Back ArrowLogo
Info
Profile

ਇਸ ਵਿਚ ਮੇਰੀ ਤਾਂਘ ਤਿੱਖੀ ਹੋ ਗਈ ਸੀ। ਮੈਨੂੰ ਹੋਰ ਤਰ੍ਹਾਂ ਦਾ ਸੁਆਦ ਆਉਣ ਲੱਗ ਗਿਆ ਸੀ; ਪਿਆਰੇ ਦੇ ਪਿਆਰੇ ਜੀ ਵਧੀਕ ਕੋਲ ਮਲੂਮ ਹੋਣ, ਵਧੀਕ ਪਿਆਰ ਕਰਦੇ ਮਲੂਮ ਹੋਣ ਤੇ ਆਮੁਹਾਰੀ ਇਕ ਸੁਗੰਧਿ ਸੁਗੰਧਿ ਆਵੇ ਫਿਰ ਇਹੋ ਜੀ ਕਰੇ ਕਿ ਆ ਜਾਣ ਤੇ ਚਰਨਾਂ ਤੇ ਢਹਿ ਪਵਾਂ ਤੋਂ ਉਹ ਆਖਣ"ਕਾਕੀ! ਅਸੀਂ ਆ ਗਏ ਹਾਂ।" ਦੁਪਹਿਰਾਂ ਤੱਕ ਮੈਂ ਬੈਠੀ ਰਹੀ, ਪਰ ਬੰਦ ਨੈਣਾਂ ਵਿਚੋਂ ਬੀ ਅੰਝੂਆਂ ਦੀ ਤਾਰ ਵਗਦੀ ਰਹੀ। ਜਾਂ ਮੈਂ ਰੋਂਦੀ ਘਰ ਨੂੰ ਟੁਰੀ ਤਾਂ ਉਹ ਬਿਰਧ ਮੈਂ ਫੇਰ ਡਿੱਠਾ, ਉਹ ਭਾਲ ਕਰ ਰਿਹਾ ਸੀ, ਜਿਸ ਤਰ੍ਹਾਂ ਕੋਈ ਗੁਆਚੀ ਸ਼ੈ ਲੱਭੀ ਦੀ ਹੈ। ਮੈਂ ਆਖਿਆ "ਹੇ ਬਿਰਧ ਜੀ! ਆਪ ਮੇਰੇ ਨਾਲ ਚੱਲੋ, ਜਲ ਅੰਨ ਛਕੋ ਤੇ ਆਰਾਮ ਕਰੋ ਅਰ ਹੁਕਮ ਕਰੋ  ਤੁਸੀਂ ਕੀ ਟੋਲਦੇ ਹੋ ਅਸੀਂ ਬੀ ਸਹੈਤਾ ਕਰੀਏ?" ਪਰ ਇਸ ਦੇ ਨੇਤਰਾਂ ਵਿਚੋਂ ਬੀ ਅੰਝੂ ਕਿਰ ਰਹੇ ਸਨ ਤੇ ਆਪ ਕਹਿ ਰਹੇ ਸਨ: "ਬੇਬੇ ਕਦੇ ਨਹੀਂ ਭੁੱਲੀ, ਸ਼ੋਸ਼ੋ ਕਦੇ ਨਹੀਂ ਭੁੱਲੀ।" ਮੇਰੀ ਗੱਲ ਉਹਨਾਂ ਨੇ ਨਾ ਸੁਣੀ ਅਰ ਆਪਣੀ ਧੁਨ ਵਿਚ ਰਹੇ। ਜਾਂ ਮੈਂ ਘਰ ਆਈ ਤਾਂ ਅੱਗੇ ਮਾਂ ਰੋ ਰਹੀ ਸੀ। ਮੈਂ ਆਕੇ ਪੁਛਿਆ: 'ਅੰਮੀਂ? ਕਿਉਂ ਰੋਂਦੀ ਹੈਂ?' ਕਹਿਣ ਲੱਗੀ 'ਕਾਕੀ! ਮੈਂ ਬੀ ਵਹਿਮਣ ਹੋ ਗਈ ਹਾਂ ਮੇਰਾ ਅੱਜ ਕਲੇਜਾ ਤੜਫ਼ ਰਿਹਾ ਹੈ ਕਿ ਤੇਰ 'ਪਿਆਰੇ ਦੇ ਪਿਆਰੇ ਦੇ ਦਰਸ਼ਨ ਕਦੋਂ ਹੋਣਗੇ ਅਰ ਮੈਨੂੰ ਉਦਾਸ ਦੇਖਕੇ ਤੇਰੇ ਬਾਪੂ ਜੀ ਬੀ ਅੱਜ ਪਹਿਲਾ ਦਿਨ ਹੈ ਕਿ ਏਸੇ ਤਾਂਘ ਵਿਚ ਘਰੇਂ ਰੇ ਕੇ ਗਏ ਹਨ। ਦੇਖ! ਤੇਰੇ ਵੀਰ ਜੀ ਦੀਆਂ ਅੱਖਾਂ ਬੀ ਅੱਜ ਕਿਸ ਤਰ੍ਹਾਂ ਤੁਕ ਤੁਕ ਤੱਕਦੀਆਂ ਹਨ। ਵੀਰ ਨੇ ਮੈਨੂੰ ਦੇਖਕੇ ਬਾਹਾਂ ਉੱਚੀਆਂ ਕੀਤੀਆ, ਮੈਂ ਚੁੱਕਕੇ ਗਲ ਲਾ ਲਿਆ ਤੇ ਆਖਿਆ: 'ਪਿਆਰੇ ਵੀਰ! ਤੂੰ ਦੱਸ ਖਾਂ ਜਿਨ੍ਹਾਂ ਨੇ ਤੈਨੂੰ ਘੱਲਿਆ ਹੈ, ਉਹ ਕਦੋਂ ਆਉਣਗੇ?' ਨਿਆਣਾ ਭੋਲਾ ਵੀਰ ਮੇਰੀ ਵੱਲ ਤੱਕ ਕੇ ਉਪਰ ਤੱਕਿਆ, ਕੁਛ ਮੁਸਕਾਇਆ ਤੇ ਫੇਰ ਰੋ ਪਿਆ। ਮੈਂ ਕਿਹਾ: 'ਹੇ ਮੇਰੇ ਮਨ! ਅੱਜ ਕੀਹ ਹੈ? ਮੈਂ ਸਵੇਰ ਦੀ ਰੋ ਰੋ ਕੇ ਜਲਹਾਰ ਹੋ ਗਈ ਹਾਂ, ਖੁਸ਼ ਰਹਿਣੀ ਮਾਂ ਰੋ ਰਹੀ ਹੈ ਅਤੇ ਪਿਤਾ ਜੀ ਦੇ ਉਮਰਾ ਵਿਚ ਪਹਿਲੇ ਦਿਨ ਨੈਣ ਕਿਰੇ ਹਨ, ਇਹ ਮਸੂਮ ਬੱਚਾ ਬੀ ਰੇਂਦਾ ਹੈ। ਆਮੁਹਾਰੇ ਮੇਰਾ ਕਲੇਜਾ ਚੀਰਕੇ ਇਕ ਸੁਰ ਨਿਕਲੀ, ਮੈਂ ਰੋਈ ਅਰ ਇਸ ਦਰਦ ਨਾਲ ਗਾਂਵੀਂ ਕਿ ਮਹਿਲ ਦੇ ਸਾਰੇ ਵਾਸੀ ਰੋ ਪਏ:-

ਨੈਣਾਂ ਛਹਿਬਰ ਲਾਈ ਪਚੇ। ਤਾਂਘ ਕਰਦੇ ਹਾਰੇ।

ਸਿੱਕਾ ਸਿਕਦਿਆਂ ਆਹ ਦਿਨ ਆਏ, ਹੁਣ ਤਾਂ ਮੋੜ ਮੁਹਾੜੇ।

43 / 60
Previous
Next