੈਂ ਭੱਜਕੇ ਮਾਂ ਨੂੰ ਬੀ ਗਲਵੱਕੜੀ ਪਾਈ ਤੇ ਆਖਿਆ: "ਅੰਮੀਏ! ਰਾਜ਼ੀ ਹੋ, ਵੀਰ ਜੀ ਪਏ ਆਉਂਦੇ ਹਨ।" ਉਹ ਭੀ