ਇਕ ਦਿਨ ਅੰਮੀਂ ਬੋਲੀ: 'ਕਾਕੀ! ਜੇ ਤੇਰੇ ਪਿਆਰੇ ਦਾ ਪਿਆਰਾ ਕਦੇ ਸਾਡੇ ਨਿਭਾਗ ਤੱਪੋ ਵਿਚ ਆ ਜਾਵੇ ਤਾਂ ਅਸੀਂ ਬੀ ਜੀਵੇ ਹੋ ਜਾਈਏ। ਤੇਰਾ ਪਿਆਰਾ ਸੱਚੀ ਮੁੱਚੀ ਕੋਈ ਉਲਿਯਾ ਸੀ, ਅਸਾਂ ਉਸ ਦੀ ਓਸ ਵੇਲੇ ਕਦਰ ਨਾ ਜਾਤੀ, ਤੈਨੂੰ ਬੀ ਉਸ ਦੀ ਯਾਦ ਵਲੋਂ ਹੋੜਦੇ ਹੀ ਰਹੇ, ਪਰ ਹੁਣ ਸੁਰਤ ਆਈ ਹੈ ਕਿ ਅਸੀਂ ਭੁੱਲਦੇ ਰਹੇ ਹਾਂ। ਹੁਣ ਜੀ ਇਹੋ ਤੜਫ਼ਦਾ ਹੈ ਕਿ ਉਸ ਤੇਰੇ ਪਿਆਰੇ ਦੇ ਪਿਆਰੇ ਦੇ ਦਰਸ਼ਨ ਹੋਣ ਤਾਂ ਚਰਨਾਂ ਤੇ ਢਹਿ ਦੁੱਲਾਂ ਬਖਸ਼ਾਈਏ।" ਐਉਂ ਮੇਰੇ ਮਾਪੇ ਥੀ ਮੇਰੀ ਲੱਗ ਰਹੀ ਧੁਨ ਦੇ ਉਲਟ ਹੋਣ ਦੀ ਥਾਂ ਸਗੋਂ ਪੱਖੀ ਹੋ ਗਏ। ਹੁਣ ਸਾਡੇ ਘਰ ਵਿਚ ਸਾਰਿਆਂ ਨੂੰ ਦਰਸ਼ਨਾਂ ਦੀ ਖਿੱਚ ਪੈਣ ਲੱਗ ਪਈ। ਇਕ ਦਿਨ ਮੈਂ ਮਾਂ ਨੂੰ ਇਹ ਗੱਲ ਬੀ ਦੱਸ ਦਿੱਤੀ ਕਿ 'ਪਿਆਰਾ ਜੋ ਪਰਦੇਸ ਹੋਵੇ ਤਦ ਪਿਆਰ ਕਰਨ ਵਾਲਾ ਕਦੇ ਉਸ ਨੂੰ ਭੁੱਲ ਨਹੀਂ ਸਕਦਾ ਤੇ ਏਸ ਯਾਦ ਰੱਖਣ ਵਿਚ ਪਿਆਰ ਦਾ ਡਾਢਾ ਸੁਆਦ ਹੁੰਦਾ ਹੈ ਤੇ ਜੇ ਤੁਸੀਂ ਬੀ ਉਸ ਨੂੰ ਆਪਣਾ ਪਿਆਰਾ ਮਿਥ ਲਓ ਤੇ ਫੇਰ ਉਸ ਨੂੰ ਯਾਦ ਕਰਿਆ ਕਰੋ ਤਾਂ ਤੁਹਾਨੂੰ ਬੀ ਬੜਾ ਸੁਆਦ ਆਇਆ ਕਰੋ।" ਗੱਲ ਕੀ ਇਉਂ ਸੁਣਕੇ ਤੇ ਦਿਲ ਵਿਚ ਪੁੜ ਗਈ ਗੱਲ ਨਾਲ ਬਾਪੂ ਜੀ ਤੇ ਮਾਂ ਜੀ ਬੀ ਉਸ 'ਪਿਆਰੇ ਦੇ ਪਿਆਰੇ' ਦੀ ਯਾਦ ਵਿਚ ਲੱਗਣ ਲੱਗ ਪਏ।